ਭਾਰਤ-ਕੈਨੇਡਾ ਕੂਟਨੀਤਕ ਵਿਵਾਦ ’ਚ ਫਸਿਆ ਅਮਰੀਕਾ! ਅਮਰੀਕੀ ਅਖ਼ਬਾਰ ਨੇ ਕੀਤਾ ਨਵਾਂ ਪ੍ਰਗਟਾਵਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਨਿੱਝਰ ਦੇ ਕਤਲ ਬਾਬਤ ਕੈਨੇਡਾ ਨੂੰ ਖੁਫ਼ੀਆ ਜਾਣਕਾਰੀ ਅਮਰੀਕਾ ਨੇ ਦਿਤੀ ਸੀ : ਨਿਊਯਾਰਕ ਟਾਈਮਜ਼

File Photo

ਅਮਰੀਕੀ ਖੁਫ਼ੀਆ ਜਾਣਕਾਰੀਮ ਮਗਰੋਂ ਕੈਨੇਡਾ ਨੇ ਭਾਰਤੀ ਸਫ਼ੀਰਾਂ ਦੀ ਜਾਸੂਸੀ ਕਰ ਕੇ ਇਕੱਠੇ ਕੀਤੇ ‘ਠੋਸ ਸਬੂਤ’
 

ਵਾਸ਼ਿੰਗਟਨ: ਅਮਰੀਕਾ ਦੇ ਮਸ਼ਹੂਰ ਅਖ਼ਬਾਰ ‘ਦ ਨਿਊਯਾਰਕ ਟਾਈਮਜ਼’ ਨੇ ਸੂਤਰਾਂ ਦੇ ਹਵਾਲੇ ਨਾਲ ਅਪਣੀ ਇਕ ਰੀਪੋਰਟ ’ਚ ਦਸਿਆ ਹੈ ਕਿ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਅਮਰੀਕਾ ਨੇ ਕੈਨੇਡਾ ਨੂੰ ਖੁਫ਼ੀਆ ਜਾਣਕਾਰੀ ਮੁਹਈਆ ਕਰਵਾਈ ਸੀ ਪਰ ਓਟਾਵਾ ਨੇ ਜੋ ਜਾਣਕਾਰੀ ਇਕੱਠੀ ਕੀਤੀ ਸੀ ਉਹ ਵੱਧ ਠੋਸ ਸੀ ਅਤੇ ਉਸ ਦੇ ਆਧਾਰ ’ਤੇ ਹੀ ਉਸ ਨੇ ਭਾਰਤ ’ਤੇ ਦੋਸ਼ ਲਾਏ ਸਨ। ਅਮਰੀਕਾ ਨੇ ਭਾਰਤ ਨੂੰ ਕੈਨੇਡਾ ਦੀ ਜਾਂਚ ’ਚ ਉਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

ਇਹ ਖ਼ਬਰ ਸਨਿਚਰਵਾਰ ਨੂੰ ਉਦੋਂ ਪ੍ਰਕਾਸ਼ਤ ਹੋਈ ਜਦੋਂ ਕੈਨੇਡਾ ’ਚ ਅਮਰੀਕਾ ਦੇ ਇਕ ਸਿਖਰਲੇ ਸਫ਼ੀਰ ਨੇ ਪੁਸ਼ਟੀ ਕੀਤੀ ਕਿ ‘ਫ਼ਾਈਵ ਆਈਜ਼ ਦੇ ਸਾਂਝੇਦਾਰਾਂ ਵਿਚਕਾਰ ਖੁਫ਼ੀਆ ਜਾਣਕਾਰੀ ਸਾਂਝੀ ਕੀਤੀ ਗਈ ਸੀ’, ਜਿਸ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਨਿੱਝਰ ਦੇ ਕੈਨੇਡਾ ਦੀ ਧਰਤੀ ’ਤੇ ਹੋਏ ਕਤਲ ’ਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦਾ ਦੋਸ਼ ਲਾਉਣ ਲਈ ਪ੍ਰੇਰਿਤ ਕੀਤਾ।

ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ‘ਬੇਤੁਕਾ’ ਅਤੇ ‘ਪ੍ਰੇਰਿਤ’ ਦਸਦਿਆਂ ਹਮਲਾਵਰ ਰੂਪ ’ਚ ਖ਼ਾਰਜ ਕਰ ਦਿਤਾ ਅਤੇ ਇਸ ਮਾਮਲੇ ’ਚ ਕੈਨੇਡਾ ਵਲੋਂ ਇਕ ਭਾਰਤੀ ਅਧਿਕਾਰੀ ਨੂੰ ਕੱਢੇ ਦਿਤੇ ਜਾਣ ਦੇ ਜਵਾਬ ’ਚ ਇਕ ਸੀਨੀਅਰ ਕੈਨੇਡੀਆਈ ਸਫ਼ੀਰ ਨੂੰ ਕੱਢ ਦਿਤਾ। ਪਾਬੰਦੀਸ਼ੁਦਾ ਖ਼ਾਲਿਸਤਾਨ ਟਾਈਗਰ ਫ਼ੋਰਸ (ਕੇ.ਟੀ.ਐਫ਼.) ਦੇ ਮੁਖੀ ਨਿੱਝਰ ਦਾ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰ੍ਹੀ ’ਚ ਕਤਲ ਕਰ ਦਿਤਾ ਗਿਆ ਸੀ। ਭਾਰਤ ਨੇ 2020 ’ਚ ਨਿੱਝਰ ਨੂੰ ਅਤਿਵਾਦੀ ਐਲਾਨ ਕੀਤਾ ਸੀ।

ਨਿਊਯਾਰਕ ਟਾਈਮਜ਼ ਨੇ ਅਣਪਛਾਤੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ, ‘‘ਕਤਲ ਤੋਂ ਬਾਅਦ ਅਮਰੀਕੀ ਖੁਫ਼ੀਆ ਏੇਜੰਸੀਆਂ ਨੇ ਕੈਨੇਡਾ ਦੇ ਅਪਣੇ ਹਮਰੁਤਬਾ ਨੂੰ ਅਜਿਹੀ ਜਾਣਕਾਰੀ ਮੁਹਈਆ ਕਰਵਾਈ ਜਿਸ ਨਾਲ ਕੈਨੇਡਾ ਨੂੰ ਇਹ ਨਿਚੋੜ ਕੱਢਣ ’ਚ ਮਦਦ ਮਿਲੀ ਕਿ ਇਸ ’ਚ ਭਾਰਤ ਦਾ ਹੱਥ ਸੀ।’’ ਇਨ੍ਹਾਂ ਅਧਿਕਾਰੀਆਂ ਨੇ ਦਸਿਆ ਕਿ ਅਜਿਹਾ ਲਗਦਾ ਹੈ ਕਿ ਕੈਨੇਡੀਆਈ ਅਧਿਕਾਰੀਆਂ ਨੇ ਭਾਰਤੀ ਸਫ਼ੀਰਾਂ ਦੀ ਗੱਲਬਾਤ ’ਤੇ ਨਜ਼ਰ ਰੱਖੀ ਅਤੇ ਇਹੀ ਉਹ ‘ਸਬੂਤ’ ਹੈ ਜਿਸ ਨਾਲ ਭਾਰਤ ਦੇ ਇਸ ਸਾਜ਼ਸ਼ ’ਚ ਸ਼ਾਮਲ ਹੋਣ ਦਾ ਸੰਕੇਤ ਮਿਲਦਾ ਹੈ।

ਕੈਨੇਡਾ ’ਚ ਅਮਰੀਕੀ ਸਫ਼ੀਰ ਡੇਵਿਡ ਕੋਹੇਨ ਨੇ ਸੀ.ਟੀ.ਵੀ. ਨਿਊਜ਼ ਚੈਨਲ ਨੂੰ ਦਿਤੇ ਇਕ ਇੰਟਰਵਿਊ ’ਚ ਕਿਹਾ ਕਿ ‘ਫ਼ਾਈਵ ਆਈਜ਼ ਸਾਂਝੇਦਾਰਾਂ ਵਿਚਕਾਰ ਖੁਫ਼ੀਆ ਜਾਣਕਾਰੀ ਸਾਂਝੀ ਕੀਤੀ ਗਈ ਸੀ’ ਜਿਸ ਦੇ ਆਧਾਰ ’ਤੇ ਟਰੂਡੋ ਨੇ ਭਾਰਤ ਸਰਕਾਰ ਅਤੇ ਇਕ ਕੈਨੇਡੀਆਈ ਨਾਗਰਿਕ ਦੇ ਕਤਲ ਵਿਚਕਾਰ ‘ਸੰਭਾਵਤ’ ਸਬੰਧ ਦੇ ਦੋਸ਼ ਨੂੰ ਲੈ ਕੇ ਜਨਤਕ ਬਿਆਨ ਦਿਤਾ।

