ਰਾਸ਼ਟਰਪਤੀ ਜਿੰਨਪਿੰਗ ਦਾ ਵਿਰੋਧ ਕਰਨ ਮਗਰੋਂ ਲਾਪਤਾ ਹੋਣ ਵਾਲੇ ਦੂਜੇ ਮੰਤਰੀ ਬਣੇ ਲੀ ਸ਼ਾਂਗਫੂ
ਚੀਨ ਨੇ ਦੋ ਮਹੀਨਿਆਂ ਤੋਂ ਲਾਪਤਾ ਰਖਿਆ ਮੰਤਰੀ ਨੂੰ ਹਟਾਉਣ ਦਾ ਐਲਾਨ ਕੀਤਾ
ਤਾਈਪੇ (ਤਾਈਵਾਨ): ਚੀਨ ਨੇ ਲਗਭਗ ਦੋ ਮਹੀਨਿਆਂ ਤੋਂ ਲਾਪਤਾ ਰਖਿਆ ਮੰਤਰੀ ਜਨਰਲ ਲੀ ਸ਼ਾਂਗਫੂ ਨੂੰ ਅਹੁਦੇ ਤੋਂ ਹਟਾਉਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਮੀਡੀਆ ਦੀਆਂ ਖਬਰਾਂ ’ਚ ਦਿਤੀ ਗਈ।
ਸਾਬਕਾ ਵਿਦੇਸ਼ ਮੰਤਰੀ ਛਿਨ ਕਾਂਗ ਤੋਂ ਬਾਅਦ ਸ਼ਾਂਗਫੂ ਇਸ ਸਾਲ ਲਾਪਤਾ ਹੋਣ ਵਾਲੇ ਦੂਜੇ ਸੀਨੀਅਰ ਚੀਨੀ ਅਧਿਕਾਰੀ ਹਨ। ਕਾਂਗ ਨੂੰ ਜੁਲਾਈ ’ਚ ਬਿਨਾਂ ਕਿਸੇ ਸਪੱਸ਼ਟੀਕਰਨ ਦੇ ਅਹੁਦੇ ਤੋਂ ਹਟਾ ਦਿਤਾ ਗਿਆ ਸੀ।
ਮਾਰਚ ’ਚ ਮੰਤਰੀ ਮੰਡਲ ਦੇ ਫੇਰਬਦਲ ਦੌਰਾਨ ਰਖਿਆ ਮੰਤਰੀ ਬਣੇ ਸ਼ਾਂਗਫੂ 29 ਅਗੱਸਤ ਨੂੰ ਭਾਸ਼ਣ ਦੇਣ ਤੋਂ ਬਾਅਦ ਨਜ਼ਰ ਨਹੀਂ ਆਏ। ਕਾਂਗ ਅਤੇ ਸ਼ਾਂਗਫੂ ਦਾ ਗਾਇਬ ਹੋਣ ਨਾਲ ਚੀਨ ਦੀਆਂ ਵਿਦੇਸ਼ ਜਾਂ ਰਖਿਆ ਨੀਤੀਆਂ ’ਚ ਕਿਸੇ ਬਦਲਾਅ ਦਾ ਸੰਕੇਤ ਨਹੀਂ ਮਿਲਦਾ।
ਹਾਲਾਂਕਿ, ਦੋਹਾਂ ਨੇਤਾਵਾਂ ਨੇ ਰਾਸ਼ਟਰਪਤੀ ਅਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਨੇਤਾ ਸ਼ੀ ਜਿਨਪਿੰਗ ਦੇ ਸੱਤਾ ’ਚ ਬਣੇ ਰਹਿਣ ’ਤੇ ਸਵਾਲ ਖੜੇ ਕੀਤੇ ਹਨ। ਸਰਕਾਰੀ ਪ੍ਰਸਾਰਕ ਸੀ.ਸੀ.ਟੀ.ਵੀ. ਨੇ ਅਪਣੀ ਖ਼ਬਰ ’ਚ ਕਿਹਾ ਕਿ ਲੀ ਅਤੇ ਕਾਂਗ ਨੂੰ ਚੀਨੀ ਮੰਤਰੀ ਮੰਡਲ ਤੋਂ ਹਟਾ ਦਿਤਾ ਗਿਆ ਹੈ।
ਅਜਿਹੇ ’ਚ ਮੰਨਿਆ ਜਾ ਰਿਹਾ ਹੈ ਕਿ ਦੋਹਾਂ ਸਿਆਸਤਦਾਨਾਂ ਦਾ ਸਿਆਸੀ ਕਰੀਅਰ ਖਤਮ ਹੋ ਗਿਆ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਦੋਹਾਂ ਨੇਤਾਵਾਂ ਵਿਰੁਧ ਕੋਈ ਕਾਨੂੰਨੀ ਕਾਰਵਾਈ ਜਾਂ ਪਾਬੰਦੀਆਂ ਲਗਾਈਆਂ ਜਾਣਗੀਆਂ ਜਾਂ ਨਹੀਂ।