Ukraine Russia War: ਯੂਕਰੇਨ ਦਾ ਦਾਅਵਾ - ਰੂਸ ਦੇ 6 ਹੈਲੀਕਾਪਟਰ, 7 ਲੜਾਕੂ ਜਹਾਜ਼ ਅਤੇ 30 ਟੈਂਕ ਕੀਤੇ ਤਬਾਹ
ਯੂਕਰੇਨ ਨੇ ਆਪਣੇ 10,000 ਨਾਗਰਿਕਾਂ ਨੂੰ ਹਥਿਆਰ ਦਿੱਤੇ ਹਨ। ਯੂਕਰੇਨ ਨੇ ਇਨ੍ਹਾਂ ਨਾਗਰਿਕਾਂ ਨੂੰ ਅਸਾਲਟ ਰਾਈਫਲਾਂ ਦਿੱਤੀਆਂ ਹਨ ਤਾਂ ਜੋ ਉਹ ਆਪਣੀ ਸੁਰੱਖਿਆ ਕਰ ਸਕਣ।
ਕੀਵ : ਇੱਕ ਪਾਸੇ ਜਿੱਥੇ ਰੂਸ ਤੇਜ਼ੀ ਨਾਲ ਯੂਕਰੇਨ ਦੇ ਸ਼ਹਿਰਾਂ ਵਿਚ ਦਾਖਲ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਫੌਜੀ ਠਿਕਾਣਿਆਂ ਅਤੇ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ, ਦੂਜੇ ਪਾਸੇ ਰੂਸੀ ਫੌਜ ਨੂੰ ਯੂਕਰੇਨ ਦੀ ਫੌਜ ਦੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲੇ ਦਿਨ ਵੀ ਯੂਕਰੇਨ ਨੇ ਰੂਸੀ ਲੜਾਕੂ ਜਹਾਜ਼ਾਂ ਅਤੇ ਟੈਂਕਾਂ ਨੂੰ ਡੇਗਣ ਦਾ ਦਾਅਵਾ ਕੀਤਾ ਸੀ ਤੇ ਅੱਜ ਫਿਰ ਸ਼ੁੱਕਰਵਾਰ ਨੂੰ ਯੂਕਰੇਨ ਨੇ ਦਾਅਵਾ ਕੀਤਾ ਕਿ ਉਸ ਨੇ ਕੱਲ੍ਹ ਨਾਲੋਂ ਅੱਜ ਰੂਸੀ ਫੌਜ ਨੂੰ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ।
ਰੂਸ 'ਤੇ ਕੀਤੀ ਗਈ ਜਵਾਬੀ ਕਾਰਵਾਈ ਨੂੰ ਲੈ ਕੇ ਯੂਕਰੇਨ ਨੇ ਵੱਡਾ ਦਾਅਵਾ ਕੀਤਾ ਹੈ। ਦਾਅਵੇ ਮੁਤਾਬਕ ਯੂਕਰੇਨ ਨੇ ਰੂਸ ਦੇ 6 ਹੈਲੀਕਾਪਟਰਾਂ ਨੂੰ ਗੋਲੀ ਮਾਰ ਦਿੱਤੀ ਹੈ। ਇਸ ਤੋਂ ਇਲਾਵਾ 7 ਰੂਸੀ ਲੜਾਕੂ ਜਹਾਜ਼ ਵੀ ਯੂਕਰੇਨ ਨੇ ਤਬਾਹ ਕਰ ਦਿੱਤੇ ਹਨ। ਇੰਨਾ ਹੀ ਨਹੀਂ ਯੂਕਰੇਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੇ 30 ਤੋਂ ਜ਼ਿਆਦਾ ਰੂਸੀ ਟੈਂਕਾਂ ਨੂੰ ਤਬਾਹ ਕਰ ਦਿੱਤਾ ਹੈ।
ਯੂਕਰੇਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਕਈ ਥਾਵਾਂ 'ਤੇ ਰੂਸੀ ਸੈਨਿਕਾਂ ਨੂੰ ਹਥਿਆਰ ਸੁੱਟਣ ਲਈ ਮਜ਼ਬੂਰ ਕੀਤਾ ਹੈ। ਯੂਕਰੇਨ ਨੇ ਕਿਹਾ ਹੈ ਕਿ ਉਹ ਜਲਦੀ ਹੀ ਆਤਮ ਸਮਰਪਣ ਕੀਤੇ ਗਏ ਰੂਸੀ ਸੈਨਿਕਾਂ ਦਾ ਵੀਡੀਓ ਜਾਰੀ ਕਰੇਗਾ। ਇਸ ਤੋਂ ਇਲਾਵਾ ਯੂਕਰੇਨ ਨੇ ਆਪਣੇ 10,000 ਨਾਗਰਿਕਾਂ ਨੂੰ ਹਥਿਆਰ ਦਿੱਤੇ ਹਨ। ਯੂਕਰੇਨ ਨੇ ਇਨ੍ਹਾਂ ਨਾਗਰਿਕਾਂ ਨੂੰ ਅਸਾਲਟ ਰਾਈਫਲਾਂ ਦਿੱਤੀਆਂ ਹਨ ਤਾਂ ਜੋ ਉਹ ਆਪਣੀ ਸੁਰੱਖਿਆ ਕਰ ਸਕਣ।
ਇਸ ਦੇ ਨਾਲ ਹੀ ਰੂਸ ਦੀ ਇਹ ਕੋਸ਼ਿਸ਼ ਹੈ ਕਿ ਉਹ ਯੂਕਰੇਨ ਨੂੰ ਚਾਰੇ ਪਾਸਿਓਂ ਘੇਰਾ ਪਾਵੇ ਅਤੇ ਉਸ ਨੂੰ ਜਲਦੀ ਤੋਂ ਜਲਦੀ ਆਤਮ ਸਮਰਪਣ ਕਰਨ ਲਈ ਮਜਬੂਰ ਕਰੇ। ਇੱਕ ਪਾਸੇ ਜਿੱਥੇ ਰੂਸ ਯੂਕਰੇਨ ਦੇ ਵੱਖ-ਵੱਖ ਇਲਾਕਿਆਂ ਵਿਚ ਬੰਬਾਰੀ ਕਰ ਰਿਹਾ ਹੈ। ਰੂਸੀ ਹਮਲੇ ਵਿੱਚ ਹੁਣ ਤੱਕ ਪਹਿਲੇ ਦਿਨ 137 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਕਰੇਨ ਦੀ ਰਾਜਧਾਨੀ ਕੀਵ ਅੱਜ ਸਵੇਰੇ ਦੋ ਜ਼ੋਰਦਾਰ ਧਮਾਕਿਆਂ ਨਾਲ ਹਿੱਲ ਗਈ। ਇਸ ਤੋਂ ਇਲਾਵਾ ਰੂਸੀ ਸੈਨਿਕਾਂ ਨੇ ਯੂਕਰੇਨ ਦੇ ਕੋਨੋਟੋਪ ਸ਼ਹਿਰ ਨੂੰ ਵੀ ਘੇਰ ਲਿਆ ਹੈ। ਬਾਕੀ ਫੋਰਸ ਕਿਯੇਵ ਵੱਲ ਵਧ ਰਹੀ ਹੈ।