ਕੋਹੇਨ ਨੇ ਕਿਹਾ, ‘‘ਮੈਂ ਕਹਾਂਗਾ ਕਿ ਇਹ ਸਾਂਝੀ ਕੀਤੀ ਗਈ ਖੁਫ਼ੀਆ ਸੂਚਨਾ ਦਾ ਮਾਮਲਾ ਹੈ। ਇਸ ਬਾਰੇ ਕੈਨੇਡਾ ਅਤੇ ਅਮਰੀਕਾ ਵਿਚਕਾਰ ਕਾਫ਼ੀ ਸੰਵਾਦ ਹੋਇਆ।’’
ਅਖਬਾਰ ਨੇ ਕਿਹਾ ਕਿ ਨਿੱਝਰ ਦੇ ਕਤਲ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਅਪਣੇ ਕੈਨੇਡੀਅਨ ਹਮਰੁਤਬਾ ਨੂੰ ਕਿਹਾ ਕਿ ਵਾਸ਼ਿੰਗਟਨ ਨੂੰ ਇਸ ਸਾਜ਼ਸ਼ ਬਾਰੇ ਪਹਿਲਾਂ ਤੋਂ ਕੋਈ ਜਾਣਕਾਰੀ ਨਹੀਂ ਸੀ ਅਤੇ ਜੇਕਰ ਉਨ੍ਹਾਂ ਕੋਲ ਅਜਿਹੀ ਕੋਈ ਜਾਣਕਾਰੀ ਹੁੰਦੀ, ਤਾਂ ਉਹ ਇਸ ਨੂੰ ਤੁਰਤ ਓਟਾਵਾ ਨਾਲ ਸਾਂਝਾ ਕਰਦੇ।

ਖਬਰ ਅਨੁਸਾਰ, ਅਧਿਕਾਰੀਆਂ ਨੇ ਅਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਬੋਲਦਿਆਂ ਕਿਹਾ ਕਿ ਕੈਨੇਡੀਅਨ ਅਧਿਕਾਰੀਆਂ ਨੇ ਨਿੱਝਰ ਨੂੰ ਆਮ ਚੇਤਾਵਨੀ ਦਿਤੀ ਸੀ ਪਰ ਉਸ ਨੂੰ ਇਹ ਨਹੀਂ ਦਸਿਆ ਕਿ ਉਹ ਭਾਰਤ ਸਰਕਾਰ ਦੀ ਕਿਸੇ ਸਾਜ਼ਸ਼ ਦਾ ਨਿਸ਼ਾਨਾ ਹੈ। ਕੋਹੇਨ ਨੇ ਸੀ.ਟੀ.ਵੀ. ਨੂੰ ਦਸਿਆ ਕਿ ਅਮਰੀਕਾ ਇਨ੍ਹਾਂ ਦੋਸ਼ਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਉਨ੍ਹਾਂ ਇਕ ਸਵਾਲ ਦੇ ਜਵਾਬ ’ਚ ਕਿਹਾ, ‘‘ਅਤੇ ਤੁਸੀਂ ਜਾਣਦੇ ਹੋ, ਜੇਕਰ ਇਹ ਸੱਚ ਸਾਬਤ ਹੁੰਦਾ ਹੈ, ਤਾਂ ਇਹ ਨਿਯਮ ਅਧਾਰਤ ਅੰਤਰਰਾਸ਼ਟਰੀ ਵਿਵਸਥਾ ਦਾ ਸੰਭਾਵਤ ਤੌਰ ’ਤੇ ਬਹੁਤ ਗੰਭੀਰ ਉਲੰਘਣਾ ਹੈ।’’

