ਯੂਰਪ ਦੀਆਂ ਘੜ੍ਹੀਆਂ ਹੋ ਜਾਣਗੀਆਂ 26 ਅਕਤੂਬਰ ਤੜਕੇ (ਸਵੇਰੇ) 3 ਵਜੇ ਤੋਂ ਇੱਕ ਘੰਟਾ ਪਿੱਛੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹੁਣ ਇਟਲੀ ਅਤੇ ਭਾਰਤ ਦੌਰਾਨ ਸਾਢੇ ਚਾਰ ਘੰਟੇ ਦੇ ਸਮੇਂ ਦਾ ਹੋਵੇਗਾ ਫਰਕ

European clocks will go back one hour at 3am on October 26th.

ਮਿਲਾਨ: ਹਰ ਸਾਲ ਦੀ ਤਰ੍ਹਾਂ ਯੂਰਪੀਅਨ ਯੂਨੀਅਨ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਯੂਰਪੀਅਨ ਦੇਸ਼ਾਂ ਦੇ ਗਰਮੀਆਂ ਅਤੇ ਸਰਦੀਆਂ ਦਾ ਸਮਾਂ ਸੰਨ 2001 ਤੋਂ ਬਦਲਿਆ ਜਾਂਦਾ ਹੈ। ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਪੂਰੇ ਯੂਰਪ ਦਾ ਟਾਈਮ ਟੇਬਲ ਬਦਲ ਜਾਂਦਾ ਹੈ ਭਾਵ ਕਦੇ ਇੱਕ ਘੰਟਾ ਪਿੱਛੇ ਚਲਾ ਜਾਂਦਾ ਹੈ ਅਤੇ ਕਦੇ ਇੱਕ ਘੰਟਾ ਅੱਗੇ ਆ ਜਾਂਦਾ ਹੈ ।

ਇਸ ਸਾਲ ਦੇ ਮਾਰਚ ਮਹੀਨੇ ਦੇ ਆਖ਼ਰੀ ਸ਼ਨੀਵਾਰ ਤੋਂ ਬਾਅਦ ਅਗਲੀ ਸਵੇਰ ਤੜਕੇ 2 ਵਜੇ ਯੂਰਪ ਦੀਆਂ ਤਮਾਮ ਘੜ੍ਹੀਆਂ ਇੱਕ ਘੰਟਾ ਅੱਗੇ ਆ ਗਈਆਂ ਸਨ ਮਤਲਬ ਜਿਵੇਂ ਕਿ ਜੇਕਰ ਘੜ੍ਹੀ ਅਨੁਸਾਰ ਰਾਤ ਨੂੰ 2 ਵਜੇ ਸੀ ਤਾਂ ਉਸ ਨੂੰ 3 ਸਮਝਿਆ ਗਿਆ ਤੇ ਇਹ ਟਾਇਮ ਇਸ ਤਰ੍ਹਾਂ ਹੀ ਇਸ ਸਾਲ ਅਕਤੂਬਰ ਮਹੀਨੇ ਦੇ ਆਖਰੀ ਸ਼ਨੀਵਾਰ ਤੱਕ ਚੱਲਣਾ ਹੈ ਤੇ ਸ਼ਨੀਵਾਰ ਤੋਂ ਬਾਅਦ ਅਗਲੀ ਸਵੇਰ ਤੜਕੇ 3 ਵਜੇ ਤਮਾਮ ਯੂਰਪ ਘੜ੍ਹੀਆਂ ਇੱਕ ਘੰਟਾ ਪਿੱਛੇ ਆ ਜਾਣਗੀਆਂ। ਸੋ ਇਸ ਲਈ ਹੁਣ ਜਦੋ ਅਕਤੂਬਰ ਦੇ ਆਖਰੀ ਸ਼ਨੀਵਾਰ ਭਾਵ 25 ਅਕਤੂਬਰ ਤੋਂ ਬਾਅਦ ਅਗਲੀ ਸਵੇਰ ਤੜਕੇ ਜਾਂਨੀ 26 ਅਕਤੂਬਰ ਨੂੰ ਜਦੋਂ ਘੜ੍ਹੀ 'ਤੇ 3 ਵਜੇ ਹੋਣਗੇ ਤਾਂ ਉਸ ਨੂੰ 2 ਵਜੇ ਸਮਝਿਆ ਜਾਵੇਗਾ। ਜਿਹੜੀਆਂ ਘੜ੍ਹੀਆਂ ਤਾਂ ਕੰਪਿਊਟਰ ਰਾਇਜ਼ਡ ਹਨ ਉਹ ਤਾਂ ਆਪਣੇ ਆਪ ਸਾਲ ਵਿੱਚ ਦੋ ਵਾਰ ਇੱਕ ਘੰਟੇ ਲਈ ਕਦੇ ਅੱਗੇ ਅਤੇ ਕਦੇ ਪਿੱਛੇ ਚਲੀਆਂ ਜਾਂਦੀਆਂ ਹਨ ਪਰ ਜਿਹੜੀਆਂ ਕੰਪਿਊਟਰ ਰਾਇਜ਼ਡ ਘੜ੍ਹੀਆਂ ਨਹੀਂ ਹਨ ਉਹਨਾਂ ਨੂੰ ਸਭ ਲੋਕ ਆਪ ਅੱਗੇ ਪਿੱਛੇ ਕਰ ਲੈਣਗੇ।

ਇਸ ਟਾਇਮ ਦੇ ਬਦਲਾਵ ਨਾਲ ਯੂਰਪ ਵਿੱਚ ਰੈਣ ਬਸੇਰਾ ਕਰਦੇ ਵਿਦੇਸ਼ੀਆਂ ਨੂੰ ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਵਿੱਚ ਸਮੇਂ ਦਾ ਭੁਲੇਖਾ ਲੱਗ ਜਾਂਦਾ ਹੈ ਜਿਸ ਕਾਰਨ ਉਹਨਾਂ ਨੂੰ ਕੰਮ ਉਪੱਰ ਆਉਂਦੇ ਜਾਂਦੇ ਪ੍ਰੇਸ਼ਾਨੀ ਦਾ ਸਾਹਮ੍ਹਣਾ ਪੈਂਦਾ ਹੈ।ਜਿਕਰਯੋਗ ਹੈ ਕਿ ਯੂਰਪ ਦੇ ਇਹ ਸਮੇ ਬਦਲਣ ਦੀ ਪ੍ਰਤੀਕ੍ਰਿਆ ਸੰਨ 2001 ਤੋ ਚਲੀ ਆ ਰਹੀ ਹੈ ਬੇਸਕ ਇਸ ਸਮੇ ਦੀ ਤਬਦੀਲੀ ਨਾਲ ਯੂਰਪੀਅਨ ਲੋਕ ਕਾਫੀ ਹੱਦ ਤਕ ਪ੍ਰਭਾਵਿਤ ਹੰਦੇ ਹਨ ਤੇ ਇਸ ਬਾਬਤ ਯੂਰਪੀਅਨ ਕਮਿਸਨ ਨੇ ਯੂਰਪ ਦੇ ਇਸ ਸਮਾ ਬਦਲਣ ਦੀ ਪ੍ਰਤੀਕਿਰਆ ਉਪਰ ਰੋਕ ਲਗਾਉਣ ਦਾ ਸਝਾਉ ਸੰਨ 2018 ਵਿੱਚ ਯੂਰਪੀਅਨ ਪਾਰਲੀਮੈਟ ਵਿਚ ਰੱਖਿਆ ਸੀ ਜਿਸ ਉਪਰ ਸਾਰਥਿਕ ਕਾਰਵਾਈ ਹੋਣ ਦੀ ਡੂੰਘੀ ਆਸ ਸੀ ਕਿਉਕਿ ਯੂਰਪੀਅਨ ਕਮਿਸਨ ਅਨੁਸਾਰ ਸਮੇ ਦੀ ਇਸ ਅਦਲਾ ਬਦਲੀ ਵਿਚ 28 ਦੇਸ ਪ੍ਰਭਾਵਿਤ ਹੁੰਦੇ ਹਨ ।