ਕਾਬੁਲ ਦੇ ਗੁਰਦਵਾਰੇ ’ਚ ਪਨਾਹ ਲੈਣ ਵਾਲੇ 260 ਤੋਂ ਵੱਧ ਅਫ਼ਗ਼ਾਨ ਸਿੱਖਾਂ ਨੂੰ ਮਦਦ ਦੀ ਉਡੀਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਗੁਰਦੁਆਰੇ ਵਿਚ 260 ਤੋਂ ਵੱਧ ਅਫ਼ਗਾਨ ਸਿੱਖ ਨਾਗਰਿਕ ਮੌਜੂਦ ਹਨ, ਜਿਨ੍ਹਾਂ ਵਿਚ ਔਰਤਾਂ ਤੇ 50 ਤੋਂ ਵੱਧ ਬੱਚੇ ਵੀ ਸ਼ਾਮਲ ਹਨ

Over 260 Afghan Sikhs in Kabul Gurdwara need help in evacuation

ਵਾਸ਼ਿੰਗਟਨ : ਅਮਰੀਕੀ ਸਿੱਖ ਸੰਸਥਾ ‘ਯੂਨਾਈਟਿਡ ਸਿੱਖਜ਼’ ਨੇ ਦਾਅਵਾ ਕੀਤਾ ਹੈ ਕਿ ਕਾਬੁਲ ਦੇ ਗੁਰਦੁਆਰਾ ‘ਕਰਤੇ ਪਰਵਾਨ’ ਵਿਚ ਪਨਾਹ ਲਈ ਬੈਠੇ 260 ਤੋਂ ਵੱਧ ਅਫ਼ਗ਼ਾਨ ਸਿੱਖਾਂ ਨੂੰ ਅਫ਼ਗ਼ਾਨਿਸਤਾਨ ਤੋਂ ਸੁਰੱਖਿਅਤ ਬਾਹਰ ਨਿਕਲਣ ਲਈ ਮਦਦ ਦੀ ਉਡੀਕ ਹੈ।  ਸੰਸਥਾ ਨੇ ਇਕ ਬਿਆਨ ਵਿਚ ਕਿਹਾ ਕਿ ਕਾਬੁਲ ਦੇ ਇਸ ਗੁਰਦੁਆਰੇ ਵਿਚ 260 ਤੋਂ ਵੱਧ ਅਫ਼ਗਾਨ ਸਿੱਖ ਨਾਗਰਿਕ ਮੌਜੂਦ ਹਨ, ਜਿਨ੍ਹਾਂ ਵਿਚ ਔਰਤਾਂ ਤੇ 50 ਤੋਂ ਵੱਧ ਬੱਚੇ ਵੀ ਸ਼ਾਮਲ ਹਨ। ਇਨ੍ਹਾਂ ਵਿਚ ਤਿੰਨ ਨਵਜੰਮੇ ਵੀ ਹਨ ਤੇ ਇਕ ਬੱਚੇ ਨੇ ਤਾਂ ਸ਼ਨਿੱਚਰਵਾਰ ਨੂੰ ਹੀ ਜਨਮ ਲਿਆ ਹੈ।

