ਕੀਨੀਆ 'ਚ ਪਾਕਿਸਤਾਨੀ ਪੱਤਰਕਾਰ ਅਰਸ਼ਦ ਸ਼ਰੀਫ਼ ਦੀ ਗੋਲੀ ਮਾਰ ਕੇ ਹੱਤਿਆ 

ਏਜੰਸੀ

ਖ਼ਬਰਾਂ, ਕੌਮਾਂਤਰੀ

ਮਰਹੂਮ ਪੱਤਰਕਾਰ 'ਤੇ ਦਰਜ ਸੀ ਦੇਸ਼ ਧ੍ਰੋਹ ਦਾ ਮਾਮਲਾ 

Pakistani journalist Arshad Sharif shot dead in Kenya

ਇਸਲਾਮਾਬਾਦ : ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਅਰਸ਼ਦ ਸ਼ਰੀਫ਼ ਦੀ ਕੀਨੀਆ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ, ਉਨ੍ਹਾਂ ਦੀ ਪਤਨੀ ਨੇ ਸੋਮਵਾਰ ਨੂੰ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਸ਼ਰੀਫ ਦੀ ਪਤਨੀ ਜਵੇਰੀਆ ਸਿੱਦੀਕ ਨੇ ਇੱਕ ਟਵਿੱਟਰ ਪੋਸਟ ਵਿੱਚ ਕਿਹਾ, "ਮੈਂ ਅੱਜ ਦੋਸਤ, ਪਤੀ ਅਤੇ ਮੇਰੇ ਮਨਪਸੰਦ ਪੱਤਰਕਾਰ ਅਰਸ਼ਦ ਸ਼ਰੀਫ਼ ਨੂੰ ਗੁਆ ਦਿੱਤਾ, ਪੁਲਿਸ ਦੇ ਅਨੁਸਾਰ ਉਨ੍ਹਾਂ ਨੂੰ ਕੀਨੀਆ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਸਾਨੂੰ ਆਪਣੀਆਂ ਅਰਦਾਸਾਂ ਵਿੱਚ ਯਾਦ ਰੱਖੋ।''

ਸ਼ੁਰੂਆਤੀ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸ਼ਰੀਫ਼ ਦੀ ਮੌਤ ਇੱਕ ਹਾਦਸੇ ਵਿੱਚ ਹੋਈ ਹੈ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਕਿਹਾ ਹੈ ਕਿ ਕੀਨੀਆ ਵਿੱਚ ਉਨ੍ਹਾਂ ਦਾ ਹਾਈ ਕਮਿਸ਼ਨ ਅਧਿਕਾਰੀਆਂ ਤੋਂ ਜਾਣਕਾਰੀ ਇਕੱਠੀ ਕਰ ਰਿਹਾ ਹੈ। ਅਰਸ਼ਦ ਸ਼ਰੀਫ਼ ਦੀ ਮੌਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ ਦੇ ਕਈ ਪ੍ਰਮੁੱਖ ਲੋਕਾਂ ਅਤੇ ਮੀਡੀਆ ਭਾਈਚਾਰੇ ਦੇ ਮੈਂਬਰਾਂ ਨੇ ਸੋਗ ਪ੍ਰਗਟ ਕੀਤਾ।

ਏਆਰਆਈ ਨਿਊਜ਼ ਦੇ ਪੱਤਰਕਾਰ ਕਾਸ਼ਿਫ ਅੱਬਾਸੀ ਨੇ ਟਵੀਟ ਕੀਤਾ, "ਮੇਰੇ ਭਰਾ, ਮੇਰੇ ਦੋਸਤ, ਮੇਰੇ ਸਹਿਯੋਗੀ ਅਰਸ਼ਦ ਸ਼ਰੀਫ਼ ਦੀ ਕੀਨੀਆ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ.. ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ. ਇਹ ਦਿਲ ਨੂੰ ਤੋੜਨ ਵਾਲੀ ਖਬਰ ਹੈ... ਇਹ ਦਰਦਨਾਕ ਹੈ।"

ਦੱਸਣਯੋਗ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ, ਤਿੰਨ ਪੱਤਰਕਾਰਾਂ - ਅਰਸ਼ਦ ਸ਼ਰੀਫ਼, ਸਾਬਿਰ ਸ਼ਾਕਿਰ ਅਤੇ ਸਾਮੀ ਇਬਰਾਹਿਮ ਦੇ ਖ਼ਿਲਾਫ਼ ਦੇਸ਼ਧ੍ਰੋਹ ਦੇ ਕੇਸ ਦਰਜ ਕੀਤੇ ਗਏ ਸਨ। ਸਿੰਧ ਅਤੇ ਬਲੋਚਿਸਤਾਨ ਦੇ ਕਈ ਜ਼ਿਲ੍ਹਿਆਂ ਵਿੱਚ ਪੱਤਰਕਾਰਾਂ ਖ਼ਿਲਾਫ਼ ਵੀ ਇਸੇ ਤਰ੍ਹਾਂ ਦੇ ਕੇਸ ਦਰਜ ਕੀਤੇ ਗਏ ਸਨ। ਇਨ੍ਹਾਂ ਜ਼ਿਲ੍ਹਿਆਂ ਦੇ ਵਸਨੀਕਾਂ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਵਿੱਚ ਦੋਸ਼ ਲਾਇਆ ਗਿਆ ਹੈ ਕਿ ਪੱਤਰਕਾਰ ਪਾਕਿਸਤਾਨੀ ਫ਼ੌਜ ਅਤੇ ਸਰਕਾਰੀ ਅਦਾਰਿਆਂ ਨੂੰ ਬਦਨਾਮ ਕਰ ਕੇ ਦੇਸ਼ ਵਿਰੋਧੀ ਭਾਵਨਾਵਾਂ ਨੂੰ ਭੜਕਾ ਰਹੇ ਹਨ। ਏਆਰਵਾਈ ਨਿਊਜ਼ ਦੇ ਤਤਕਾਲੀ ਐਂਕਰ ਅਰਸ਼ਦ ਸ਼ਰੀਫ ਦੇ ਖਿਲਾਫ ਹੈਦਰਾਬਾਦ ਦੇ ਬੀ-ਸੈਕਸ਼ਨ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ।