ਵਰਲਡ ਸਿੱਖ ਪਾਰਲੀਮੈਂਟ ਦਾ ਯੂ ਕੇ 'ਚ ਗਠਨ, 15 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਸਥਾਪਿਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਯੂ ਕੇ, ਯੂ ਐਸ ਏ, ਆਸਟਰੇਲੀਆ ਅਤੇ ਯੂਰਪ ਦੇ ਪੰਥਕ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਦੌਰਾਨ ਵਰਲਡ ਸਿੱਖ ਪਾਰਲੀਮੈਂਟ ਦਾ ਗਠਨ ਕਰਨ..

World Sikh Parliament

ਬਰਮਿੰਘਮ - ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਯੂ ਕੇ, ਯੂ ਐਸ ਏ, ਆਸਟਰੇਲੀਆ ਅਤੇ ਯੂਰਪ ਦੇ ਪੰਥਕ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਦੌਰਾਨ ਵਰਲਡ ਸਿੱਖ ਪਾਰਲੀਮੈਂਟ ਦਾ ਗਠਨ ਕਰਨ ਦਾ ਐਲਾਨ ਕੀਤਾ ਗਿਆ। ਸਿੱਖ ਆਗੂਆਂ ਨੇ ਪਾਰਲੀਮੈਂਟ ਦਾ ਐਲਾਨ ਕਰਦੇ ਹੋਏ ਕਿਹਾ ਜਿੱਥੇ 15 ਅਗਸਤ ਨੂੰ ਭਾਰਤੀ ਲੋਕ ਆਪਣੀ ਆਜ਼ਾਦੀ ਦੇ ਜਸ਼ਨ ਮਨਾ ਰਹੇ ਹੋਣਗੇ ਤੇ 14 ਅਗਸਤ ਨੂੰ ਪਾਕਿਸਤਾਨ ਦੇ ਲੋਕ ਆਪਣੀ ਆਜ਼ਾਦੀ ਦਾ ਦਿਨ ਮਨਾ ਰਹੇ ਹੋਣਗੇ, ਉਸ ਤੋਂ ਵੀ ਇਕ ਦਿਨ ਪਹਿਲਾਂ 13 ਅਗਸਤ ਨੂੰ ਸਿੱਖ ਕੌਮ ਦੀ ਆਜ਼ਾਦੀ ਦੀ ਰੂਪ ਰੇਖਾ ਖਿੱਚਣ ਲਈ ਪੂਰੀ ਦੁਨੀਆ ਦੀ ਨੁਮਾਇੰਦਾ ਜਮਾਤ ਵਰਲਡ ਸਿੱਖ ਪਾਰਲੀਮੈਂਟ ਦੀ ਕੋਆਰਡੀਨੇਸ਼ਨ ਕਮੇਟੀ ਆਪਣਾ ਕੰਮ ਸ਼ੁਰੂ ਕਰ ਦੇਵੇਗੀ।

