Russia News: ਦਾਗੇਸਤਾਨ-ਮਖਾਚਕਾਲਾ 'ਚ ਅਤਿਵਾਦੀ ਹਮਲਿਆਂ 'ਚ 15 ਪੁਲਿਸ ਮੁਲਾਜ਼ਮਾਂ ਸਮੇਤ ਕਈ ਨਾਗਰਿਕਾਂ ਦੀ ਮੌਤ
ਕਈ ਜ਼ਖਮੀ; ਦੋ ਹਮਲਾਵਰ ਢੇਰ
Russia News: ਰੂਸ ਦੇ ਦੱਖਣੀ ਸੂਬੇ - ਦਾਗੇਸਤਾਨ 'ਚ ਈਸਾਈਆਂ ਅਤੇ ਯਹੂਦੀਆਂ ਦੇ ਧਾਰਮਿਕ ਸਥਾਨਾਂ 'ਤੇ ਆਧੁਨਿਕ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਬਾਰੀ ਕਰਨ ਦੀ ਖ਼ਬਰ ਹੈ। ਖ਼ਬਰ ਏਜੰਸੀ ਪੀਟੀਆਈ ਨੇ ਏਪੀ ਦੇ ਹਵਾਲੇ ਨਾਲ ਦਸਿਆ ਕਿ ਦਾਗੇਸਤਾਨ ਦੇ ਗਵਰਨਰ ਨੇ ਕਿਹਾ ਕਿ ਬੰਦੂਕਧਾਰੀਆਂ ਦੇ ਹਮਲਿਆਂ ਵਿਚ 15 ਤੋਂ ਵੱਧ ਪੁਲਿਸ ਵਾਲੇ ਅਤੇ ਕਈ ਨਾਗਰਿਕ ਮਾਰੇ ਗਏ ਹਨ। ਰੂਸੀ ਸਮਾਚਾਰ ਏਜੰਸੀ ਟਾਸ ਮੁਤਾਬਕ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ 'ਚ ਚਾਰ ਅਤਿਵਾਦੀਆਂ ਨੂੰ ਮਾਰ ਦਿਤਾ ਹੈ। ਹਮਲੇ 'ਚ 20 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ।
ਇਸ ਤੋਂ ਪਹਿਲਾਂ ਦੇਰ ਰਾਤ ਵਿਦੇਸ਼ੀ ਮੀਡੀਆ ਦੀਆਂ ਸ਼ੁਰੂਆਤੀ ਖ਼ਬਰਾਂ 'ਚ ਇਸ ਨੂੰ ਅਤਿਵਾਦੀ ਹਮਲਾ ਦਸਿਆ ਗਿਆ ਸੀ। ਗੋਲੀਬਾਰੀ ਵਿਚ ਚਰਚ ਦੇ ਪਾਦਰੀ ਅਤੇ ਇਕ ਪੁਲਿਸ ਮੁਲਾਜ਼ਮ ਸਮੇਤ ਸੱਤ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਹੁਣ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ। ਦੇਰ ਰਾਤ ਮਿਲੀ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਰੂਸੀ ਸੁਰੱਖਿਆ ਬਲਾਂ ਨੇ ਹਮਲਾਵਰਾਂ ਵਿਰੁਧ ਜਵਾਬੀ ਕਾਰਵਾਈ ਦੌਰਾਨ ਕਈ ਹਮਲਾਵਰਾਂ ਨੂੰ ਮਾਰ ਦਿਤਾ।
ਖ਼ਬਰਾਂ ਮੁਤਾਬਕ ਅਤਿਵਾਦੀ ਹਮਲੇ ਤੋਂ ਬਾਅਦ ਯਹੂਦੀ ਧਰਮ ਅਸਥਾਨ ਦੀ ਇਕ ਮੰਜ਼ਿਲ 'ਤੇ ਖਿੜਕੀਆਂ 'ਚੋਂ ਵੱਡੀਆਂ ਲਾਟਾਂ ਨਿਕਲਦੀਆਂ ਦੇਖੀਆਂ ਗਈਆਂ। ਧੂੰਏਂ ਦਾ ਗੁਬਾਰ ਵੀ ਦੇਖਿਆ ਗਿਆ। ਅਧਿਕਾਰੀਆਂ ਨੇ ਦਸਿਆ ਕਿ ਐਤਵਾਰ ਨੂੰ ਤਿੰਨ ਥਾਵਾਂ 'ਤੇ ਹਮਲੇ ਕੀਤੇ ਗਏ। ਥਾਣਾ ਮੱਖੂਕਾਲਾ ਵਿਚ ਪੁਲਿਸ ਦੇ ਟ੍ਰੈਫਿਕ ਸਟਾਪ ’ਤੇ ਹਮਲੇ ਹੋਣ ਦੀਆਂ ਖ਼ਬਰਾਂ ਹਨ। ਸਥਾਨਕ ਅਧਿਕਾਰੀਆਂ ਨੇ ਦਸਿਆ ਕਿ ਹਮਲਿਆਂ 'ਚ 12 ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਵੀ ਜ਼ਖਮੀ ਹੋਏ ਹਨ।
ਅਧਿਕਾਰੀਆਂ ਮੁਤਾਬਕ ਤਿੰਨੋਂ ਥਾਵਾਂ 'ਤੇ ਹਮਲਿਆਂ ਦੇ ਤਰੀਕੇ ਅਤੇ ਸਮੇਂ ਨੂੰ ਦੇਖ ਕੇ ਲੱਗਦਾ ਹੈ ਕਿ ਹਮਲਾਵਰਾਂ ਨੇ ਸੰਗਠਿਤ ਤਰੀਕੇ ਨਾਲ ਹਮਲੇ ਕੀਤੇ ਹਨ। ਡਰਬੇਂਟ ਸ਼ਹਿਰ 'ਤੇ ਹਮਲੇ ਦੇ ਨਾਲ ਹੀ ਕਰੀਬ 120 ਕਿਲੋਮੀਟਰ ਦੂਰ ਮਖਚਕਲਾ 'ਚ ਪੁਲਿਸ ਟ੍ਰੈਫਿਕ ਚੌਕੀ 'ਤੇ ਵੀ ਗੋਲੀਬਾਰੀ ਹੋਈ ਸੀ। ਇਸ ਹਮਲੇ 'ਚ ਇਕ ਪੁਲਿਸ ਕਰਮਚਾਰੀ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ।
(For more Punjabi news apart from Attack on synagogues, churches in Russia's Dagestan, stay tuned to Rozana Spokesman)