ਅਮਰੀਕਾ : ਕੈਲੇਫ਼ੋਰਨੀਆ ’ਚ ਸਿੱਖ ਨੂੰ ਮਿੱਥ ਕੇ ਨਹੀਂ ਮਾਰਿਆ ਗਿਆ ਸੀ : ਪੁਲਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਾਤਲਾਂ ਦੀ ਭਾਲ ਜਾਰੀ

USA: Sikh man was not killed intentionally in California: Police

ਨਿਊਯਾਰਕ : ਅਮਰੀਕਾ ਦੇ ਕੈਲੇਫ਼ੋਰਨੀਆ ਸੂਬੇ ਦੇ ਟਰੇਸੀ ਸ਼ਹਿਰ ’ਚ ਰਹਿੰਦੇ ਇਕ ਸਿੱਖ ਦੇ ਕਤਲ ਮਾਮਲੇ ’ਚ ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਨਿਸ਼ਾਨਾ ਬਣਾ ਕੇ ਨਹੀਂ ਮਾਰਿਆ ਗਿਆ ਸੀ ਅਤੇ ਇਹ ਗ਼ਲਤ ਪਛਾਣ ਦਾ ਮਾਮਲਾ ਹੋ ਸਕਦਾ ਹੈ। 57 ਸਾਲ ਦੇ ਅਵਤਾਰ ਸਿੰਘ ਦੀ 17 ਫ਼ਰਵਰੀ ਨੂੰ ਰਾਤ ਕਰੀਬ 8:52 ਵਜੇ ਕੈਲੀਫੋਰਨੀਆ ਦੇ ਟ੍ਰੇਸੀ ਤੋਂ ਲਾਪਤਾ ਹੋਣ ਦੀ ਖ਼ਬਰ ਮਿਲੀ ਸੀ।

ਸਿਰਫ਼ ਛੇ ਕੁ ਮਹੀਨੇ ਪਹਿਲਾਂ ਤਿੰਨ ਜੁੜਵਾਂ ਬੱਚਿਆਂ ਦੇ ਪਿਤਾ ਬਣਨ ਵਾਲੇ ਅਵਤਾਰ ਸਿੰਘ ਇਲਾਕੇ ਦੇ ਇਕ ਗੁਰਦੁਆਰਾ ਸਾਹਿਬ ਵਿਚ ਲਾਂਗਰੀ ਵਜੋਂ ਸੇਵਾ ਕਰ ਰਹੇ ਸਨ। ਭਾਈਚਾਰੇ ਦੇ ਮੈਂਬਰ ਦੀਪ ਸਿੰਘ ਨੇ ਰੀਪੋਰਟ ’ਚ ਕਿਹਾ ਕਿ ਉਹ ਬਹੁਤ ਸੁਹਿਰਦ ਅਤੇ ਮਿਹਨਤੀ ਸਨ। ਉਨ੍ਹਾਂ ਕਿਹਾ, ‘‘23 ਸਾਲਾਂ ਤਕ, ਉਨ੍ਹਾਂ ਦੀ ਮੁੱਖ ਭੂਮਿਕਾ ਸਾਡੇ ਗੁਰਦੁਆਰੇ ’ਚ ਮੁੱਖ ਲਾਂਗਰੀ ਦੀ ਸੀ, ਪਰ ਉਹ ਸਿਰਫ ਇਕ ਲਾਂਗਰੀ ਹੀ ਨਹੀਂ ਸਨ, ਉਹ ਕਈ ਕੰਮ ਕਰਨ ਵਾਲੇ ਵਿਅਕਤੀ ਸਨ।’’ ਅਵਤਾਰ ਸਿੰਘ ਲੁਧਿਆਣਾ ਸ਼ਹਿਰ ਨਾਲ ਸਬੰਧਤ ਸਨ। ਉਨ੍ਹਾਂ ਦੀ ਵਿਧਵਾ ਅਤੇ ਤਿੰਨ ਬੱਚਿਆਂ ਦੀ ਮਦਦ ਲਈ ਗੋਫ਼ੰਡ ’ਤੇ ਦਾਨ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਜਿਸ ਵਿਚ ਹੁਣ ਤਕ ਪੰਜ ਲੱਖ ਤੋਂ ਵੱਧ ਅਮਰੀਕੀ ਡਾਲਰ ਜਮ੍ਹਾਂ ਹੋ ਚੁਕੇ ਹਨ।

ਜਾਂਚ ਦੌਰਾਨ ਨਿਗਰਾਨੀ ਫੁਟੇਜ ’ਚ ਵੇਖਿਆ ਗਿਆ ਕਿ ਇਕ ਚਿੱਟੇ ਰੰਗ ਦੀ ਐਸ.ਯੂ.ਵੀ. ਅੰਦਰ ਕਾਲੇ ਕਪੜੇ ਪਾਈ ਤਿੰਨ ਅਣਪਛਾਤੇ ਵਿਅਕਤੀ ਆਏ ਅਤੇ ਪੀੜਤ ਅਪਣੀ ਇੱਛਾ ਦੇ ਵਿਰੁਧ ਗੱਡੀ ਵਿਚ ਸੁਟ ਦਿਤਾ। ਸੈਨ ਜੋਆਕੁਇਨ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਅਵਤਾਰ ਸਿੰਘ ਦੀ ਲਾਸ਼ 20 ਫ਼ਰਵਰੀ ਨੂੰ ਦੁਪਹਿਰ 3:20 ਵਜੇ ਲੇਕ ਬੇਰੀਸਾ ਦੇ ਨੇੜੇ ਮਿਲੀ। ਅਧਿਕਾਰੀਆਂ ਨੇ ਕਿਹਾ ਕਿ ਜਾਸੂਸ ਮਾਮਲੇ ਦੀ ਜਾਂਚ ਕਰਨ ਅਤੇ ਇਸ ਭਿਆਨਕ ਕਾਰਵਾਈ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੇ ਹਨ।

ਸੈਨ ਜੋਆਕੁਇਨ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਕਿਹਾ, ‘‘ਇਸ ਸਮੇਂ ਜਾਣੀ ਗਈ ਜਾਣਕਾਰੀ ਦੇ ਅਧਾਰ ਤੇ, ਇਹ ਇਕ ਅਲੱਗ-ਥਲੱਗ ਘਟਨਾ ਜਾਪਦੀ ਹੈ, ਅਤੇ ਹੋਰ ਲੋਕਾਂ ਨੂੰ ਕੋਈ ਖ਼ਤਰਾ ਨਹੀਂ ਹੈ।’’ ਸ਼ੈਰਿਫ ਪੈਟਰਿਕ ਵਿਥਰੋ ਨੇ ਕਿਹਾ, ‘‘ਅਗਵਾ ਕਰਨ ਵਾਲੇ ਕਿਸੇ ਖਾਸ ਕਾਰਨ ਕਰ ਕੇ ਕਿਸੇ ਹੋਰ ਵਿਅਕਤੀ ਨੂੰ ਨਿਸ਼ਾਨਾ ਬਣਾ ਰਹੇ ਸਨ ਅਤੇ ਅਸੀਂ ਉਮੀਦ ਕਰ ਰਹੇ ਹਾਂ ਕਿ ਕਾਰਨ ਸਾਹਮਣੇ ਆਵੇਗਾ।’