ਟਰੰਪ ਨੇ ਐਚ1-ਬੀ ਵੀਜ਼ਾ 'ਤੇ ਲਗਾਈ ਰੋਕ ਭਾਰਤੀ ਆਈ. ਟੀ. ਪੇਸ਼ੇਵਰ ਹੋਣਗੇ ਪ੍ਰਭਾਵਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਹਾ, ਅਮਰੀਕੀ ਕਾਮਿਆਂ ਵਾਸਤੇ ਨੌਕਰੀਆਂ ਸੁਰੱਖਿਅਤ ਰਖਣ ਲਈ ਇਹ ਜ਼ਰੂਰੀ

Donald Trump

ਵਾਸ਼ਿੰਗਟਨ, 23 ਜੂਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐੱਚ 1-ਬੀ ਵੀਜ਼ਾ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਭਾਰਤ ਸਣੇ ਦੁਨੀਆਂ ਦੇ ਆਈ. ਟੀ. ਪੇਸ਼ੇਵਰਾਂ ਨੂੰ ਵੱਡਾ ਝਟਕਾ ਲੱਗਾ ਹੈ। ਇਸ ਨਾਲ ਹੀ ਟਰੰਪ ਪ੍ਰਸ਼ਾਸਨ ਨੇ ਹੋਰ ਵਿਦੇਸ਼ੀ ਕਾਰਜ ਵੀਜ਼ਾ ਜਾਰੀ ਕਰਨ 'ਤੇ ਇਸ ਸਾਲ ਤੇ ਆਖ਼ਰ ਤਕ ਰੋਕ ਲਗਾ ਦਿਤੀ ਹੈ। ਇਹ ਰੋਕ ਚੋਣ ਦੇ ਇਸ ਮਹੱਤਵਪੂਰਣ ਸਾਲ 'ਚ ਅਮਰੀਕੀ ਕਾਮਿਆਂ ਲਈ ਨੌਕਰੀਆਂ ਸੁਰੱਖਿਅਤ ਰਖਣ ਦੇ ਮਕਸਦ ਨਾਲ ਲਗਾਈ ਗਈ ਹੈ। ਰਾਸ਼ਟਰਪਤੀ ਟਰੰਪ ਵਲੋਂ ਸੋਮਵਾਰ ਨੂੰ ਜਾਰੀ ਐਲਾਨ ਮੁਤਾਬਕ ਨਵੀਆਂ ਪਾਬੰਦੀਆਂ 24 ਜੂਨ ਤਕ ਲਾਗੂ ਹੋਣਗੀਆਂ।

ਇਸ ਫ਼ੈਸਲੇ ਨਾਲ ਕਈ ਭਾਰਤੀ ਆਈ.ਟੀ. ਪੇਸ਼ੇਵਰਾਂ ਅਤੇ ਕਈ ਅਮਰੀਕੀ ਤੇ ਭਾਰਤੀ ਕੰਪਨੀਆਂ 'ਤੇ ਪ੍ਰਭਾਵ ਪੈ ਸਕਦਾ ਹੈ ਜਿਨ੍ਹਾਂ ਨੂੰ ਅਮਰੀਕੀ ਸਰਕਾਰ ਨੇ ਇਕ ਅਕਤੂਬਰ ਤੋਂ ਸ਼ੁਰੂ ਹੋ ਰਹੇ ਵਿੱਤੀ ਵਰ੍ਹੇ 2021 ਲਈ ਐਚ1-ਬੀ ਵੀਜ਼ਾ ਜਾਰੀ ਕਰ ਦਿਤੇ ਸਨ। ਇਨ੍ਹਾਂ ਸਾਰੀਆਂ ਨੂੰ ਸਟੈਂਪਿੰਗ ਲਈ ਅਮਰੀਕੀ ਕੂਟਨੀਤਕ ਮਿਸ਼ਨਾਂ ਦਾ ਰੁਖ਼ ਕਰਨ ਤੋਂ ਪਹਿਲਾਂ ਹੁਣ ਘੱਟੋਂ ਘੱਟ ਮੌਜੂਦਾ ਸਾਲ ਖ਼ਤਮ ਹੋਣ ਤਕ ਦਾ ਇੰਤਜ਼ਾਰ ਕਰਨਾ ਪਏਗਾ।

ਇਹ ਐਲਾਨ ਵੱਡੀ ਗਿਣਤੀ 'ਚ ਉਨ੍ਹਾਂ ਭਾਰਤੀ ਆਈ.ਟੀ ਪੇਸ਼ੇਵਰਾਂ ਨੂੰ ਵੀ ਪ੍ਰਭਾਵਤ ਕਰਗਾ ਜੋ ਅਪਣੇ ਐਚ 1-ਬੀ ਵੀਜ਼ਾ ਦੇ ਨਵੀਨੀਕਰਨ ਦੀ ਉਡੀਕ 'ਚ ਸਨ। ਐਚ1-ਬੀ ਵੀਜ਼ਾ ਗ਼ੈਰ ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਾਮਿਆਂ ਦੀ ਨਿਯੁਕਤੀ ਕਰਨ ਨੂੰ ਇਜਾਜ਼ਤ ਦਿੰਦਾ ਹੈ।      (ਪੀਟੀਆਈ)

