ਯੂਕਰੇਨ ਨੇ ਪਹਿਲੀ ਵਾਰੀ ਰੂਸ ਨਾਲ ਜੰਗ ’ਚ ਮਾਰੇ ਜਾਣ ਵਾਲੇ ਫ਼ੌਜੀਆਂ ਦੀ ਪੁਸ਼ਟੀ ਕੀਤੀ, ਜਾਣੋ ਕੀ ਕਿਹਾ ਰਾਸ਼ਟਰਪਤੀ ਜ਼ੇਲੈਂਸਕੀ ਨੇ
ਰੂਸੀ ਹਮਲੇ ਸ਼ੁਰੂ ਹੋਣ ਤੋਂ ਬਾਅਦ 31,000 ਯੂਕਰੇਨੀ ਸੈਨਿਕ ਮਾਰੇ ਗਏ: ਜ਼ੇਲੈਂਸਕੀ
Volodymyr Zelenskyy
ਕੀਵ: ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ ਨੇ ਐਤਵਾਰ ਨੂੰ ਕਿਹਾ ਕਿ ਰੂਸ ਦੇ ਹਮਲੇ ਤੋਂ ਬਾਅਦ ਪਿਛਲੇ ਦੋ ਸਾਲਾਂ ਵਿਚ 31,000 ਯੂਕਰੇਨੀ ਫੌਜੀ ਮਾਰੇ ਗਏ ਹਨ।
ਜ਼ੇਲੈਂਸਕੀ ਨੇ ਕੀਵ ’ਚ ‘ਯੂਕਰੇਨ: ਸਾਲ 2024’ ਫੋਰਮ ’ਚ ਕਿਹਾ, ‘‘ਇਸ ਜੰਗ ’ਚ 31,000 ਯੂਕਰੇਨੀ ਫੌਜੀ ਮਾਰੇ ਗਏ ਹਨ। 300,000 ਜਾਂ 1,50,000 ਨਹੀਂ, ਉਹ ਨਹੀਂ ਜੋ ਪੁਤਿਨ ਅਤੇ ਉਸ ਦੀ ਧੋਖੇਬਾਜ਼ ਮੰਡਲੀ ਨੇ ਝੂਠ ਬੋਲਿਆ ਹੈ। ਪਰ ਫਿਰ ਵੀ, ਇਨ੍ਹਾਂ ’ਚੋਂ ਹਰ ਕਿਸੇ ਦੀ ਜਾਨ ਗੁਆਉਣਾ ਸਾਡੇ ਲਈ ਇਕ ਵੱਡੀ ਕੁਰਬਾਨੀ ਹੈ।’’
ਹਾਲਾਂਕਿ, ਜ਼ੇਲੈਂਸਕੀ ਨੇ ਕਿਹਾ ਕਿ ਉਹ ਜ਼ਖਮੀ ਜਾਂ ਲਾਪਤਾ ਫ਼ੌਜੀਆਂ ਦੀ ਗਿਣਤੀ ਦਾ ਪ੍ਰਗਟਾਵਾ ਨਹੀਂ ਕਰਨਗੇ।
ਰੂਸ ਨੇ 24 ਫ਼ਰਵਰੀ, 2022 ਨੂੰ ਯੂਕਰੇਨ ’ਤੇ ਹਮਲਾ ਸ਼ੁਰੂ ਕਰਨ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕੀਵ ਨੇ ਅਪਣੀ ਜਾਨ ਗੁਆਉਣ ਵਾਲੇ ਅਪਣੇ ਫ਼ੌਜੀਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ।