ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ਵਾਸ਼ਿੰਗਟਨ 'ਚ ਗਾਇਆ 'ਜਨ ਗਣ ਮਨ', ਪੀਐੱਮ ਮੋਦੀ ਦੇ ਛੂਏ ਪੈਰ 

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

US Actor Sings India's National Anthem During PM Modi's Address

ਵਾਸ਼ਿੰਗਟਨ - ਮਸ਼ਹੂਰ ਅਫ਼ਰੀਕੀ-ਅਮਰੀਕਨ ਅਭਿਨੇਤਰੀ ਅਤੇ ਗਾਇਕਾ ਮੈਰੀ ਮਿਲਬੇਨ ਨੇ ਵਾਸ਼ਿੰਗਟਨ, ਡੀ.ਸੀ. ਵਿਚ ਰੋਨਾਲਡ ਰੀਗਨ ਬਿਲਡਿੰਗ ਵਿਚ ਭਾਰਤ ਦਾ ਰਾਸ਼ਟਰੀ ਗੀਤ ਗਾਇਆ ਜਿਸ ਨਾਲ ਸਾਰੇ ਭਾਰਤੀ ਉਸ ਦੀ ਤਾਰੀਫ਼ ਕਰ ਰਹੇ ਹਨ, ਉੱਥੇ ਹੀ ਉਸ ਦੇ ਨਾਲ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ। 'ਜਨ ਗਣ ਮਨ' ਗਾਉਣ ਮਗਰੋਂ ਮੈਰੀ ਨੇ ਪੀ.ਐੱਮ. ਮੋਦੀ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਮੈਰੀ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਪੀ.ਐੱਮ. ਮੋਦੀ ਦੀ ਤਾਰੀਫ਼ ਵੀ ਕੀਤੀ। ਉਨ੍ਹਾਂ ਕਿਹਾ, "ਮੈਂ ਇੱਥੇ ਆ ਕੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ। ਪ੍ਰਧਾਨ ਮੰਤਰੀ ਸ਼ਾਨਦਾਰ ਅਤੇ ਦਿਆਲੂ ਵਿਅਕਤੀ ਹਨ। ਇਸ ਹਫ਼ਤੇ ਉਨ੍ਹਾਂ ਦੇ ਸੂਬੇ ਦੇ ਦੌਰੇ ਦਾ ਹਿੱਸਾ ਬਣਨਾ ਮੇਰੇ ਲਈ ਸਨਮਾਨ ਦੀ ਗੱਲ ਸੀ। ਮੈਨੂੰ ਰੋਨਾਲਡ ਰੀਗਨ ਸੈਂਟਰ ਵਿਚ ਵੱਡੀ ਗਿਣਤੀ ਵਿਚ ਮੌਜੂਦ ਭਾਰਤੀ ਪ੍ਰਵਾਸੀਆਂ ਨੂੰ ਰਾਸ਼ਟਰੀ ਗੀਤ ਗਾਉਂਦੇ ਸੁਣਨਾ ਚੰਗਾ ਲੱਗਿਆ। ਤੁਸੀਂ ਉਨ੍ਹਾਂ ਦੀਆਂ ਸਾਰੀਆਂ ਆਵਾਜ਼ਾਂ ਵਿਚ ਜਨੂੰਨ ਸੁਣ ਸਕਦੇ ਹੋ। ਅੱਜ ਰਾਤ ਇੱਥੇ ਆਉਣਾ ਇਕ ਬਹੁਤ ਵੱਡਾ ਸਨਮਾਨ ਹੈ।" ਦੱਸ ਦਈਏ ਕਿ ਹਾਲ ਹੀ ਵਿਚ ਮੈਰੀ ਨੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਚ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਪੀ.ਐੱਮ. ਮੋਦੀ ਨਾਲ ਯੋਗਾ ਕੀਤਾ ਸੀ। 

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਨੀਂ ਦਿਨੀਂ ਅਮਰੀਕਾ ਫੇਰੀ 'ਤੇ ਹਨ। ਇਸ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖ-ਵੱਖ ਸਮਾਗਮਾਂ ਵਿਚ ਸ਼ਿਰਕਤ ਕੀਤੀ ਅਤੇ ਚੋਟੀ ਦੇ ਭਾਰਤੀ ਅਤੇ ਅਮਰੀਕੀ ਸੀਈਓਜ਼ ਨਾਲ ਮੁਲਾਕਾਤ ਕੀਤੀ। ਵ੍ਹਾਈਟ ਹਾਊਸ ਪਹੁੰਚਣ 'ਤੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ ਅਤੇ ਗਾਰਡ ਆਫ਼ ਆਨਰ ਦਿੱਤਾ ਗਿਆ। ਉਨ੍ਹਾਂ ਦੀ ਮੇਜ਼ਬਾਨੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਨਾਲ-ਨਾਲ ਫਸਟ ਲੇਡੀ ਜਿਲ ਬਾਈਡੇਨ ਨੇ ਵ੍ਹਾਈਟ ਹਾਊਸ ਵਿਖੇ ਸਟੇਟ ਡਿਨਰ ਨਾਲ ਕੀਤੀ ਸੀ। ਨਾਲ ਹੀ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੱਲੋਂ ਸਟੇਟ ਲੰਚ ਦੀ ਮੇਜ਼ਬਾਨੀ ਵੀ ਕੀਤੀ ਗਈ। ਉਹ ਹੁਣ ਉਥੋਂ ਮਿਸਰ ਦੀ ਆਪਣੀ ਪਹਿਲੀ ਸਰਕਾਰੀ ਯਾਤਰਾ ਲਈ ਰਵਾਨਾ ਹੋ ਗਏ ਹਨ।