ਕੈਨੇਡਾ ’ਚ ਖ਼ਾਲਿਸਤਾਨ ਸਮਰਥਕਾਂ ’ਤੇ ਵਧੀ ਸਖ਼ਤੀ, ਭਾਰਤ ਵਿਰੋਧੀ ਪੋਸਟਰ ਤੇ ਬੈਨਰ ਹਟਾਉਣ ਦੇ ਨਿਰਦੇਸ਼

ਏਜੰਸੀ

ਖ਼ਬਰਾਂ, ਕੌਮਾਂਤਰੀ

ਖ਼ਾਲਿਸਤਾਨੀ ਸਮਰਥਕਾਂ ਨੇ ਅਪਣੇ ਪ੍ਰਚਾਰ ਨੂੰ ਅੱਗੇ ਵਧਾਉਂਦੇ ਹੋਏ ਵੱਖ-ਵੱਖ ਥਾਵਾਂ ’ਤੇ ਹੋਰਡਿੰਗ ਅਤੇ ਬੈਨਰ ਲਗਾ ਦਿਤੇ ਸਨ

Increased strictness on Khalistan supporters in Canada, instructions to remove anti-India posters and banners

ਨਵੀਂ ਦਿੱਲੀ  : ਖ਼ਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿਚ ਭਾਰਤ ਵਲੋਂ ਦਿਤੇ ਮੂੰਹਤੋੜ ਜਵਾਬ ਤੋਂ ਬਾਅਦ ਕੈਨੇਡਾ ਦਾ ਰਵਈਆ ਨਰਮ ਹੁੰਦਾ ਨਜ਼ਰ ਆ ਰਿਹਾ ਹੈ। ਖ਼ਾਲਿਸਤਾਨੀ ਵਖਵਾਦੀਆਂ ਸਮਰਥਕਾਂ ਵਿਰੁਧ ਭਾਰਤੀ ਦਬਾਅ ਤੋਂ ਬਾਅਦ ਕੈਨੇਡੀਅਨ ਪ੍ਰਸ਼ਾਸਨ ਨੇ ਅਪਣੀ ਸਖ਼ਤੀ ਵਧਾ ਦਿਤੀ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਅਹਿਮ ਥਾਵਾਂ ’ਤੇ ਖ਼ਾਲਿਸਤਾਨ ਦੇ ਸਮਰਥਨ ’ਚ ਲੱਗੇ ਹੋਰਡਿੰਗ ਅਤੇ ਬੈਨਰ ਹਟਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਖ਼ਾਲਿਸਤਾਨੀ ਸਮਰਥਕਾਂ ਨੇ ਅਪਣੇ ਪ੍ਰਚਾਰ ਨੂੰ ਅੱਗੇ ਵਧਾਉਂਦੇ ਹੋਏ ਵੱਖ-ਵੱਖ ਥਾਵਾਂ ’ਤੇ ਹੋਰਡਿੰਗ ਅਤੇ ਬੈਨਰ ਲਗਾ ਦਿਤੇ ਸਨ, ਤਾਂ ਜੋ ਲੋਕ ਇਨ੍ਹਾਂ ਨੂੰ ਦੇਖ ਸਕਣ ਅਤੇ ਪ੍ਰਭਾਵਿਤ ਹੋ ਸਕਣ ਪਰ ਹੁਣ ਉਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ। ਸਥਾਨਕ ਅਧਿਕਾਰੀਆਂ ਦੇ ਦਖਲ ਤੋਂ ਬਾਅਦ ਕੈਨੇਡਾ ਦੇ ਸਰੀ ਦੇ ਇਕ ਗੁਰਦੁਆਰੇ ਤੋਂ ਭਾਰਤੀ ਡਿਪਲੋਮੈਟਾਂ ਦੇ ਕਤਲ ਦਾ ਸੱਦਾ ਦੇਣ ਵਾਲੇ ਪੋਸਟਰ ਹਟਾ ਦਿਤੇ ਗਏ ਹਨ।

ਸੂਤਰਾਂ ਅਨੁਸਾਰ ਸਰੀ ਦੇ ਗੁਰਦੁਆਰੇ ਨੂੰ ਤਿੰਨ ਭਾਰਤੀ ਡਿਪਲੋਮੈਟਾਂ ਦੇ ਕਤਲ ਦਾ ਸੱਦਾ ਦੇਣ ਵਾਲੇ ਪੋਸਟਰਾਂ ਨੂੰ ਹਟਾਉਣ ਲਈ ਕਿਹਾ ਗਿਆ ਸੀ ਕਿਉਂਕਿ ਅਧਿਕਾਰੀਆਂ ਨੂੰ ਇਸ ਮੁੱਦੇ ਦੀ ਗੰਭੀਰਤਾ ਅਤੇ ਕੈਨੇਡੀਅਨ ਧਰਤੀ ਤੋਂ ਅਜਿਹੇ ਸੰਦੇਸ਼ ਆਉਣ ਦੀ ਸੰਭਾਵਨਾ ਦਾ ਅਹਿਸਾਸ ਹੋਇਆ ਸੀ। ਨਾਲ ਹੀ ਗੁਰਦੁਆਰਾ ਪ੍ਰਬੰਧਕਾਂ ਨੂੰ ਕਿਸੇ ਵੀ ਕੱਟੜਪੰਥੀ ਐਲਾਨ ਲਈ ਲਾਊਡਸਪੀਕਰ ਦੀ ਵਰਤੋਂ ਨਾ ਕਰਨ ਦੀ ਚੇਤਾਵਨੀ ਦਿਤੀ ਗਈ ਹੈ।

ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰਮੁੱਖ ਖੇਤਰ ਜਿਥੋਂ ਭਾਰਤ ਵਿਰੋਧੀ ਪ੍ਰਚਾਰ ਸਮੱਗਰੀ ਨੂੰ ਹਟਾਇਆ ਜਾ ਰਿਹਾ ਹੈ, ਉਹ ਹਨ ਸਰੀ, ਗਿਲਡਫੋਰਡ, ਨਿਊਟਨ ਅਤੇ ਵਹੇਲੀ। ਇਸ ਤੋਂ ਇਲਾਵਾ ਕੈਨੇਡਾ-ਅਮਰੀਕਾ ਸਰਹੱਦੀ ਇਲਾਕਿਆਂ ਵਿਚ ਖ਼ਾਲਿਸਤਾਨ ਪੱਖੀ ਜਥੇਬੰਦੀਆਂ ਨੂੰ ਉਨ੍ਹਾਂ ਦੀਆਂ ਪ੍ਰਚਾਰ ਸਮੱਗਰੀਆਂ ਹਟਾਉਣ ਦੇ ਨਿਰਦੇਸ਼ ਦਿਤੇ ਗਏ ਹਨ।

ਜ਼ਿਕਰਯੋਗ ਹੈ ਕਿ ਖ਼ਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਭਾਰਤ ’ਤੇ ਲਗਾਏ ਗਏ ਬੇਤੁਕੇ ਇਲਜ਼ਾਮਾਂ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਸਬੰਧਾਂ ’ਚ ਖਟਾਸ ਆ ਗਈ ਹੈ। ਭਾਰਤ ਨੇ ਕੈਨੇਡੀਅਨ ਵੀਜ਼ਾ ਅਰਜ਼ੀਆਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿਤਾ ਹੈ।