ਯੂਰਪੀਅਨ ਕਮਿਸਨ ਦੇ ਇਸ ਸੁਝਾਉ ਉਪੱਰ ਕਾਫ਼ੀ ਵਿਚਾਰ ਚਰਚਾ ਦੇ ਇਹ ਮਤਾ ਸੰਸਦ ਵਿੱਚ 410 ਵੋਟਾਂ ਨਾਲ ਪਾਸ ਵੀ ਹੋ ਚੁੱਕਾ ਹੈ ।ਮਤੇ ਅਨੁਸਾਰ ਯੂਰਪੀਅਨ ਦੇਸ਼ਾਂ ਦੇ ਸਮਾਂ ਬਦਲਣ ਦੀ ਇਹ ਪ੍ਰੀਕ੍ਰਿਆ ਮਾਰਚ 2021 ਤੋਂ ਬੰਦ ਹੋਣੀ ਸੀ ਪਰ ਸ਼ਾਇਦ 2020 ਵਿੱਚ ਕੋਰੋਨਾ ਦੀ ਤਬਾਹੀ ਨੇ ਯੂਰਪੀਅਨ ਯੂਨੀਅਨ ਨੂੰ ਇਸ ਬਾਰੇ ਸੋਚਣ ਹੀ ਨਹੀਂ ਦਿੱਤਾ ਜਿਸ ਕਾਰਨ ਹੁਣ ਤੱਕ ਸਮਾਂ ਬਦਲਣ ਦੀ ਪ੍ਰਕਿਰਿਆ ਨਹੀਂ ਰੁੱਕ ਸਕੀ।ਗੌਰਤਲਬ ਹੈ ਕਿ ਯੂਰਪੀਅਨ ਦੇਸ਼ਾਂ ਵਿੱਚ ਸਮਾਂ ਬਦਲਣ ਦੀ ਪ੍ਰਕਿਆ ਨਾਲ ਜਿੱਥੇ ਗਰਮੀਆਂ ਵਿੱਚ ਰੌਸ਼ਨੀ ਲਈ ਬਿਜਲੀ ਦੀ ਖਪਤ ਘੱਟ ਜਾਂਦੀ ਹੈ ਉੱਥੇ ਹੀ ਸਰਦੀਆਂ ਵਿੱਚ ਇਹ ਖਪਤ ਵੱਧ ਜਾਂਦੀ ਹੈ। ਦੱਸਣਯੋਗ ਹੈ ਹਰ ਸਾਲ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ  ਇਸ ਆਉਣ ਵਾਲੇ ਸਾਲ ਸਾਇਦ ਘੜੀਆਂ ਨੂੰ ਅੱਗੇ ਪਿੱਛੇ ਕਰਨ ਦੀ ਪ੍ਰਕਿਰਿਆ ਬੰਦ ਹੋ ਜਾਵੇਗੀ ਪਰ ਇਸ ਪ੍ਰਕਿਰਿਆ ਨੂੰ ਬਦਲਣ ਦਾ ਅੱਜ ਤੱਕ ਰੌਲਾ ਰੱਪਾ ਹੀ ਸੁਣਾਈ ਦਿੱਤਾ ਹੈ । ਯੂਰਪੀਅਨ ਯੂਨੀਅਨ ਵੱਲੋਂ ਕੋਈ ਵੀ ਫ਼ੈਸਲਾ ਨਾ ਲਿਆ ਗਿਆ ਜਿਸ ਤੋ ਇਹ ਸਪੱਸ਼ਟ ਹੈ ਕਿ ਸਾਲ ਵਿੱਚ ਦੋ ਵਾਰ ਗਰਮੀਆਂ ਤੇ ਸਰਦੀਆਂ ਵਿੱਚ ਇਹ ਘੜੀਆਂ ਨੂੰ ਅੱਗੇ ਪਿੱਛੇ ਕਰਨ ਦੀ ਪ੍ਰਕਿਰਿਆ ਇਸੇ ਤਰ੍ਹਾਂ ਜਾਰੀ ਰਹੇਗੀ।