ਰੂਸੀ ਹਮਲੇ ਦੌਰਾਨ ਹੱਥਾਂ 'ਚ ਬੰਦੂਕ ਚੁੱਕੀ ਇਸ ਔਰਤ ਦੀ ਫੋਟੋ ਵਾਇਰਲ ਹੋ ਰਹੀ ਹੈ, ਜਾਣੋ ਕੌਣ ਹੈ ਇਹ ਔਰਤ
ਰੂਸ ਅਤੇ ਯੂਕਰੇਨ ਵਿਚਾਲੇ ਯੁੱਧ ਸ਼ੁਰੂ ਹੋ ਗਿਆ ਹੈ। ਰੂਸ ਨੇ ਯੂਕਰੇਨ 'ਤੇ ਹਮਲਾ ਕਰ ਦਿੱਤਾ
ਕੀਵ: ਰੂਸ ਅਤੇ ਯੂਕਰੇਨ ਵਿਚਾਲੇ ਯੁੱਧ ਸ਼ੁਰੂ ਹੋ ਗਿਆ ਹੈ। ਰੂਸ ਨੇ ਯੂਕਰੇਨ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਹਥਿਆਰਾਂ ਨਾਲ ਲੈਸ ਔਰਤ ਦੀ ਫੋਟੋ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਵਾਇਰਲ ਹੋ ਰਹੀ ਇਸ ਤਸਵੀਰ ਵਿੱਚ ਔਰਤ ਦੇ ਹੱਥ ਵਿੱਚ ਇੱਕ ਆਧੁਨਿਕ ਬੰਦੂਕ ਹੈ ਅਤੇ ਇਕ ਹੋਰ ਬੰਦੂਕ ਅਤੇ ਕਈ ਗੋਲੀਆਂ ਨੇੜੇ ਹੀ ਰੱਖੀਆਂ ਹੋਈਆਂ ਹਨ। ਉਸਦਾ ਨਾਮ ਅਲੀਸਾ ਹੈ, ਅਲੀਸਾ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਰਹਿੰਦੀ ਹੈ। ਅਲੀਸਾ ਆਰਮਡ ਫੋਰਸਿਜ਼ ਦੇ ਮਿਲਟਰੀ ਰਿਜ਼ਰਵ ਕਹੇ ਜਾਣ ਵਾਲੇ ਟੈਰੀਟੋਰੀਅਲ ਡਿਫੈਂਸ ਫੋਰਸ ਵਿੱਚ ਸ਼ਾਮਲ ਹੋ ਗਈ ਹੈ।
38 ਸਾਲਾ ਅਲੀਸਾ ਦਾ ਇੱਕ ਬੱਚਾ ਵੀ ਹੈ ਜਿਸ ਦੀ ਉਮਰ 7 ਸਾਲ ਹੈ। ਖਬਰਾਂ ਮੁਤਾਬਿਕ ਫੋਰਸ ਜੁਆਇਨ ਦੇ ਨਾਲ-ਨਾਲ ਅਲੀਸਾ ਸਾਈਬਰ ਸੁਰੱਖਿਆ 'ਚ ਕੰਮ ਕਰਨ ਵਾਲੀ ਸੰਸਥਾ 'ਚ ਮੀਡੀਆ ਰਿਲੇਸ਼ਨਜ਼ ਸਪੈਸ਼ਲਿਸਟ ਵੀ ਹੈ। ਅਲੀਸਾ ਨੇ ਆਪਣੇ ਦਫਤਰ ਦੀ ਨੌਕਰੀ ਦੇ ਨਾਲ ਸ਼ੂਟਿੰਗ ਦੀ ਸਿਖਲਾਈ ਪੂਰੀ ਕੀਤੀ ਅਤੇ ਬਾਅਦ ਵਿੱਚ ਅਲੀਸਾ ਨੇ 1 ਸਾਲ ਤੱਕ ਲੜਨ ਦੇ ਹੁਨਰ ਵੀ ਸਿੱਖ ਲਏ। ਇਸ ਤੋਂ ਬਾਅਦ ਉਹ ਡਿਫੈਂਸ ਯੂਨਿਟ ਵਿਚ ਸ਼ਾਮਲ ਹੋ ਗਈ। ਹਾਲਾਂਕਿ, ਅਲੀਸਾ ਨਹੀਂ ਚਾਹੁੰਦੀ ਕਿ ਉਹ ਲੜਾਈ ਵਿੱਚ ਆਪਣੇ ਹੁਨਰ ਦੀ ਵਰਤੋਂ ਕਰੇ। ਅਲੀਸਾ ਦਾ ਮੰਨਣਾ ਹੈ ਕਿ ਯੁੱਧ ਸਿਰਫ ਤਬਾਹੀ ਲਿਆਉਂਦਾ ਹੈ।
ਅਲੀਸਾ ਕੋਲ 2 ਕੈਲੀਬਰ ਬੰਦੂਕਾਂ ਹਨ। ਜਿਸ ਵਿਚੋਂ ਇਕ ਉਹ ਆਪਣੇ ਘਰ ਰੱਖਦੀ ਹੈ ਅਤੇ ਇਕ ਬੰਦੂਕ ਸਿਖਲਾਈ 'ਤੇ ਲੈ ਕੇ ਜਾਂਦੀ ਹੈ। ਉਸ ਨੇ ਦੱਸਿਆ, 'ਇਸ ਮਾਹੌਲ ਵਿਚ, ਮੈਂ ਜਾਣਦੀ ਹਾਂ ਕਿ ਅਸੁਰੱਖਿਅਤ ਜਗ੍ਹਾ ਤੋਂ ਸੁਰੱਖਿਅਤ ਜਗ੍ਹਾ 'ਤੇ ਕਿਵੇਂ ਜਾਣਾ ਹੈ। ਮੈਂ ਸਮਝਦੀ ਹਾਂ ਕਿ ਜੇਕਰ ਮੈਂ ਅੱਗ ਵਿੱਚ ਹਾਂ ਤਾਂ ਕੀ ਕਰਨਾ ਹੈ। ਮੈਂ ਇਹ ਵੀ ਜਾਣਦੀ ਹਾਂ ਕਿ ਜੇਕਰ ਕੋਈ ਦੋਸਤ, ਨਾਗਰਿਕ ਜਾਂ ਮੇਰਾ ਕੋਈ ਗੁਆਂਢੀ ਅੱਗ ਦੀ ਲਪੇਟ ਵਿੱਚ ਆ ਜਾਂਦਾ ਹੈ ਜਾਂ ਕਿਸੇ ਕਿਸਮ ਦੀ ਮੁਸੀਬਤ ਦਾ ਸਾਹਮਣਾ ਕਰਦਾ ਹੈ ਤਾਂ ਮੈਂ ਉਸਦੀ ਮਦਦ ਕਿਵੇਂ ਕਰਾਂ।
ਅਲੀਸਾ ਆਪਣੀ ਸਿਖਲਾਈ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ। ਅਲੀਸਾ ਕਹਿੰਦੀ ਹੈ ਕਿ 'ਮੈਨੂੰ ਟ੍ਰੇਨਿੰਗ 'ਤੇ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਮੈਂ ਹਮੇਸ਼ਾ ਨਵੇਂ ਹੁਨਰ ਸਿੱਖਣਾ ਪਸੰਦ ਕਰਦੀ ਹਾਂ, ਜਿਸ ਨਾਲ ਮੇਰਾ ਆਤਮਵਿਸ਼ਵਾਸ ਅਤੇ ਹੌਂਸਲਾ ਵਧਦਾ ਹੈ। ਇਸ ਤੋਂ ਇਲਾਵਾ ਅਲੀਸਾ ਮੋਟਰਸਾਈਕਲਾਂ ਦੀ ਬਹੁਤ ਵੱਡੀ ਸ਼ੌਕੀਨ ਹੈ ਅਤੇ ਉਹ ਆਪਣੇ ਪਤੀ ਨਾਲ ਕਰੀਬ 50 ਦੇਸ਼ਾਂ ਦੀ ਯਾਤਰਾ ਵੀ ਕਰ ਚੁੱਕੀ ਹੈ।