ਭਾਰਤੀ ਕੋਰੋਨਾ ਰੂਪ ਤੋਂ ਡਰਿਆ ਬ੍ਰਿਟੇਨ, ਭਾਰਤੀ ਯਾਤਰੀਆਂ ਲਈ ‘ਲਾਲ ਸੂਚੀ’ ਯਾਤਰਾ ਪਾਬੰਦੀ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬ੍ਰਿਟੇਨ ਵਿਚ ਵਾਇਰਸ ਦੇ ਇਸ ਰੂਪ ਨੂੰ ‘ਵੈਰੀਐਂਟ ਅੰਡਰ ਇੰਵੈਸਟੀਗੇਸ਼ਨ’ (ਵੀ.ਯੂ.ਈ.) ਸ਼੍ਰੇਣੀ ਵਿਚ ਗਿਆ ਰਖਿਆ

corona case

ਲੰਡਨ : ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਭਾਰਤੀ ਰੂਪ ਨਾਲ ਜੁੜੇ 55 ਹੋਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਸ਼ੁਕਰਵਾਰ ਤੋਂ ‘ਲਾਲ ਸੂਚੀ’ ਕੋਰੋਨਾ ਯਾਤਰਾ ਪਾਬੰਦੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਪਾਬੰਦੀਆਂ ਤਹਿਤ ਭਾਰਤ ਤੋਂ ਲੋਕਾਂ ਦੇ ਬ੍ਰਿਟੇਨ ਆਉਣ ’ਤੇ ਪਾਬੰਦੀ ਹੈ ਅਤੇ ਨਵੀਂ ਦਿੱਲੀ ਤੋਂ ਅਪਣੇ ਦੇਸ਼ ਪਰਤ ਰਹੇ ਬ੍ਰਿਟਿਸ਼ ਅਤੇ ਆਇਰਿਸ਼ ਨਾਗਰਿਕਾਂ ਲਈ ਹੋਟਲ ਵਿਚ 10 ਦਿਨਾਂ ਤਕ ਇਕਾਂਤਵਾਸ ਵਿਚ ਰਹਿਣਾ ਜ਼ਰੂਰੀ ਹੈ। 

 ਪਾਬੰਦੀਆਂ ਉਦੋਂ ਸ਼ੁਰੂ ਹੋਈਆਂ ਜਦੋਂ ਬਿ੍ਰਟੇਨ ਦੇ ਸਿਹਤ ਵਿਭਾਗ ਦੀ ਇਕਾਈ ‘ਪਬਲਿਕ ਹੈਲਥ ਇੰਗਲੈਂਡ’ ਨੇ ਦੇਸ਼ ਵਿਚ ਵਾਇਰਸ ਦੇ ਕਥਿਤ ਦੋਹਰੇ ਤੇਜ ਵਾਲੇ ਭਾਰਤੀ ਰੂਪ ‘ਬੀ.1.617’ ਨਾਲ ਜੁੜੇ 55 ਹੋਰ ਮਾਮਲੇ ਪਾਏ ਜਾਣ ਦੀ ਪੁਸ਼ਟੀ ਕੀਤੀ। ਇਸ ਦੇ ਨਾਲ ਹੀ ਵਾਇਰਸ ਦੇ ਇਸ ਰੂਪ ਨਾਲ ਜੁੜੇ ਮਾਮਲਿਆਂ ਦੀ ਕੁੱਲ ਗਿਣਤੀ ਬ੍ਰਿਟੇਨ ਵਿਚ 132 ਹੋ ਗਈ ਹੈ।

 ਬ੍ਰਿਟੇਨ ਵਿਚ ਵਾਇਰਸ ਦੇ ਇਸ ਰੂਪ ਨੂੰ ‘ਵੈਰੀਐਂਟ ਅੰਡਰ ਇੰਵੈਸਟੀਗੇਸ਼ਨ’ (ਵੀ.ਯੂ.ਈ.) ਸ਼੍ਰੇਣੀ ਵਿਚ ਰਖਿਆ ਗਿਆ ਹੈ। ‘ਲਾਲ ਸੂਚੀ’ ਪਾਬੰਦੀਆਂ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਬ੍ਰਿਟੇਨ ਲਈ ਭਾਰਤ ਤੋਂ ਆਖ਼ਰੀ ਉਡਾਣ ਵੀਰਵਾਰ ਦੀ ਸ਼ਾਮ ਲੰਡਨ ਸਥਿਤ ਹੀਥਰੋ ਹਵਾਈ ਅੱਡੇ ’ਤੇ ਉਤਰੀ ਜੋ ਨਵੀਂ ਦਿੱਲੀ ਤੋਂ ਗਈ ਸੀ। ਬਿ੍ਰਟੇਨ ਨੇ ‘ਲਾਲ ਸੂਚੀ’ ਸ਼੍ਰੇਣੀ ਦੀਆਂ ਯਾਤਰਾ ਪਾਬੰਦੀਆਂ ਵਿਚ 40 ਦੇਸ਼ਾਂ ਨੂੰ ਸ਼ਾਮਲ ਕੀਤਾ ਹੈ, ਜਿਨ੍ਹਾਂ ਨੂੰ ਕੋਰੋਨਾ ਦੇ ਨਵੇਂ ਰੂਪ ਦੇ ਪ੍ਰਸਾਰ ਦੇ ਲਿਹਾਜ਼ ਨਾਲ ਜ਼ਿਆਦਾ ਜੋਖਮ ਵਾਲਾ ਮੰਨਿਆ ਜਾ ਰਿਹਾ ਹੈ।