ਰੂਸ-ਯੂਕਰੇਨ ਤਣਾਅ: ਤੜਕਸਾਰ ਧਮਾਕਿਆਂ ਨਾਲ ਹਿੱਲੀ ਯੂਕ੍ਰੇਨ ਦੀ ਰਾਜਧਾਨੀ ਕੀਵ, ਜੰਗ ਦੇ ਪਹਿਲੇ ਦਿਨ 137 ਲੋਕਾਂ ਦੀ ਮੌਤ
ਚਰਨੋਬਲ 'ਤੇ ਰੂਸ ਦਾ ਕਬਜ਼ਾ
ਕੀਵ - ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਪੁਸ਼ਟੀ ਕੀਤੀ ਹੈ ਕਿ ਯੂਕ੍ਰੇਨ 'ਚ ਰੂਸ ਨਾਲ ਜੰਗ ਦੇ ਪਹਿਲੇ ਦਿਨ 137 ਲੋਕ ਮਾਰੇ ਗਏ। ਉਨ੍ਹਾਂ ਕਿਹਾ ਕਿ ਰਾਜਧਾਨੀ ਕੀਵ ਦੇ ਬਿਲਕੁਲ ਨੇੜੇ ਸਥਿਤ ਚਰਨੋਬਲ ਪ੍ਰਮਾਣੂ ਸਾਈਟ ਹੁਣ ਮਾਸਕੋ ਦੇ ਕੰਟਰੋਲ 'ਚ ਹੈ। ਜ਼ਿਕਰਯੋਗ ਹੈ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ 'ਚ ਸਭ ਤੋਂ ਵੱਡੀ ਫੌਜੀ ਕਾਰਵਾਈ ਦੇ ਹਿੱਸੇ ਵਜੋਂ ਰੂਸ ਨੇ ਯੂਕ੍ਰੇਨ 'ਤੇ ਤਿੰਨ ਪਾਸਿਓਂ ਹਮਲਾ ਕੀਤਾ ਹੈ, ਜਿਸ ਨਾਲ ਇੱਥੋਂ ਦੀ ਸੁਰੱਖਿਆ ਵਿਵਸਥਾ ਪੂਰੀ ਤਰ੍ਹਾਂ ਉਥਲ ਪੁਥਲ ਹੋ ਗਈ ਹੈ।
ਇਸ ਦੌਰਾਨ ਯੂਕ੍ਰੇਨ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਨੂੰ ਤੁਰੰਤ ਮਨੁੱਖੀ ਅਧਿਕਾਰ ਪ੍ਰੀਸ਼ਦ ਦੀ ਬੈਠਕ ਬੁਲਾਉਣ ਦੀ ਮੰਗ ਕੀਤੀ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕ੍ਰੇਨ 'ਚ ਫੌਜੀ ਕਾਰਵਾਈ ਤੁਰੰਤ ਬੰਦ ਕਰਨ ਲਈ ਕਿਹਾ ਹੈ। ਦੱਸ ਦਈਏ ਕਿ ਯੂਕ੍ਰੇਨ 'ਤੇ ਰੂਸੀ ਹਮਲੇ ਖਿਲਾਫ਼ ਖਰੜੇ 'ਤੇ ਸ਼ੁੱਕਰਵਾਰ ਨੂੰ UNSC 'ਚ ਵੋਟਿੰਗ ਹੋਵੇਗੀ। ਇਸ ਦੇ ਨਾਲ ਹੀ ਨਾਟੋ ਐਮਰਜੈਂਸੀ ਸੰਮੇਲਨ ਵੀ ਕਰਵਾਏਗਾ।