ਪੰਜਾਬਣਾਂ ਨੇ ਜਰਮਨੀ 'ਚ ਗੱਡੇ ਝੰਡੇ: ਪੰਜਾਬ ਦੀਆਂ 2 ਧੀਆਂ ਦੀ ਜਰਮਨ ਪੁਲਿਸ ਵਿਚ ਹੋਈ ਚੋਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਕੀਆਂ ਭੈਣਾਂ ਹਨ ਕਿਰਨਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ 

Kiranpreet Kaur and Komalpreet Kaur

ਮੋਹਾਲੀ : ਦੇਸ਼ਾਂ-ਵਿਦੇਸ਼ਾਂ ਵਿਚ ਵਸਦੇ ਪੰਜਾਬੀ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਦੇ ਅਤੇ ਉੱਚ ਅਹੁਦਿਆਂ 'ਤੇ ਪਹੁੰਚ ਕੇ ਸਿਰਫ ਸੂਬੇ ਹੀ ਨਹੀਂ ਸਗੋਂ ਪੂਰੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ। ਜਰਮਨੀ ਦੇ ਸਮੂਹ ਪੰਜਾਬੀ ਭਾਈਚਾਰੇ ਲਈ ਬਹੁਤ ਹੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਸਾਡੀਆਂ ਦੋ ਪੰਜਾਬੀ ਬੱਚਿਆਂ ਜਰਮਨ ਪੁਲਿਸ ਵਿੱਚ ਚੁਣੀਆਂ ਗਈਆਂ। ਕਿਰਨਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਦੋਨੋਂ ਸਕੀਆਂ ਜੋੜੀਆਂ ਭੈਣਾ ਹਨ। "ਹਿੰਮਤੇ ਮਰਦਾ ਮਦਦ-ਏ ਖੁਦਾ" ਵਾਲੇ ਅਖਾਣ ਵਾਂਗ ਦੋਨਾਂ ਦਾ ਸੁਫਨਾ ਪੁਲਿਸ ਵਿੱਚ ਭਰਤੀ ਹੋਣ ਦਾ ਸੀ ਜੋ ਦੋਵਾਂ ਨੇ ਸਖ਼ਤ ਮਿਹਨਤ ਸਦਕਾ ਅਪਨੇ ਇਸ ਸੁਫਨੇ ਨੂੰ ਸਾਕਾਰ ਕੀਤਾ ਹੈ।

ਇਸ ਬਾਰੇ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਬਾਹਰ ਆ ਕੇ ਜਿੱਥੇ ਆਰਥਿਕ ਤਰੱਕੀ ਲਈ ਕੜੀ ਮਿਹਨਤ ਕੀਤੀ ਉਥੇ ਬੱਚਿਆ ਦੇ ਚੰਗੇ ਭਵਿੱਖ ਲਈ ਵੀ ਫਿਕਰਮੰਦ ਸੀ। ਜਰਮਨੀ ਵਿੱਚ ਪੰਜਾਬੀ ਜਾਂ ਸਿੱਖ ਭਾਈਚਾਰਾ ਤਕਰੀਬਨ 35 ਸਾਲ ਪੁਰਾਣਾ ਹੇ ਤੇ ਇਹ ਪੰਜਾਬੀਆਂ ਦੀ ਪਹਲੀ ਪੀੜ੍ਹੀ ਹੈ। ਹੋਰ ਵੀ ਕਈ ਉਚ ਖੇਤਰਾਂ ਵਿੱਚ ਪੰਜਾਬੀ ਬੱਚਿਆਂ ਨੇ ਮੱਲਾਂ ਮਾਰੀਆ ਸਨ ਪਰ ਪੁਲਿਸ ਵਿੱਚ ਬਹੁਤ ਹੀ ਘੱਟ ਸਨ ਅਤੇ ਕੁੜੀਆਂ ਤਾਂ ਅਜੇ ਬਿਲਕੁਲ ਨਹੀਂ ਸਨ।

ਇਹ ਬੱਚੀਆਂ ਦਾ ਜਨਮ ਤਕਰੀਬਨ 20-21 ਸਾਲ ਪਹਿਲਾਂ ਹੋਇਆ।ਇਹ ਉਹ ਸਮਾਂ ਸੀ ਜਦੋ ਬੱਚੀਆਂ ਨੂੰ ਖੁਸ਼ੀ ਨਾਲ ਨਹੀਂ ਸਵੀਕਾਰਿਆ ਜਾਂਦਾ ਸੀ, ਬੱਚੀਆਂ ਨੂੰ ਬੋਝ, ਕਮਜ਼ੋਰੀ ਅਤੇ ਹੀਣ ਭਾਵਨਾ ਦੇ ਤੌਰ 'ਤੇ ਵੇਖਿਆ ਜਾਂਦਾ ਸੀ ਤੇ ਅੱਜ ਵੀ ਇਹ ਮਾਨਸਿਕਤਾ ਪੂਰੀ ਤਰਾਂ ਨਾਲ ਖਤਮ ਨਹੀਂ ਹੋਈ। ਇਨ੍ਹਾਂ ਬੱਚਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਕੁੜੀਆਂ ਕਿਸੇ ਵੀ ਤਰ੍ਹਾਂ ਘੱਟ ਨਹੀਂ, ਕੁੜੀਆ ਪ੍ਰਮਾਤਮਾ ਵਲੋਂ ਬਖ਼ਸ਼ਿਆ ਸੱਭ ਤੋਂ ਵੱਡਾ ਅਨਮੋਲ ਧੰਨ ਹਨ। ਕੁੜੀਆ ਹੋਣਾ ਫਖਰ ਦੀ ਗੱਲ ਹੇ ਹਰ ਘਰ ਵਿੱਚ ਬੱਚੀਆ ਦਾ ਹੋਣਾ ਘਰ ਦੇ ਸਵਰਗ ਹੋਣ ਦਾ ਪ੍ਰਤੀਕ ਹੈ।

ਕੋਮਲਪ੍ਰੀਤ ਕੌਰ ਅਤੇ ਕਿਰਨਪ੍ਰੀਤ ਕੌਰ ਦੀ ਇਸ ਪ੍ਰਾਪਤੀ ਲਈ ਉਨ੍ਹਾਂ ਨੂੰ ਹਰ ਕੋਈ ਸ਼ੁਭਕਾਮਨਾਵਾਂ ਅਤੇ ਮੁਬਾਰਕਬਾਦ ਦੇ ਰਿਹਾ ਹੈ। ਇੰਨਾ ਹੀ ਨਹੀਂ ਸਗੋਂ ਉਨ੍ਹਾਂ ਦੇ ਮਾਤਾ ਪਿਤਾਅਮਨਪ੍ਰੀਤ ਸਿੰਘ ਅਤੇ ਬਲਜਿੰਦਰ ਕੌਰ ਸਮੇਤ ਸਮੂਹ ਰਿਸ਼ਤੇਦਾਰਾਂ ਦੇ ਘਰ ਵੀ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਇਹ ਪਰਿਵਾਰ ਹਮੇਸ਼ਾ ਪੰਜਾਬੀ ਭਾਈ ਚਾਰੇ ਲਈ ਆਵਾਜ਼ ਬੁਲੰਦ ਕਰਦੇ ਹਨ ਸਮਾਜਿਕ ਅਤੇ ਸਭਿਆਚਾਰ ਵਾਸਤੇ ਲਈ ਵੀ ਹਮੇਸ਼ਾ ਸਰਗਰਮ ਰਹਿੰਦਾ ਹੈ।