ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਘਟੀ
2025 'ਚ ਸਿਰਫ਼ 90,454 ਭਾਰਤੀ ਵਿਦਿਆਰਥੀਆਂ ਨੂੰ ਪਰਮਿਟ ਹੋਏ ਜਾਰੀ
ਚੰਡੀਗੜ੍ਹ : ਕੈਨੇਡਾ ’ਚ ਪੜ੍ਹਾਈ ਲਈ ਜਾਣ ਵਾਲੇ ਪੰਜਾਬੀ ਅਤੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਚ 2022 ਅਤੇ 2023 ਦੇ ਮੁਕਾਬਲੇ 2024 ਅਤੇ 2025 'ਚ ਘਟੀ ਹੈ । ਇਨ੍ਹਾਂ 'ਚ ਪੰਜਾਬੀ ਵਿਦਿਆਰਥੀਆਂ ਦਾ ਵੱਡਾ ਹਿੱਸਾ ਵੀ ਸ਼ਾਮਿਲ ਹੈ । ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਅਨੁਸਾਰ 2022 'ਚ ਭਾਰਤੀ ਵਿਦਿਆਰਥੀਆਂ ਨੂੰ ਲਗਭਗ 2,25,835 ਸਟੱਡੀ ਪਰਮਿਟ ਜਾਰੀ ਕੀਤੇ ਗਏ ਸਨ ਜਦਿਕ 2023 'ਚ ਇਹ ਗਿਣਤੀ ਵਧ ਕੇ 2,78,005 ਹੋ ਗਈ ਸੀ ਪਰ ਸਾਲ 2024 'ਚ ਭਾਰਤੀਆਂ ਨੂੰ ਸਿਰਫ਼ 1,88,255 ਅਤੇ 2025 ’ਚ ਇਕ ਅੰਦਾਜ਼ੇ ਅਨੁਸਾਰ ਸਿਰਫ਼ 90,454 ਭਾਰਤੀਆਂ ਨੂੰ ਹੀ ਪੜ੍ਹਾਈ ਦੇ ਪਰਮਿਟ ਜਾਰੀ ਕੀਤੇ ਗਏ, ਜੋ 2023 ਨਾਲੋਂ ਤੀਜੇ ਹਿੱਸੇ ਤੋਂ ਵੀ ਘੱਟ ਹਨ ।
ਜਨਵਰੀ ਤੋਂ ਅਗਸਤ 2025 ਤੱਕ ਸਿਰਫ਼ 9,995 ਭਾਰਤੀਆਂ ਨੂੰ ਹੀ ਪੜ੍ਹਾਈ ਦੀ ਇਜਾਜ਼ਤ ਮਿਲੀ ਹੈ, ਜਦਕਿ ਇਸੇ ਮਿਆਦ 'ਚ 2023 'ਚ 1,49,875 ਵਿਦਿਆਰਥੀਆਂ ਨੂੰ ਇਹ ਇਜਾਜ਼ਤ ਮਿਲੀ ਸੀ । ਇਸ ਗਿਰਾਵਟ ਦਾ ਕਾਰਨ ਜਨਵਰੀ 2024 'ਚ ਲਾਗੂ ਕੀਤੇ ਗਏ ਨਵੇਂ ਨਿਯਮ, ਧੋਖਾਧੜੀ ਦੀ ਜਾਂਚ, ਵਿੱਤੀ ਜ਼ਰੂਰਤਾਂ 'ਚ ਵਾਧਾ ਅਤੇ ਭਾਰਤ-ਕੈਨੇਡਾ ਵਿਚਕਾਰ ਕੂਟਨੀਤਕ ਤਣਾਅ ਵੀ ਹਨ। ਭਾਰਤੀ ਵਿਦਿਆਰਥੀਆਂ ਵਿਚ 50 ਤੋਂ 60 ਫ਼ੀਸਦੀ ਹਿੱਸਾ ਪੰਜਾਬੀਆਂ ਦਾ ਹੁੰਦਾ ਹੈ। ਇਸੇ ਤਰ੍ਹਾਂ ਕੈਨੇਡਾ ਤੋਂ ਵਾਪਸੀ ਕਰਨ ਵਾਲਿਆਂ ਦੀ ਗਿਣਤੀ ਵੀ ਵਧੀ ਹੈ ਜਦਕਿ ਕੈਨਡਾ ’ਚ ਭਾਰਤੀਆਂ ਨੂੰ ਸ਼ਰਨ ਮਿਲਣ ਦੇ ਆਸਾਰ ਵੀ ਘਟੇ ਹਨ।