ਇਸ ਸੰਸਥਾ 'ਚ ਸਿੱਖ ਕੌਮ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਉਹ ਪਰਖੇ ਹੋਏ ਆਗੂ ਅਤੇ ਵਿਦਵਾਨ ਲਏ ਜਾ ਰਹੇ ਹਨ, ਜਿਹੜੇ ਸਿੱਖ ਕੌਮ ਦਾ ਦਰਦ ਰੱਖਦੇ ਹਨ ਤੇ ਪਿਛਲੇ 30 - 35 ਸਾਲਾਂ ਤੋਂ ਸੁਹਿਰਦਤਾ ਨਾਲ ਕੰਮ ਕਰ ਰਹੇ ਹਨ। ਉਹਨਾਂ ਦੇ ਨਾਲ ਬੀਬੀਆਂ ਅਤੇ ਨੌਜਵਾਨਾਂ ਦੀ ਵੀ ਸ਼ਮੂਲੀਅਤ ਹੋਵੇਗੀ, ਜਿਹੜੇ ਕੌਮੀ ਦਰਦ ਰੱਖਦੇ ਹੋਏ ਪੂਰੀ ਤਰ੍ਹਾਂ ਇਸ ਕਾਜ ਲਈ ਸਮਰਪਿਤ ਹਨ।ਦੁਨੀਆ ਭਰ ਦੇ ਸਿੱਖਾਂ ਨੂੰ ਲੈ ਕੇ ਬਣਾਈ ਜਾ ਰਹੀ ਇਹ ਸੰਸਥਾ ਵਿਸ਼ਵ ਭਰ ਦੇ ਸਿੱਖਾਂ ਦੀ ਨੁਮਾਇੰਦਾ ਜਮਾਤ ਹੋਵੇਗੀ ਅਤੇ ਵਿਸ਼ਵ ਪੱਧਰ ਦੀ ਇਹ ਪਹਿਲੀ ਅਜਿਹੀ ਸੰਸਥਾ ਹੋਵੇਗੀ, ਜੋ ਸਿੱਖ ਕੌਮ ਦੇ ਆਪਣੇ ਆਜ਼ਾਦ ਘਰ ਦੀ ਪ੍ਰਾਪਤੀ ਲਈ ਰਾਹ ਪੱਧਰਾ ਕਰੇਗੀ। ਸਮੁੱਚੀ ਸਿੱਖ ਕੌਮ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਸਿੱਖ ਕੌਮ ਦੇ ਦਰਪੇਸ਼ ਮਸਲਿਆਂ ਪ੍ਰਤੀ ਜਿੱਥੇ ਸਮੁੱਚੀ ਕੌਮ ਨੂੰ ਜਾਗਰੂਕ ਕਰੇਗੀ ਉਥੇ ਇਹਨਾਂ ਦੇ ਹੱਲ ਲਈ ਵੀ ਸਰਗਰਮੀ ਨਾਲ ਭੂਮਿਕਾ ਨਿਭਾਏਗੀ।

ਅੱਜ ਵਰਲਡ ਸਿੱਖ ਪਾਰਲੀਮੈਂਟ ਦੇ ਗਠਨ ਸਬੰਧੀ ਐਲਾਨ ਕਰਦੇ ਹੋਏ ਪੰਦਰਾਂ ਮੈਂਬਰੀ ਕੋਆਰਡੀਨੇਸ਼ਨ ਕਮੇਟੀ ਦੇ ਨਾਂ ਜਾਰੀ ਕੀਤੇ ਗਏ ਅਤੇ ਦੱਸਿਆ ਗਿਆ ਕਿ ਸਿੱਖ ਪਾਰਲੀਮੈਂਟ ਦੇ ਕੁੱਲ 300 ਮੈਂਬਰ ਹੋਣਗੇ, ਜਿਹਨਾਂ 'ਚ 150 ਮੈਂਬਰ ਯੂ ਕੇ, ਅਮਰੀਕਾ, ਕੈਨੇਡਾ, ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ ਭਾਵ ਵਿਦੇਸ਼ ਵਿੱਚ ਜਿੱਥੇ ਜਿੱਥੇ ਵੀ ਸਿੱਖ ਵੱਸਦੇ ਹਨ, ਸਾਰੇ ਖਿੱਤਿਆਂ ਵਿੱਚੋਂ ਹੋਣਗੇ ਅਤੇ ਬਾਕੀ 150 ਮੈਂਬਰ ਸਿੱਖ ਕੌਮ ਦੇ ਹੋਮਲੈਂਡ ਖੇਤਰ 'ਚੋਂ ਹੋਣਗੇ। 

