ਇਰਾਕ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਤ ਗੁਰਦੁਆਰੇ ਦਾ ਹਿੱਸਾ ਦਰਗਾਹ 'ਚ ਮਿਲਾਇਆ, ਸਾਬਕਾ ਸੰਸਦ ਮੈਂਬਰ ਨੇ ਜਾਂਚ ਦੀ ਕੀਤੀ ਮੰਗ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨੂੰ ਲਿਖਿਆ ਪੱਤਰ

Gurdwaras dedicated to Sri Guru Nanak Dev Ji in Iraq

Gurdwaras dedicated to Sri Guru Nanak Dev Ji in Iraq News: ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਵੀਰਵਾਰ ਨੂੰ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨੂੰ ਪੱਤਰ ਲਿਖ ਕੇ ਕੁਝ ਸਿੱਖ ਸ਼ਰਧਾਲੂਆਂ ਦੇ ਉਨ੍ਹਾਂ ਦਾਅਵਿਆਂ ਦੀ ਜਾਂਚ ਕਰਨ ਲਈ ਕਿਹਾ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਇਰਾਕ ਵਿਚ ਇਕ ਫ਼ਕੀਰ ਦੀ ਦਰਗਾਹ ਦੇ ਨੇੜੇ ਸਥਿਤ ਗੁਰੂ ਨਾਨਕ ਦੇਵ ਜੀ ਨੂੰ ਸਮਰਪਤ ਇਤਿਹਾਸਕ ਗੁਰਦੁਆਰੇ ਨੂੰ ਕਥਿਤ ਤੌਰ ’ਤੇ ਦਰਗਾਹ ਦੇ ਵਿਹੜੇ ਵਿਚ ਮਿਲਾ ਲਿਆ ਗਿਆ ਹੈ।

ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸਿੰਘ ਨੇ ਅਪਣੇ ਪੱਤਰ ਵਿਚ ਕਿਹਾ ਕਿ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ 16ਵੀਂ ਸਦੀ ਦੇ ਸ਼ੁਰੂ ਵਿਚ ਮੱਕਾ ਤੋਂ ਵਾਪਸ ਆਉਂਦੇ ਸਮੇਂ ਇਰਾਕ ਦੇ ਬਗਦਾਦ ਵਿਚ ਰੁਕੇ ਸਨ, ਜਿੱਥੇ ਉਨ੍ਹਾਂ ਦੀ ‘‘ਇਕ ਮੁਸਲਿਮ ਦਰਵੇਸ਼ ਨੂੰ ਮਿਲੇ ਸਨ।’’ ਤਰਲੋਚਨ ਸਿੰਘ ਨੇ ਪੱਤਰ ਵਿਚ ਲਿਖਿਆ, ‘‘ਉਸ ਫ਼ਕੀਰ (ਮੁਸਲਿਮ ਦਰਵੇਸ਼) ਦੀ ਦਰਗਾਹ ਦੇ ਨੇੜੇ ਉਸ ਸਥਾਨ ’ਤੇ ਇਕ ਗੁਰਦੁਆਰੇ ਦੀ ਸਥਾਪਨਾ ਕੀਤੀ ਗਈ ਸੀ ਅਤੇ ਪਿਛਲੇ 150 ਸਾਲਾਂ ਤੋਂ ਇਸਦੀ ਦੇਖਭਾਲ ਕੀਤੀ ਜਾ ਰਹੀ ਸੀ।’’

ਉਨ੍ਹਾਂ ਪੱਤਰ ਵਿਚ ਕਿਹਾ ਕਿ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ 1993 ਵਿਚ ਅਪਣੀ ਇਰਾਕ ਫੇਰੀ ਦੌਰਾਨ ਉੱਥੇ ਮੱਥਾ ਟੇਕਿਆ ਸੀ। ਉਨ੍ਹਾਂ ਕਿਹਾ, ‘‘ਕੁਝ ਸਿੱਖ ਸ਼ਰਧਾਲੂਆਂ ਨੇ ਦਸਿਆ ਹੈ ਕਿ ਗੁਰਦੁਆਰੇ ਦਾ ਇਕ ਹਿੱਸਾ ਦਰਗਾਹ ਦੇ ਵਿਹੜੇ ਵਿਚ ਮਿਲਾ ਦਿਤਾ ਗਿਆ ਹੈ।’’ ਤਰਲੋਚਨ ਸਿੰਘ ਨੇ ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ਵਿਚ ਲਿਖਿਆ, ‘‘ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਰਾਕ ਵਿਚ ਭਾਰਤੀ ਰਾਜਦੂਤ ਨੂੰ ਤੁਰਤ ਦਖ਼ਲ ਦੇਣ ਅਤੇ ਇਰਾਕੀ ਸਰਕਾਰ ਨੂੰ ਗੁਰਦੁਆਰੇ ਦੀ ਮੁਰੰਮਤ ਕਰਨ ਦੀ ਬੇਨਤੀ ਕਰਨ।’’