ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਪਿਆ ਦਿਲ ਦਾ ਦੌਰਾ! ਫਰਸ਼ 'ਤੇ ਡਿੱਗੇ ਮਿਲੇ: Reports
ਰੂਸੀ ਰਾਸ਼ਟਰਪਤੀ ਨੂੰ ਹੋਸ਼ ਆਉਣ ਤੱਕ ਡਾਕਟਰੀ ਸਹਾਇਤਾ ਦਿੱਤੀ ਗਈ!
ਨਵੀਂ ਦਿੱਲੀ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਦਿਲ ਦਾ ਦੌਰਾ ਪਿਆ ਹੈ, ਮੀਡੀਆ ਰਿਪੋਰਟਾਂ ਵਿਚ ਇਹ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਨਿੱਜੀ ਮੀਡੀਆ ਚੈਨਲ 'ਟੈਲੀਗ੍ਰਾਮ' 'ਤੇ ਪੋਸਟ ਕੀਤੇ ਗਏ ਇਕ ਬਿਆਨ 'ਚ ਦਾਅਵਾ ਕੀਤਾ ਗਿਆ ਹੈ ਕਿ ਵਲਾਦੀਮੀਰ ਪੁਤਿਨ ਨੂੰ 'ਦਿਲ ਦਾ ਦੌਰਾ' ਪਿਆ ਹੈ ਅਤੇ ਇਸ ਕਾਰਨ ਉਹ ਜ਼ਮੀਨ 'ਤੇ ਡਿੱਗ ਪਏ। ਰੂਸੀ ਰਾਸ਼ਟਰਪਤੀ ਨੂੰ ਹੋਸ਼ ਆਉਣ ਤੱਕ ਡਾਕਟਰੀ ਸਹਾਇਤਾ ਦਿੱਤੀ ਗਈ।
ਮੰਨਿਆ ਜਾ ਰਿਹਾ ਹੈ ਕਿ ਵਲਾਦੀਮੀਰ ਪੁਤਿਨ ਨੂੰ ਐਤਵਾਰ ਸ਼ਾਮ ਨੂੰ ਮਾਸਕੋ ਸਥਿਤ ਉਨ੍ਹਾਂ ਦੀ ਨਿਜੀ ਰਿਹਾਇਸ਼ 'ਤੇ ਦਿਲ ਦਾ ਦੌਰਾ ਪਿਆ। ਇੱਕ ਟੈਲੀਗ੍ਰਾਮ ਚੈਨਲ ਨੇ ਘਟਨਾ ਦੀ ਰਿਪੋਰਟ ਕਰਦੇ ਹੋਏ ਕਿਹਾ ਕਿ ਰੂਸੀ ਨੇਤਾ ਨੂੰ ਉਹਨਾਂ ਦੇ ਬੈੱਡਰੂਮ ਦੇ ਫਰਸ਼ 'ਤੇ ਡਿੱਗਿਆ ਹੋਇਆ ਪਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮਾਸਕੋ ਸਮੇਂ ਮੁਤਾਬਕ ਰਾਤ ਕਰੀਬ 9 ਵਜੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਰਿਹਾਇਸ਼ 'ਤੇ ਡਿਊਟੀ 'ਤੇ ਮੌਜੂਦ ਸੁਰੱਖਿਆ ਅਧਿਕਾਰੀਆਂ ਨੇ ਰਾਸ਼ਟਰਪਤੀ ਦੇ ਬੈੱਡਰੂਮ 'ਚੋਂ ਕੁੱਝ ਰੌਲਾ ਅਤੇ ਡਿੱਗਣ ਦੀ ਆਵਾਜ਼ ਸੁਣੀ।
ਇਸ ਮਾਮਲੇ 'ਤੇ ਬ੍ਰਿਟਿਸ਼ ਅਖਬਾਰ 'ਡੇਲੀ ਐਕਸਪ੍ਰੈਸ' ਦੇ ਅਨੁਸਾਰ, ਡਾਕਟਰਾਂ ਨੇ ਕਿਹਾ ਕਿ 71 ਸਾਲਾ ਨੇਤਾ ਨੂੰ ਦਿਲ ਦਾ ਦੌਰਾ ਪਿਆ ਸੀ।ਇਸ ਤੋਂ ਬਾਅਦ ਉਨ੍ਹਾਂ ਨੂੰ ਇੰਟੈਂਸਿਵ ਕੇਅਰ ਲਈ ਇੱਕ ਹੋਰ ਵਿਸ਼ੇਸ਼ ਮੈਡੀਕਲ ਸਹੂਲਤ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਹਾਲਾਂਕਿ, ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਰੂਸੀ ਨੇਤਾ ਪੁਤਿਨ ਦੀ ਸਿਹਤ ਨੂੰ ਲੈ ਕੇ ਕਈ ਅਟਕਲਾਂ ਦੇ ਬਾਵਜੂਦ, ਰੂਸ ਤੋਂ ਅਜੇ ਤੱਕ ਕੋਈ ਪੱਕੇ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਸਮੇਂ ਦੁਨੀਆ ਦੇ ਸਾਰੇ ਮੀਡੀਆ ਚੈਨਲ ਇਸ ਮਾਮਲੇ 'ਤੇ ਸਿਰਫ 'ਟੈਲੀਗ੍ਰਾਮ' ਚੈਨਲ ਦੀਆਂ ਖਬਰਾਂ ਦੇ ਆਧਾਰ 'ਤੇ ਹੀ ਖਬਰਾਂ ਚਲਾ ਰਹੇ ਹਨ। ਜਦਕਿ ਰੋਜ਼ਾਨਾ ਸਪੋਕਸਮੈਨ ਵੀ ਇਸ ਖ਼ਬਰ ਦੀ ਪੁਸ਼ਟੀ ਨਹੀਂ ਕਰਦਾ।