ਵਰਲਡ ਸਿੱਖ ਪਾਰਲੀਮੈਂਟ ਦੇ ਆਗੂਆਂ ਅਨੁਸਾਰ ਇਹਨਾਂ ਪੰਦਰਾਂ ਮੈਂਬਰਾਂ ਦੇ ਇਲਾਵਾ 75 ਕੁ ਨਾਂ ਹੋਰ ਆ ਚੁੱਕੇ ਹਨ। ਜਦ ਕਿ ਬਾਕੀ ਮੈਂਬਰ ਵੱਖ-ਵੱਖ ਖਿੱਤਿਆਂ ਵਿੱਚੋਂ ਆਉਂਦੇ ਸਮੇਂ 'ਚ ਲਏ ਜਾਣੇ ਹਨ। ਪਾਰਲੀਮੈਂਟ ਦਾ ਆਗਾਜ਼ ਕਰਨ ਸਮੇਂ ਭਾਈ ਅਮਰੀਕ ਸਿੰਘ ਗਿੱਲ, ਭਾਈ ਜੋਗਾ ਸਿੰਘ, ਭਾਈ ਸ਼ਾਮ ਸਿੰਘ, ਭਾਈ ਹਿੰਮਤ ਸਿੰਘ ਅਤੇ ਭਾਈ ਮਨਪ੍ਰੀਤ ਸਿੰਘ ਨੇ ਸੰਸਥਾ ਦੇ ਗਠਨ, ਨਿਸ਼ਾਨੇ ਅਤੇ ਕੰਮਾਂ ਬਾਰੇ ਦੱਸਿਆ । ਉਹਨਾਂ ਕਿਹਾ ਪਿੱਛੇ ਜਿਹੇ ਹੋਈ ਸਿੱਖ ਸੰਮਿਤ ਸਮੇਂ ਇਸ ਸੰਸਥਾ ਦੇ ਗਠਨ ਬਾਰੇ ਵਿਚਾਰ ਕੀਤੀ ਗਈ ਸੀ, ਜਿਸ ਨੂੰ ਹੁਣ ਅਮਲ ਵਿੱਚ ਲਿਆਂਦਾ ਗਿਆ।

ਉਹਨਾਂ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਦੱਸਿਆ ਕਿ ਇਹ ਪਾਰਲੀਮੈਂਟ ਦੀ ਲੋੜ ਕਿਉਂ ਪਈ, ਇਹ ਕਿਸ ਤਰ੍ਹਾਂ ਦੁਨੀਆ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰੇਗੀ ਅਤੇ ਕਿਵੇਂ ਸਿੱਖ ਕੌਮ ਦੇ ਮਸਲੇ ਨਜਿੱਠਣ ਵਿੱਚ ਸਹਾਈ ਹੋਵੇਗੀ। ਸਾਰੇ ਮਸਲਿਆਂ ਦਾ ਹੱਲ ਕੌਮੀ ਆਜ਼ਾਦੀ ਵਿੱਚ ਹੀ ਹੈ। ਉਹਨਾਂ ਕਿਹਾ ਸਿੱਖਾਂ ਦੀਆਂ ਅੱਜ ਤੱਕ ਨੁਮਾਇੰਦਗੀ ਕਰਨ ਵਾਲੀਆਂ ਰਵਾਇਤੀ ਜਮਾਤਾਂ ਸਿੱਖ ਹੱਕਾਂ ਦੀ ਗੱਲ ਕਰਨ ਅਤੇ ਕੌਮ ਨੂੰ ਸੇਧ ਦੇਣ ਵਿੱਚ ਅਸਫਲ ਰਹੀਆਂ ਹਨ। ਇਸੇ ਲਈ ਹੀ ਇਸ ਦਾ ਗਠਨ ਕੀਤਾ ਗਿਆ ਹੈ। ਇਹ ਪਾਰਲੀਮੈਂਟ ਸਿੱਖ ਪੰਥ ਦੀਆਂ ਲੱਗਭੱਗ ਸਾਰੀਆਂ ਸੰਸਥਾਵਾਂ ਅਤੇ ਹਰੇਕ ਵਰਗ ਦੇ ਸਿੱਖਾਂ ਦੀ ਨੁਮਾਇੰਦਗੀ ਕਰੇਗੀ।