ਕੋਰੋਨਾ ਵਾਇਰਸ ’ਤੇ ਟਰੰਪ ਨੇ ਕਿਹਾ, ‘ਅਮਰੀਕਾ ’ਤੇ ਹੋਇਆ ਹਮਲਾ, ਇਹ ਕੋਈ ਫ਼ਲੂ ਨਹੀਂ ਸੀ’
ਕੋਵਿਡ 19 ਕਾਰਨ ਅਮਰੀਕਾ ਵਿਚ ਆਏ ਮਹਾ ਸੰਕਟ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁਧਵਾਰ ਨੂੰ ਆਖਿਆ
ਵਾਸ਼ਿੰਗਟਨ, 23 ਅਪ੍ਰੈਲ : ਕੋਵਿਡ 19 ਕਾਰਨ ਅਮਰੀਕਾ ਵਿਚ ਆਏ ਮਹਾ ਸੰਕਟ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁਧਵਾਰ ਨੂੰ ਆਖਿਆ ਕਿ ਉਨ੍ਹਾਂ ਦੇ ਦੇਸ਼ ’ਤੇ ਹਮਲਾ ਹੋਇਆ ਸੀ। ਡੋਨਾਲਡ ਟਰੰਪ ਦਾ ਇਹ ਬਿਆਨ ਅਜਿਹੇ ਵੇਲੇ ਆਇਆ ਹੈ ਜਦ ਅਮਰੀਕਾ ਵਿਚ ਕੋਵਿਡ-19 ਨਾਲ 48,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਕਰੀਬ 8.5 ਲੱਖ ਲੋਕ ਵਾਇਰਸ ਤੋਂ ਪ੍ਰਭਾਵਤ ਪਾਏ ਗਏ ਹਨ।
ਡੋਨਾਲਡ ਟਰੰਪ ਨੇ ਬੁਧਵਾਰ ਨੂੰ ਵ੍ਹਾਈਟ ਹਾਊਸ ਵਿਚ ਰੋਜ਼ਾਨਾ ਹੋਣ ਵਾਲੇ ਅਪਣੇ ਪੱਤਰਕਾਰ ਸੰਮੇਲਨ ਵਿਚ ਆਖਿਆ ਕਿ ਸਾਡੇ ’ਤੇ ਹਮਲਾ ਹੋਇਆ। ਇਹ ਹਮਲਾ ਸੀ। ਇਹ ਕੋਈ ਫਲੂ ਨਹੀਂ ਸੀ। ਕਦੇ ਕਿਸੇ ਨੇ ਅਜਿਹਾ ਕੁਝ ਨਹੀਂ ਦੇਖਿਆ, 1917 ਵਿਚ ਅਜਿਹਾ ਆਖਰੀ ਵਾਰ ਹੋਇਆ ਸੀ। ਉਹ ਕਈ ਹਜ਼ਾਰ ਅਰਬ ਡਾਲਰ ਦੇ ਪੈਕੇਜਾਂ ਦੇ ਬਾਰੇ ਵਿਚ ਇਕ ਸਵਾਲ ਦਾ ਜਵਾਬ ਦੇ ਰਹੇ ਸਨ। (ਪੀਟੀਆਈ)
ਦੇਸ਼ ਵਿਚ ਨਵੇਂ ਮਾਮਲਿਆਂ ਵਿਚ ਲਗਾਤਾਰ ਗਿਰਾਵਟ
ਟਰੰਪ ਨੇ ਆਖਿਆ ਕਿ ਦੇਸ਼ ਵਿਚ ਨਵੇਂ ਮਾਮਲਿਆਂ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ। ਉਨ੍ਹਾਂ ਆਖਿਆ ਕਿ ਹਾਲ ਹੀ ਵਿਚ ਸਭ ਤੋਂ ਪ੍ਰਭਾਵਿਤ ਇਲਾਕੇ ਬਣ ਕੇ ਉਭਰੇ ਹੁਣ ਪਹਿਲਾਂ ਨਾਲੋਂ ਸਥਿਰ ਹਨ। ਉਹ ਸਹੀ ਦਿਸ਼ਾ ਵਿਚ ਅੱਗੇ ਵਧ ਰਹੇ ਹਨ। ਬਾਸਟਨ ਇਲਾਕੇ ਵਿਚ ਮਾਮਲਿਆਂ ਵਿਚ ਗਿਰਾਵਟ ਆਈ ਹੈ। ਸ਼ਿਕਾਗੋ ਵਿਚ ਮਾਮਲੇ ਸਥਿਰ ਬਣੇ ਹਨ।ਇਸ ਤੋਂ ਪਤਾ ਲੱਗਦਾ ਹੈ ਕਿ ਵਾਇਰਸ ਨਾਲ ਨਜਿੱਠਣ ਦੀ ਹਮਲਾਵਰ ਰਣਨੀਤੀ ਰੰਗ ਲਿਆ ਰਹੀ ਹੈ ਅਤੇ ਕਈ ਰਾਜ ਹੋਲੀ-ਹੋਲੀ ਦੁਬਾਰਾ ਖੋਲਣ ਦੀ ਸਥਿਤੀ ਵਿਚ ਹੋਣਗੇ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਏਅਰਲਾਇੰਸ ਬਚਾ ਲਈ ਅਤੇ ਕਈ ਕੰਪਨੀਆਂ ਨੂੰ ਬਚਾ ਲਿਆ।
ਵਿਸ਼ਵ ਦੇ ਇਤਿਹਾਸ ’ਚ ਸਾਡੀ ਅਰਥਵਿਵਸਥਾ ਚੀਨ ਤੋਂ ਬਿਹਤਰ ਤੇ ਸੱਭ ਤੋਂ ਵੱਡੀ ਰਹੀ ਹੈ
ਰਾਸ਼ਟਰਪਤੀ ਟਰੰਪ ਨੇ ਆਖਿਆ ਕਿ ਉਨ੍ਹਾਂ ਦਾ ਪ੍ਰਸ਼ਾਸਨ ਗਲੋਬਲ ਮਹਾਮਾਰੀ ਤੋਂ ਪ੍ਰਭਾਵਤ ਹੋਏ ਲੋਕਾਂ ਅਤੇ ਉਦਯੋਗਾਂ ਦੀ ਮਦਦ ਲਈ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ, ਸਾਡੇ ਕੋਲ ਕੋਈ ਵਿਕਲਪ ਨਹੀਂ ਹੈ। ਕੀ ਹੈ- ਮੈਨੂੰ ਹਮੇਸ਼ਾ ਹਰ ਚੀਜ਼ ਦੀ ਚਿੰਤਾ ਰਹਿੰਦੀ ਹੈ। ਸਾਨੂੰ ਇਸ ਸੱਮਸਿਆ ਤੋਂ ਅੱਗੇ ਨਿਕਲਣਾ ਹੀ ਹੋਵੇਗਾ। ਉਨ੍ਹਾਂ ਆਖਿਆ ਕਿ ਵਿਸ਼ਵ ਦੇ ਇਤਿਹਾਸ ਵਿਚ ਸਾਡੀ ਅਰਥ ਵਿਵਸਥਾ ਸਭ ਤੋਂ ਵੱਡੀ ਰਹੀ ਹੈ। ਚੀਨ ਤੋਂ ਬਿਹਤਰ, ਕਿਸੇ ਹੋਰ ਦੇਸ਼ ਤੋਂ ਵੀ ਬਿਹਤਰ। ਉਨ੍ਹਾਂ ਅੱਗੇ ਆਖਿਆ ਕਿ ਅਸੀਂ ਪਿਛਲੇ 3 ਸਾਲ ਵਿਚ ਇਸ ਨੂੰ ਖੜ੍ਹਾ ਕੀਤਾ ਅਤੇ ਫਿਰ ਅਚਾਨਕ ਇਕ ਦਿਨ ਉਨ੍ਹਾਂ ਆਖਿਆ ਕਿ ਤੁਹਾਨੂੰ ਇਸ ਨੂੰ ਬੰਦ ਕਰਨਾ ਹੋਵੇਗਾ। ਹੁਣ, ਅਸੀਂ ਇਸ ਨੂੰ ਦੁਬਾਰਾ ਖੋਲ ਰਹੇ ਹਾਂ ਅਤੇ ਅਸੀਂ ਬੇਹੱਦ ਮਜ਼ਬੂਤ ਹੋਵਾਂਗੇ ਪਰ ਦੁਬਾਰਾ ਖੋਲਣ ਲਈ ਤੁਹਾਨੂੰ ਉਸ ’ਤੇ ਕੁਝ ਪੈਸੇ ਲਾਉਣੇ ਹੋਣਗੇ।