Putin Trump Relation: 2020 ’ਚ ਟਰੰਪ ਨਾਲ ਨਾ ਹੁੰਦੀ ਬੇਇਨਸਾਫ਼ੀ ਤਾਂ ਟਲ ਜਾਂਦੀ ਰੂਸ-ਯੂਕਰੇਨ ਜੰਗ : ਪੁਤਿਨ
Putin Trump Relation: ਕਿਹਾ, ਟਰੰਪ ਇਕ ‘ਸਮਾਰਟ ਤੇ ਪ੍ਰੈਕਟਿਕਲ’ ਵਿਅਕਤੀ ਹਨ
Putin Trump Relation: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ‘ਸਮਾਰਟ ਤੇ ਪ੍ਰੈਕਟਿਲ’ ਵਿਅਕਤੀ ਦਸਿਆ ਹੈ। ਉਨ੍ਹਾਂ ਕਿਹਾ ਹੈ ਕਿ 2020 ਵਿਚ ਟਰੰਪ ਰਾਸ਼ਟਰਪਤੀ ਬਣ ਜਾਂਦੇ ਤਾਂ ਅੱਜ ਰੂਸ-ਯੂਕਰੇਨ ਜੰਗ ਦੇ ਮੈਦਾਨ ਵਿਚ ਨਾ ਹੁੰਦੇ। ਦਰਅਸਲ, ਸਵਿਟਜ਼ਰਲੈਂਡ ਦੇ ਦਾਵੋਸ ਵਿਚ ਵਿਸ਼ਵ ਆਰਥਕ ਫ਼ੋਰਮ ਵਿਚ ਬੋਲਦੇ ਹੋਏ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਉਹ ਸਾਊਦੀ ਅਰਬ ਅਤੇ ਓਪੇਕ ਨੂੰ ਤੇਲ ਦੀਆਂ ਕੀਮਤਾਂ ਘੱਟ ਕਰਨ ਲਈ ਕਹਿਣਗੇ, ਜੇ ਤੇਲ ਦੀਆਂ ਕੀਮਤਾਂ ਘੱਟ ਹੁੰਦੀਆਂ ਹਨ ਤਾਂ ਰੂਸ-ਯੂਕਰੇਨ ਯੁੱਧ ਤੁਰਤ ਖ਼ਤਮ ਹੋ ਜਾਵੇਗਾ।
ਇਸ ਬਿਆਨ ਦੇ ਜਵਾਬ ’ਚ ਪੁਤਿਨ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਜਾਂ ਬਹੁਤ ਘੱਟ ਹੋਣ ਨਾਲ ਰੂਸੀ ਅਤੇ ਅਮਰੀਕੀ ਅਰਥਵਿਵਸਥਾਵਾਂ ’ਤੇ ਮਾੜਾ ਅਸਰ ਪਵੇਗਾ। ਪੁਤਿਨ ਨੇ ਕਿਹਾ, ‘ਉਹ ਨਾ ਸਿਰਫ਼ ਇਕ ਬੁੱਧੀਮਾਨ ਵਿਅਕਤੀ ਹਨ, ਸਗੋਂ ਇਕ ਵਿਹਾਰਕ ਵਿਅਕਤੀ ਵੀ ਹਨ। ਮੈਨੂੰ ਇਹ ਕਲਪਨਾ ਕਰਨਾ ਮੁਸ਼ਕਲ ਲੱਗਦਾ ਹੈ ਕਿ ਅਜਿਹੇ ਫ਼ੈਸਲੇ ਲਏ ਜਾਣਗੇ ਜੋ ਅਮਰੀਕੀ ਅਰਥਵਿਵਸਥਾ ਲਈ ਨੁਕਸਾਨਦੇਹ ਹੋਣਗੇ।
ਪੁਤਿਨ ਨੇ ਇਹ ਵੀ ਕਿਹਾ ਕਿ ਰੂਸ ਅਤੇ ਯੂਕਰੇਨ ਵਿਚਾਲੇ ਜਦੋਂ 2022 ’ਚ ਤਣਾਅ ਵਧ ਰਿਹਾ ਸੀ, ਉਦੋਂ ਜੇਕਰ ਟਰੰਪ ਅਮਰੀਕਾ ਵਿਚ ਸੱਤਾ ’ਚ ਹੁੰਦੇ ਤਾਂ ਜੰਗ ਨੂੰ ਟਾਲਿਆ ਜਾ ਸਕਦਾ ਸੀ। ਪੁਤਿਨ ਨੇ ਇਕ ਸਰਕਾਰੀ ਟੀਵੀ ਰਿਪੋਰਟਰ ਨੂੰ ਕਿਹਾ, ‘‘ਮੈਂ ਉਨ੍ਹਾਂ ਨਾਲ ਸਹਿਮਤ ਹਾਂ ਕਿ ਜੇਕਰ ਉਹ ਰਾਸ਼ਟਰਪਤੀ ਹੁੰਦੇ, ਜੇਕਰ 2020 ਵਿਚ ਉਨ੍ਹਾਂ ਦੀ ਜਿੱਤ ਨੂੰ ਸਵੀਕਾਰ ਕਰ ਲਿਆ ਗਿਆ ਹੁੰਦਾ, ਤਾਂ ਸ਼ਾਇਦ ਯੂਕਰੇਨ ਵਿਚ 2022 ਜੋ ਸੰਕਟ ਪੈਦਾ ਹੋਇਆ, ਉਹ ਨਾ ਹੁੰਦਾ।’’
ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਚੋਣ ਪ੍ਰਚਾਰ ਦੌਰਾਨ ਡੋਨਾਲਡ ਟਰੰਪ ਇਹ ਕਹਿੰਦੇ ਰਹੇ ਹਨ ਕਿ ਜੇਕਰ ਉਹ 2020 ’ਚ ਅਮਰੀਕਾ ਦੇ ਰਾਸ਼ਟਰਪਤੀ ਬਣਦੇ ਤਾਂ 2022 ’ਚ ਰੂਸ ਅਤੇ ਯੂਕਰੇਨ ਨੂੰ ਜੰਗ ਦੀ ਅੱਗ ’ਚ ਨਾ ਸੜਨ ਦਿੰਦੇ।