ਭਾਰਤੀ ਮੂਲ ਦੇ ਅਮਰੀਕੀ ਖੁਫ਼ੀਆ ਵਿਭਾਗ ਮੁਖੀ ਉਲਝੇ ਵਿਵਾਦ ’ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰੇਮਿਕਾ ਲਈ ਲਗਾ ਦਿਤੀਆਂ ‘ਸਵਾਟ’ ਸੁਰੱਖਿਆ ਦੀਆਂ ਟੀਮਾਂ

Indian-origin US intelligence chief embroiled in controversy

ਵਾਸ਼ਿੰਗਟਨ: ਅਮਰੀਕੀ ਖੁਫੀਆ ਏਜੰਸੀ ਐਫ.ਬੀ.ਆਈ. ਦੇ ਭਾਰਤੀ ਮੂਲ ਦੇ ਡਾਇਰੈਕਟਰ ਕਾਸ਼ ਪਟੇਲ ਵਿਵਾਦ ਵਿਚ ਉਲਝ ਗਏ ਹਨ। ਇਕ ਪਾਸੇ ਨਾਲ ਜਿੱਥੇ ਉਨ੍ਹਾਂ ਉਤੇ ਸਰਕਾਰੀ ਜਹਾਜ਼ ਦੀ ਦੁਰਵਰਤੋਂ ਕਰਨ ਦਾ ਦੋਸ਼ ਲੱਗ ਰਿਹਾ ਹੈ, ਉੱਥੇ ਹੁਣ ਕਾਸ਼ ਪਟੇਲ ਵਲੋਂ ਅਪਣੀ ਪ੍ਰੇਮਿਕਾ ਦੀ ਸੁਰੱਖਿਆ ’ਚ ਐਫ.ਬੀ.ਆਈ. ਸਵੈਟ ਦੀ ਤਾਇਨਾਤੀ ਨੂੰ ਲੈ ਕੇ ਵੀ ਹੰਗਾਮਾ ਸ਼ੁਰੂ ਹੋ ਗਿਆ ਹੈ। ਦਰਅਸਲ, ਕਾਸ਼ ਪਟੇਲ ਦੀ 27 ਸਾਲ ਦੀ ਪ੍ਰੇਮਿਕਾ ਅਲੈਕਸਿਸ ਵਿਲਕਿਨਜ਼ ਇਕ ਗਾਇਕਾ ਹੈ। ਉਸ ਦੇ ਇਕ  ਪ੍ਰੋਗਰਾਮ ਲਈ, ਕਾਸ਼ ਨੇ ਐਫ.ਬੀ.ਆਈ. ਸਵਾਟ ਟੀਮ ਦੇ ਦੋ ਮੈਂਬਰਾਂ ਨੂੰ ਸੁਰੱਖਿਆ ਲਈ ਤਾਇਨਾਤ ਕੀਤਾ ਸੀ, ਪਰ ਉਹ ਪ੍ਰੋਗਰਾਮ ਵਿਚ ਉਸ ਨੂੰ ਸੁਰੱਖਿਅਤ ਉਤੇ ਭੇਜਣ ਤੋਂ ਬਾਅਦ ਵਾਪਸ ਆ ਗਏ। ਇਸ ਤੋਂ ਨਾਰਾਜ਼ ਕਾਸ਼ ਪਟੇਲ ਦੀ ਐਫ.ਬੀ.ਆਈ. ਸਵਾਟ ਦੇ ਟੀਮ ਕਮਾਂਡਰ ਨਾਲ ਤਿੱਖੀ ਬਹਿਸ ਹੋ ਗਈ, ਜਿਸ ਨੂੰ ਲੈ ਕੇ ਵਿਵਾਦ ਹੋਰ ਡੂੰਘਾ ਹੋ ਰਿਹਾ ਹੈ।

ਮੀਡੀਆ ਰੀਪੋਰਟਾਂ ਮੁਤਾਬਕ ਕਾਸ਼ ਪਾਟਲੇ ਨੇ ਐਫ.ਬੀ.ਆਈ. ਬਿਊਰੋ ਦੇ ਅਟਲਾਂਟਾ ਫੀਲਡ ਆਫਿਸ ਨੂੰ ਕਿਹਾ ਸੀ ਕਿ ਉਹ ਸਵਾਟ ਟੀਮ ਨੂੰ ਸਮਾਗਮ ਦੌਰਾਨ ਸੁਰੱਖਿਆ ਦੇ ਨਜ਼ਰੀਏ ਤੋਂ ਕਾਸ਼ ਦੀ ਪ੍ਰੇਮਿਕਾ ਉਤੇ ਨਜ਼ਰ ਰੱਖਣ ਲਈ ਕਹੇ। ਮੌਜੂਦਾ ਅਤੇ ਸਾਬਕਾ ਐਫ.ਬੀ.ਆਈ. ਅਧਿਕਾਰੀਆਂ ਨੇ ਗੁੱਸਾ ਜ਼ਾਹਰ ਕੀਤਾ ਅਤੇ ਇਸ ਨੂੰ ਸਰਕਾਰੀ ਸਰੋਤਾਂ ਦੀ ਘੋਰ ਦੁਰਵਰਤੋਂ ਕਰਾਰ ਦਿਤਾ। ਇੰਨਾ ਹੀ ਨਹੀਂ, ਇਕ  ਸਾਬਕਾ ਮਰੀਨ ਅਤੇ ਐਫ.ਬੀ.ਆਈ. ਏਜੰਟ ਨੇ ਕਿਹਾ ਕਿ ਕਾਸ਼ ਪਟੇਲ ਵਲੋਂ ਪ੍ਰੇਮਿਕਾ ਲਈ ਸਵਾਟ ਦੀ ਤਾਇਨਾਤੀ ਉਸ ਦੀ ਲੀਡਰਸ਼ਿਪ ਦੇ ਤਜ਼ਰਬੇ ਦੀ ਘਾਟ ਹੈ।

ਐਫ.ਬੀ.ਆਈ. ਦੇ ਮੁਖੀ ਕਾਸ਼ ਪਟੇਲ ਦੀ ਪ੍ਰੇਮਿਕਾ ਅਲੈਕਸਿਸ ਵਿਲਕਿਨਜ਼ ਇਕ  ਦੇਸ਼ ਭਗਤੀ ਅਤੇ ਪੁਰਾਣੇ ਦੌਰ ਦੇ ਪੌਪ ਗਾਣੇ ਗਾਉਂਦੀ ਹੈ। ਦਰਅਸਲ, ਅਲੈਕਸਿਸ ਕਹਿੰਦੀ ਹੈ ਕਿ ਉਸ ਨੂੰ ਉਸ ਦੇ ਸਿਆਸੀ ਅਕਸ ਅਤੇ ਐਫ.ਬੀ.ਆਈ. ਡਾਇਰੈਕਟਰ ਨਾਲ ਨੇੜਤਾ ਦੇ ਕਾਰਨ ਨਿਸ਼ਾਨਾ ਬਣਾਇਆ ਗਿਆ ਹੈ।