ਟਰੰਪ ਪ੍ਰਸ਼ਾਸਨ ਨੇ 'ਮਨੁੱਖਤਾ ਵਿਰੁਧ ਅਪਰਾਧ' ਕੀਤਾ : ਕਮਲਾ ਹੈਰਿਸ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ 'ਚ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਭਾਰਤੀ ਮੂਲ ਦੀ ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਕੈਲੇਫ਼ੋਰਨੀਆ 'ਚ ਸੰਘੀ ਹਿਰਾਸਤ ਕੇਂਦਰ...

Kamla Harris

ਵਾਸ਼ਿੰਗਟਨ, ਅਮਰੀਕਾ 'ਚ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਭਾਰਤੀ ਮੂਲ ਦੀ ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਕੈਲੇਫ਼ੋਰਨੀਆ 'ਚ ਸੰਘੀ ਹਿਰਾਸਤ ਕੇਂਦਰ ਦਾ ਦੌਰਾ ਕਰ ਕੇ ਬੱਚਿਆਂ ਤੋਂ ਵਿਛੜੀਆਂ ਮਾਵਾਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ 'ਮਨੁੱਖਤਾ ਵਿਰੁਧ ਅਪਰਾਧ' ਕੀਤਾ ਹੈ।ਕੈਲੇਫ਼ੋਰੀਨੀਆ ਸਥਿਤ ਸੈਨ ਡੀਏਗੋ ਦੇ ਨੇੜੇ 'ਓਟੇ ਮੇਸਾ ਸੰਘੀ ਹਿਰਾਸਤ ਕੇਂਦਰ' ਦਾ ਦੌਰਾ ਕਰ ਕੇ ਕਮਲਾ ਨੇ ਹਿਰਾਸਤ ਵਿਚ ਲਏ ਲੋਕਾਂ ਨੂੰ 'ਕੈਦੀਆਂ ਵਾਂਗ ਰੱਖਣ' ਨੂੰ ਲੈ ਕੇ ਚਿੰਤਾ ਜਤਾਈ ਅਤੇ ਵਿਛੜੇ ਪਰਵਾਰਾਂ ਨੂੰ ਤੁਰਤ ਮਿਲਾਉਣ ਦੀ ਅਪੀਲੀ ਕੀਤੀ।

ਉਨ੍ਹਾਂ ਕਿਹਾ, ''ਮੈਂ ਉਨ੍ਹਾਂ ਮਾਂਵਾਂ ਨਾਲ ਅੱਜ ਗੱਲ ਕੀਤੀ ਜਿਨ੍ਹਾਂ ਦੇ ਬੱਚੇ ਉਨ੍ਹਾਂ ਤੋਂ ਵੱਖ ਕਰ ਦਿਤੇ ਗਏ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਇਕੱਲੀਆਂ ਹਨ। ਸਾਨੂੰ ਉਨ੍ਹਾਂ ਨੂੰ ਅਤੇ ਸਾਰਿਆਂ ਨੂੰ ਯਾਦ ਦਿਵਾਉਣ ਦੀ ਜ਼ਰੂਰਤ ਹੈ ਕਿ ਉਹ ਇਕੱਲੀਆਂ ਨਹੀਂ ਹਨ, ਅਸੀਂ ਸਾਰੇ ਉਨ੍ਹਾਂ ਨਾਲ ਹਾਂ।''

ਹਿਰਾਸਤ ਕੇਂਦਰ ਦੇ ਬਾਹਰ ਉਨ੍ਹਾਂ ਨੇ ਹਜ਼ਾਰਾਂ ਲੋਕਾਂ ਨੂੰ ਕਿਹਾ, ''ਇਹ ਅਪਮਾਨਜਨਕ ਹੈ। ਇਹ ਸਪਸ਼ਟ ਤੌਰ 'ਤੇ ਅਮਰੀਕੀ ਸਰਕਾਰ ਵਲੋਂ ਮਨੁੱਖਤਾ ਵਿਰੁਧ ਕੀਤਾ ਗਿਆ ਅਪਰਾਧ ਹੈ ਅਤੇ ਸਾਨੂੰ ਇਸ ਨੂੰ ਖ਼ਤਮ ਕਰਨਾ ਹੋਵੇਗਾ।'' ਡੈਮੋਕ੍ਰੇਟਿਕ ਸੈਨੇਟਰ ਨੇ ਕਿਹਾ ਕਿ ਬੱਚਿਆਂ ਨੂੰ ਮਾਪਿਆਂ ਤੋਂ ਵੱਖ ਕਰਨਾ ਅਸਵੀਕਾਰ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਨ੍ਹਾਂ ਔਰਤਾਂ ਨਾਲ ਅਮਰੀਕੀ ਸਰਕਾਰ ਇਸ ਤਰ੍ਹਾਂ ਦਾ ਵਤੀਰਾ ਕਰ ਰਹੀ ਹੈ, ਜਿਵੇਂ ਇਨ੍ਹਾਂ ਤੋਂ ਉਹੀ ਖ਼ਤਰਾ ਹੈ, ਜੋ ਕਿਸੇ ਅੰਤਰਰਾਸ਼ਟਰੀ ਗਰੋਹ ਤੋਂ ਹੁੰਦਾ ਹੈ। (ਪੀਟੀਆਈ)