Peshawar ’ਚ ਪੈਰਾਮਿਲਟਰੀ ਫੋਰਸ ਦੇ ਦਫ਼ਤਰ ’ਤੇ ਆਤਮਘਾਤੀ ਅੱਤਵਾਦੀ ਹਮਲਾ
ਹਮਲੇ ਦੌਰਾਨ ਤਿੰਨ ਪਾਕਿ ਫੌਜੀਆਂ ਸਮੇਤ 3 ਹਮਲਾਵਰਾਂ ਦੀ ਹੋਈ ਮੌਤ
ਇਸਲਾਮਾਬਾਦ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੀ ਰਾਜਧਾਨੀ ਪੇਸ਼ਾਵਰ ਵਿੱਚ ਇੱਕ ਅੱਤਵਾਦੀ ਹਮਲੇ ਦੀ ਖਬਰ ਪ੍ਰਾਪਤ ਹੋਈ ਹੈ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਨੁਸਾਰ ਸੋਮਵਾਰ ਸਵੇਰੇ ਪੇਸ਼ਾਵਰ ਵਿੱਚ ਫੈਡਰਲ ਕਾਂਸਟੇਬੁਲਰੀ (ਐਫਸੀ) ਮੁੱਖ ਦਫ਼ਤਰ 'ਤੇ ਆਤਮਘਾਤੀ ਅੱਤਵਾਦੀ ਹਮਲਾ ਹੋਇਆ । ਪੇਸ਼ਾਵਰ ਦੇ ਕੈਪੀਟਲ ਸਿਟੀ ਪੁਲਿਸ ਅਧਿਕਾਰੀ ਡਾ. ਮੀਆਂ ਸਈਦ ਅਹਿਮਦ ਨੇ ਹਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸੁਰੱਖਿਆ ਬਲਾਂ ਅਤੇ ਹਮਲਾਵਰਾਂ ਵਿਚਕਾਰ ਰੁਕ-ਰੁਕ ਕੇ ਗੋਲੀਬਾਰੀ ਜਾਰੀ ਹੈ । ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ, ਜਿਸ ਨਾਲ ਸੁਰੱਖਿਆ ਬਲਾਂ ਨੂੰ ਤੁਰੰਤ ਜਵਾਬੀ ਕਾਰਵਾਈ ਕਰਨੀ ਪਈ । ਪਾਕਿਸਤਾਨੀ ਫੌਜ ਨੇ 3 ਸੈਨਿਕਾਂ ਦੀ ਮੌਤ ਅਤੇ ਪੰਜ ਹੋਰਨਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ । ਆਤਮਘਾਤੀ ਹਮਲੇ ਦੌਰਾਨ ਤਿੰਨ ਅੱਤਵਾਦੀ ਵੀ ਮਾਰੇ ਗਏ ਹਨ।
ਸਥਿਤੀ ਨੂੰ ਕਾਬੂ ਕਰਨ ਲਈ ਵਾਧੂ ਸੁਰੱਖਿਆ ਫੋਰਸ ਨੂੰ ਤਾਇਨਾਤ ਕਰਕੇ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ । ਪੁਲਿਸ ਅਤੇ ਰੈਪਿਡ ਰਿਐਕਸ਼ਨ ਫੋਰਸ ਦੀਆਂ ਟੀਮਾਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ । ਸੁਰੱਖਿਆ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇੱਕ ਆਤਮਘਾਤੀ ਹਮਲਾਵਰ ਨੇ ਐਫਸੀ ਹੈੱਡਕੁਆਰਟਰ ਦੇ ਗੇਟ 'ਤੇ ਆਪਣੇ ਆਪ ਨੂੰ ਉਡਾ ਲਿਆ।