ਅਮਰੀਕਾ ਦੀ ਬੇਰੁਜ਼ਗਾਰੀ ਦਰ ਘਟਾਉਣ ਲਈ ਲਿਆ ਫ਼ੈਸਲਾ
ਤਿੰਨ ਨਵੰਬਰ ਨੂੰ ਹੋਣ ਜਾ ਰਹੀ ਰਾਸ਼ਟਰਪਤੀ ਚੋਣਾਂ 'ਚ ਵ੍ਹਾਈਟ ਹਾਊਸ ਲਈ ਫਿਰ ਤੋਂ ਚੁਣੇ ਜਾਣ ਦੀ ਆਸ ਲਗਾਈ ਬੈਠੇ ਟਰੰਪ ਨੇ ਕਿਹਾ ਕਿ ਇਹ ਕਦਮ ਉਨ੍ਹਾਂ ਲੱਖਾਂ ਅਮਰੀਕੀਆਂ ਦੀ ਮਦਦ ਲਈ ਜ਼ਰੂਰੀ ਹੈ ਜਿਨ੍ਹਾਂ ਨੇ ਕੋਵਿਡ 19 ਮਹਾਂਮਾਰੀ ਦੌਰਾਨ ਮੌਜੂਦਾ ਆਰਥਕ ਸੰਕਟ ਦੇ ਕਾਰਨ ਨੌਕਰੀਆਂ ਗੁਆ ਲਈਆਂ ਹਨ। ਫ਼ੈਸਲਾ ਜਾਰੀ ਕਰਦੇ ਹੋਏ ਟਰੰਪ ਨੇ ਵੱਖ-ਵੱਖ ਸੰਗਠਨਾਂ, ਸਾਂਸਦਾਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਵਲੋਂ ਹੁਕਮ ਦੇ ਵਿਰੁਧ ਵੱਧ ਰਹੇ ਵਿਰੋਧ ਨੂੰ ਨਜ਼ਰ-ਅੰਦਾਜ਼ ਕੀਤਾ ਹੈ। ਇਸ ਫ਼ੈਸਲੇ 'ਚ ਟਰੰਪ ਨੇ ਕਿਹਾ ਕਿ ਇਸ ਸਾਲ ਫ਼ਰਵਰੀ ਤੋਂ ਲੈ ਕੇ ਮਈ ਤਕ ਅਮਰੀਕਾ 'ਚ ਕੁਲ ਬੇਰੁਜ਼ਗਾਰੀ ਦਰ ਲਗਭਗ ਚਾਰ ਗੁਣਾ ਵੱਧ ਗਈ ਹੈ ਜੋ ਕਿ ਬਹੁਤ ਖ਼ਰਾਬ ਬੇਰੁਜ਼ਗਾਰੀ ਦਰਾਂ ਵਿਚੋਂ ਇਕ ਹੈ।

ਅਮਰੀਕਾ ਦੀ ਸਫ਼ਲਤਾ 'ਚ ਪ੍ਰਵਾਸੀਆਂ ਦਾ ਬਹੁਤ ਵੱਡਾ ਯੋਗਦਾਨ : ਪਿਚਾਈ
ਗੂਗਲ ਦੇ ਸੀ.ਈ.ਓ ਸੁੰਦਰ ਪਿਚਾਈ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫ਼ੈਸਲੇ 'ਤੇ ਨਰਾਜ਼ਗੀ ਪ੍ਰਗਟਾਈ ਹੈ। ਸੁੰਦਰ ਪਿਚਾਈ ਨੇ ਟਵੀਟ ਕੀਤਾ, ''ਪ੍ਰਵਾਸੀਆਂ ਨੇ ਅਮਰੀਕਾ ਦੀ ਆਰਥਕ ਸਫ਼ਲਤਾ 'ਚ ਬਹੁਤ ਯੋਗਦਾਨ ਦਿਤਾ ਹੈ ਅਤੇ ਤਕਨੀਕੀ ਖੇਤਰ 'ਚ ਉਸ ਨੂੰ ਗਲੋਬਲ ਆਗੂ ਬਣਾਇਆ ਹੈ, ਨਾਲ ਹੀ ਗੂਗਲ ਨੂੰ ਅਜਿਹੀ ਕੰਪਨੀ ਬਣਾਇਆ ਹੈ ਜੋ ਉਹ ਅੱਜ ਹੈ।'' ਪਿਚਾਈ ਨੇ ਕਿਹਾ,''ਅੱਜ ਦੇ ਫ਼ੈਸਲੇ ਤੋਂ ਮੈਂ ਨਿਰਾਸ਼ ਹਾਂ, ਅਸੀਂ ਪ੍ਰਵਾਸੀਆਂ ਨਾਲ ਹਾਂ ਅਤੇ ਸਾਰਿਆਂ ਲਈ ਮੌਕੇ ਪੈਦਾ ਕਰਨ ਲਈ ਕੰਮ ਕਰਦੇ ਰਹਾਂਗੇ।''