ਸਟੀਲ ਕਾਰੋਬਾਰੀ ਮਿੱਤਲ ਨੇ ਛਡਿਆ ਬਰਤਾਨੀਆ, ਟੈਕਸ ਵਿਚ ਅਨੁਮਾਨਤ ਵਾਧੇ ਤੋਂ ਬਚਣ ਲਈ ਚੁਕਿਆ ਕਦਮ
2025 ਦੀ ‘ਸੰਡੇ ਟਾਈਮਜ਼ ਅਮੀਰਕ ਸੂਚੀ' ਅਨੁਸਾਰ ਆਰਸੇਲਰ ਮਿੱਤਲ ਸਟੀਲਵਰਕਸ ਦੇ ਸੰਸਥਾਪਕ ਦੀ ਦੌਲਤ 15.4 ਅਰਬ ਪੌਂਡ ਹੈ,
ਲੰਡਨ: ਭਾਰਤੀ ਮੂਲ ਦੇ ਸਟੀਲ ਕੰਪਨੀ ਮਾਲਕ ਲਕਸ਼ਮੀ ਐਨ. ਮਿੱਤਲ, ਜੋ ਹੁਣ ਤਕ ਬਰਤਾਨੀਆਂ ਵਿਚ ਰਹਿੰਦੇ ਹਨ ਅਤੇ ਦੇਸ਼ ਦੇ ਸੱਭ ਤੋਂ ਅਮੀਰ ਅਰਬਪਤੀਆਂ ਦੀ ਗਿਣਤੀ ਵਿਚ ਸ਼ਾਮਲ ਰਹੇ ਹਨ, ਨੇ ਬਰਤਾਨੀਆਂ ਛੱਡਣ ਦਾ ਫੈਸਲਾ ਕੀਤਾ ਹੈ। ‘ਸੰਡੇ ਟਾਈਮਜ਼’ ਅਨੁਸਾਰ ਰਾਜਸਥਾਨ ’ਚ ਜਨਮੇ ਮਿੱਤਲ ਟੈਕਸ ਲਈ ਸਵਿਟਜ਼ਰਲੈਂਡ ਦੇ ਨਾਗਰਿਕ ਹਨ, ਅਤੇ ਹੁਣ ਉਹ ਅਪਣਾ ਜ਼ਿਆਦਾਤਰ ਭਵਿੱਖ ਦੁਬਈ ’ਚ ਬਿਤਾਉਣਗੇ।
2025 ਦੀ ‘ਸੰਡੇ ਟਾਈਮਜ਼ ਅਮੀਰਕ ਸੂਚੀ’ ਅਨੁਸਾਰ ਆਰਸੇਲਰ ਮਿੱਤਲ ਸਟੀਲਵਰਕਸ ਦੇ ਸੰਸਥਾਪਕ ਦੀ ਦੌਲਤ 15.4 ਅਰਬ ਪੌਂਡ ਹੈ, ਜਿਸ ਨੇ ਉਨ੍ਹਾਂ ਨੂੰ ਯੂ.ਕੇ. ਦਾ ਅੱਠਵਾਂ ਸੱਭ ਤੋਂ ਅਮੀਰ ਵਿਅਕਤੀ ਦਰਜਾ ਦਿਤਾ ਹੈ। ਹੁਣ, ਅਖਬਾਰ ਨੇ 75 ਸਾਲ ਦੇ ਉਦਯੋਗਪਤੀ ਦੇ ਨਜ਼ਦੀਕੀ ਸੂਤਰਾਂ ਦਾ ਹਵਾਲਾ ਦਿਤਾ ਹੈ ਕਿ ਉਹ ਬੁਧਵਾਰ ਨੂੰ ਪੇਸ਼ ਕੀਤੇ ਜਾ ਰਹੇ ਦੇਸ਼ ਦੇ ਬਜਟ ਤੋਂ ਪਹਿਲਾਂ ਯੂ.ਕੇ. ਛੱਡਣ ਵਾਲੇ ਤਾਜ਼ਾ ਅਰਬਪਤੀ ਬਣ ਗਏ ਹਨ।
ਅਖਬਾਰ ਦਾ ਦਾਅਵਾ ਹੈ ਕਿ ਮਿੱਤਲ ਦੀ ਪਹਿਲਾਂ ਹੀ ਦੁਬਈ ਵਿਚ ਇਕ ਹਵੇਲੀ ਹੈ ਅਤੇ ਹੁਣ ਉਨ੍ਹਾਂ ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਨੇੜਲੇ ਨਾਇਆ ਟਾਪੂ ਉਤੇ ਇਕ ਦਿਲਚਸਪ ਜਾਇਦਾਦ ਦੇ ਹਿੱਸੇ ਖਰੀਦੇ ਹਨ। ਮਿੱਤਲ ਦੇ ਬਾਹਰ ਨਿਕਲਣ ਦੀ ਖ਼ਬਰ ਅਮੀਰਾਂ ਉਤੇ ਟੈਕਸ ਵਾਧੇ ਦੀ ਉਮੀਦ ਤੋਂ ਪਹਿਲਾਂ ਆਈ ਹੈ, ਜਦੋਂ ਯੂ.ਕੇ. ਦੀ ਵਿੱਤ ਮੰਤਰੀ ਰੀਚਲ ਰੀਵਜ਼ ਅਪਣੇ ਬਜਟ ਵਿਚ 20 ਅਰਬ ਪੌਂਡ ਹੋਰ ਟੈਕਸ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਗਲੇ ਹਫਤੇ ਚਾਂਸਲਰ ਦੇ ਤੌਰ ਉਤੇ ਉਨ੍ਹਾਂ ਦੇ ਦੂਜੇ ਬਜਟ ਵਿਚ ਹੋਰ ਟੈਕਸ ਲਗਾਉਣ ਦੀਆਂ ਅਫਵਾਹਾਂ, ਜਿਸ ਵਿਚ ਯੂ.ਕੇ. ਛੱਡਣ ਵਾਲਿਆਂ ਉਤੇ ਸੰਭਾਵਤ 20 ਫ਼ੀ ਸਦੀ ਐਗਜ਼ਿਟ ਟੈਕਸ ਸ਼ਾਮਲ ਹੈ, ਨੇ ਅਮੀਰਾਂ ਵਿਚ ਬਹੁਤ ਬੇਚੈਨੀ ਪੈਦਾ ਕੀਤੀ ਹੈ। (ਪੀਟੀਆਈ)