ਅਖਬਾਰ ਨੇ ਕਿਹਾ ਕਿ ਵਿਦੇਸ਼ ਸਕੱਤਰ ਐਂਟਨੀ ਬਲਿੰਕਨ ਨੇ ਭਾਰਤ ਨੂੰ ਕੈਨੇਡੀਅਨ ਜਾਂਚ ’ਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਪਰ ਅਮਰੀਕੀ ਅਧਿਕਾਰੀਆਂ ਨੇ ਭਾਰਤ ਨਾਲ ਕਿਸੇ ਵੀ ਕੂਟਨੀਤਕ ਤਣਾਅ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੈ। ਨਿਊਯਾਰਕ ਟਾਈਮਜ਼ ਨੇ ਕਿਹਾ ਕਿ ਅਮਰੀਕੀ ਖੁਫੀਆ ਏਜੰਸੀ ਦੀ ਸ਼ਮੂਲੀਅਤ ਬਾਰੇ ਪ੍ਰਗਟਾਵਾ ਅਮਰੀਕਾ ਨੂੰ ਕੈਨੇਡਾ ਅਤੇ ਭਾਰਤ ਵਿਚਾਲੇ ਕੂਟਨੀਤਕ ਵਿਵਾਦ ਵਿਚ ਅਜਿਹੇ ਸਮੇਂ ਵਿਚ ਫਸਾਉਣ ਦਾ ਖਤਰਾ ਪੈਦਾ ਕਰ ਦਿਤਾ ਹੈ ਜਦੋਂ ਉਹ ਚਾਹੁੰਦਾ ਹੈ ਕਿ ਨਵੀਂ ਦਿੱਲੀ ਉਸ ਦਾ ਨਜ਼ਦੀਕੀ ਭਾਈਵਾਲ ਹੋਵੇ।

ਟਰੂਡੋ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਬਾਰੇ ‘ਭਰੋਸੇਯੋਗ ਦੋਸ਼ਾਂ’ ਦੇ ਸਬੂਤ ਭਾਰਤ ਨਾਲ ਕਈ ਹਫ਼ਤੇ ਪਹਿਲਾਂ ਸਾਂਝੇ ਕੀਤੇ ਸਨ ਅਤੇ ਕੈਨੇਡਾ ਚਾਹੁੰਦਾ ਹੈ ਕਿ ਨਵੀਂ ਦਿੱਲੀ ਇਸ ਗੰਭੀਰ ਮੁੱਦੇ ’ਤੇ ਤੱਥਾਂ ਦੀ ਤਹਿ ਤਕ ਜਾਣ ਲਈ ਓਟਾਵਾ ਨਾਲ ‘ਵਚਨਬੱਧਤਾ ਨਾਲ ਕੰਮ ਕਰੇ।’

ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲੇ ਨੇ ਇਹ ਪੁੱਛੇ ਜਾਣ ’ਤੇ ਕਿ ਕੀ ਕੈਨੇਡਾ ਨੇ ਇਸ ਮਾਮਲੇ ’ਤੇ ਭਾਰਤ ਨਾਲ ਕੋਈ ਜਾਣਕਾਰੀ ਸਾਂਝੀ ਕੀਤੀ ਹੈ, ਕਿਹਾ, ‘‘ਕੈਨੇਡਾ ਨੇ ਇਸ ਮਾਮਲੇ ’ਤੇ ਉਸ ਸਮੇਂ ਜਾਂ ਪਹਿਲਾਂ ਜਾਂ ਬਾਅਦ ਵਿਚ ਕੋਈ ਖਾਸ ਜਾਣਕਾਰੀ ਸਾਂਝੀ ਨਹੀਂ ਕੀਤੀ ਸੀ। ਤੁਸੀਂ ਜਾਣਦੇ ਹੋ, ਜਿਵੇਂ ਅਸੀਂ ਕਿਹਾ ਹੈ ਜਾਂ ਮੈਨੂੰ ਲਗਦਾ ਹੈ ਕਿ ਅਸੀਂ ਸਪੱਸ਼ਟ ਕਰ ਦਿਤਾ ਹੈ, ਅਸੀਂ ਕਿਸੇ ਖਾਸ ਜਾਣਕਾਰੀ ’ਤੇ ਵਿਚਾਰ ਕਰਨ ਲਈ ਤਿਆਰ ਹਾਂ।’’