ਬ੍ਰਿਟਿਸ਼ ਸੰਪਾਦਕ ਨੂੰ ਪਤਨੀ ਦੇ ਕਤਲ ਦੇ ਇਲਜ਼ਾਮ ਵਿਚ 10 ਸਾਲ ਦੀ ਕੈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੁਬਈ ਦੇ ਇਕ ਅਖ਼ਬਾਰ ਦੇ ਬ੍ਰਿਟਿਸ਼ ਸੰਪਾਦਕ ਨੂੰ ਹਥੌੜੇ ਨਾਲ ਅਪਣੀ ਪਤਨੀ ਨੂੰ ਕਤਲ ਕਰਨ ਦੇ ਇਲਜ਼ਾਮ ਹੇਠ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੁਬਈ ਕੋਰਟ...

Francis Matthew

ਦੁਬਈ : ਦੁਬਈ ਦੇ ਇਕ ਅਖ਼ਬਾਰ ਦੇ ਬ੍ਰਿਟਿਸ਼ ਸੰਪਾਦਕ ਨੂੰ ਹਥੌੜੇ ਨਾਲ ਅਪਣੀ ਪਤਨੀ ਨੂੰ ਕਤਲ ਕਰਨ ਦੇ ਇਲਜ਼ਾਮ ਹੇਠ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੁਬਈ ਕੋਰਟ ਆਫ਼ ਫ੍ਰਸਟ ਇੰਟੈਂਸ ਦੇ ਜੱਜ ਫਾਹਦ ਅਲ-ਸ਼ਮਸੀ ਵਲੋਂ ਫ਼ੈਸਲਾ ਸੁਣਾਏ ਜਾਣ ਦੌਰਾਨ ਫ੍ਰਾਂਸਿਸ ਮੈਥਿਊ ਮੌਜੂਦ ਨਹੀਂ ਸਨ, ਮੈਥਿਊ ਅੰਗਰੇਜ਼ੀ ਭਾਸ਼ਾ ਦੇ ਗ਼ਲਫ਼ ਨਿਊਜ਼ ਦੇ ਸਾਬਕਾ ਸੰਪਾਦਕ ਹਨ। ਇਹ ਕਤਲ ਜੁਲਾਈ 2017 ਵਿਚ ਹੋਇਆ ਸੀ। 62 ਸਾਲਾ ਮ੍ਰਿਤਕਾ ਜੇਨ ਮੈਥਿਊ ਦਾ ਭਰਾ ਫ਼ੈਸਲਾ ਸੁਣਾਏ ਜਾਣ ਵੇਲੇ ਅਦਾਲਤ ਵਿਚ ਮੌਜੂਦ ਸੀ ਪਰ ਉਸ ਨੇ ਤੁਰੰਤ ਪੱਤਰਕਾਰਾਂ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿਤਾ। 

ਮੈਥਿਊ ਨੇ ਪੁਲਿਸ ਨੂੰ ਦਸਿਆ ਕਿ ਉਨ੍ਹਾਂ ਦੀ ਅਤੇ ਜੇਨ ਦੀ ਆਪਸ ਵਿਚ ਬਹਿਸ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਹਥੌੜੇ ਨਾਲ ਜੇਨ ਦੇ ਸਿਰ 'ਤੇ ਦੋ ਵਾਰ ਹਮਲਾ ਕੀਤਾ ਜਿਸ ਨਾਲ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਪੁਲਿਸ ਮੁਤਾਬਕ ਅਗਲੀ ਸਵੇਰ ਮੈਥਿਊ ਨੇ ਘਰ ਦੇ ਸਾਮਾਨ ਨੂੰ ਖਲਾਰ ਦਿਤਾ ਤਾਂ ਜੋ ਅਜਿਹਾ ਲੱਗੇ ਕਿ ਘਰ ਵਿਚ ਲੁੱਟਖੋਹ ਦੀ ਵਾਰਦਾਤ ਵਾਪਰੀ ਹੈ ਅਤੇ ਅਪਣੇ ਦਫ਼ਤਰ ਚਲਾ ਗਿਆ। ਉਸ ਨੇ ਹਥੌੜੇ ਨੂੰ ਨੇੜੇ ਕੂੜੇ ਦੇ ਡੱਬੇ ਵਿਚ ਸੁੱਟ ਦਿਤਾ।