ਚੇਤੇ ਰਹੇ ਕਿ ਭਾਰਤ ਤੋਂ ਛੁੱਟ ਕਿਸੇ ਵੀ ਹੋਰ ਮੁਲਕ ਨੇ ਅਜੇ ਤਕ ਅਫ਼ਗ਼ਾਨ ਸਿੱਖਾਂ ਦੀ ਬਾਂਹ ਨਹੀਂ ਫੜੀ। ਯੂਨਾਈਟਿਡ ਸਿੱਖਜ਼ ਨੇ ਕਿਹਾ, ‘‘ਅਸੀਂ ਅਮਰੀਕਾ, ਕੈਨੇਡਾ, ਪਾਕਿਸਤਾਨ, ਆਸਟਰੇਲੀਆ, ਨਿਊਜ਼ੀਲੈਂਡ, ਤਾਜਿਕਿਸਤਾਨ, ਇਰਾਨ ਤੇ ਯੂਕੇ ਸਮੇਤ ਕੁੱਝ ਹੋਰਨਾਂ ਦੇ ਸੰਪਰਕ ਵਿਚ ਹਾਂ। ਇਸੇ ਤਰ੍ਹਾਂ ਕੌਮਾਂਤਰੀ ਏਡ ਏਜੰਸੀਆਂ ਤੇ ਗ਼ੈਰ ਸਰਕਾਰੀ ਜਥੇਬੰਦੀਆਂ (ਐੱਨਜੀਓਜ਼) ਨਾਲ ਵੀ ਰਾਬਤਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਤਾਂ ਕਿ ਅਫ਼ਗ਼ਾਨਿਸਤਾਨ ਵਿਚ ਰਾਹਤ ਕਾਰਜ ਯਕੀਨੀ ਬਣਾਏ ਜਾ ਸਕਣ।

ਅਮਰੀਕੀ ਸੰਸਥਾ ਮੁਤਾਬਕ ਗੁਰਦੁਆਰਾ ਕਰਤੇ ਪਰਵਾਨ ਤੋਂ ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ਤਕ ਦਾ ਫ਼ਾਸਲਾ 10 ਕਿਲੋਮੀਟਰ ਦਾ ਹੈ ਪਰ ਰਸਤੇ ਵਿਚ ਤਾਲਿਬਾਨ ਲੜਾਕਿਆਂ ਵਲੋਂ ਲਾਏ ਨਾਕੇ ਸੱਭ ਤੋਂ ਵੱਡੀ ਚੁਣੌਤੀ ਹਨ। ਗੁਰਦੁਆਰੇ ’ਚ ਪਨਾਹ ਲਈ ਬੈਠੇ ਜਲਾਲਾਬਾਦ ਨਾਲ ਸਬੰਧਤ ਸੁਰਬੀਰ ਸਿੰਘ ਨੇ ਕਿਹਾ, ‘‘ਅਸੀਂ ਹਵਾਈ ਅੱਡੇ ’ਤੇ ਜਾਣ ਲਈ ਤਿਆਰ ਹਾਂ

 ਪਰ ਸਾਨੂੰ ਡਰ ਹੈ ਕਿ ਕਿਤੇ ਕਾਬੁਲ ਹਵਾਈ ਅੱਡੇ ’ਤੇ ਉਡਾਣਾਂ ਰੱਦ ਨਾ ਹੋ ਜਾਣ ਕਿਉਂਕਿ ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਨੂੰ ਮੁਲਕ ’ਚੋਂ ਬਾਹਰ ਕੱਢਣ ਦਾ ਇਹੀ ਸਾਡੇ ਕੋਲ ਇਕ ਮੌਕਾ ਹੋਵੇਗਾ। ਇਕ ਵਾਰੀ ਮੌਜੂਦਾ ਹੁਕਮਰਾਨਾਂ (ਤਾਲਿਬਾਨ) ਨੇ ਪੂਰੇ ਮੁਲਕ ’ਤੇ ਕਬਜ਼ਾ ਕਰ ਲਿਆ, ਇਹ ਸਾਡੇ ਭਾਈਚਾਰੇ ਦਾ ਅੰਤ ਹੋਵੇਗਾ।’’  ਅਸੀਂ ਹਵਾਈ ਅੱਡੇ ’ਤੇ ਜਾਣ ਲਈ ਤਿਆਰ ਹਾਂ, ਪਰ ਸਾਨੂੰ ਡਰ ਹੈ ਕਿ ਕਿਤੇ ਕਾਬੁਲ ਹਵਾਈ ਅੱਡੇ ’ਤੇ ਉਡਾਣਾਂ ਰੱਦ ਨਾ ਹੋ ਜਾਣ: ਸੁਰਬੀਰ ਸਿੰਘ