ਸਿੰਗਾਪੁਰ: ਭਾਰਤੀ ਨੂੰ ਛੇ ਮਹੀਨੇ ਦੀ ਸਜ਼ਾ
ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ 'ਤੇ ਹਮਲਾ ਕਰਨ ਅਤੇ ਉਨ੍ਹਾਂ ਨੂੰ ਧਮਕੀ ਦੇਣ ਦੇ ਦੋਸ਼ ਹੇਠ ਅਦਾਲਤ ਨੇ ਛੇ ਮਹੀਨੇ ਅਤੇ ਚਾਰ ਹਫ਼ਤੇ..
ਸਿੰਗਾਪੁਰ, 12 ਅਗੱਸਤ: ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ 'ਤੇ ਹਮਲਾ ਕਰਨ ਅਤੇ ਉਨ੍ਹਾਂ ਨੂੰ ਧਮਕੀ ਦੇਣ ਦੇ ਦੋਸ਼ ਹੇਠ ਅਦਾਲਤ ਨੇ ਛੇ ਮਹੀਨੇ ਅਤੇ ਚਾਰ ਹਫ਼ਤੇ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਅਧਿਕਾਰੀਆਂ ਨੇ ਉਸ ਨੂੰ ਪਾਬੰਦੀਸ਼ੁਦਾ ਖੇਤਰ ਵਿਚ ਸਿਗਰਟਨੋਸ਼ੀ ਕਰਨ ਲਈ ਸੰਮਨ ਜਾਰੀ ਕੀਤਾ ਸੀ। 'ਸਟਰੈਟਸ ਟਾਈਮਜ਼' ਦੀ ਇਕ ਰੀਪੋਰਟ ਅਨੁਸਾਰ 59 ਸਾਲ ਦੇ ਰਾਮਾਸਵਾਮੀ ਸੁਗੁਮਾਰ ਨੇ ਕਲ ਅਦਾਲਤ ਵਿਚ ਪੁਲਿਸ ਅਧਿਕਾਰੀ ਅਤੇ ਕੌਮੀ ਵਾਤਾਵਰਣ ਏਜੰਸੀ (ਐਨਈਏ) ਦੇ ਇਕ ਅਧਿਕਾਰੀ ਨੂੰ ਚੋਟ ਪਹੁੰਚਾਉਣ ਦਾ ਦੋਸ਼ ਕਬੂਲ ਕਰ ਲਿਆ। ਇਹ ਵਿਅਕਤੀ ਲੁੱਟਮਾਰ, ਲੋਕਾਂ ਨੂੰ ਜ਼ਖ਼ਮੀ ਕਰਨ ਸਮੇਤ 12 ਦੋਸ਼ਾਂ ਵਿਚ 11 ਸਾਲ ਦੀ ਸਜ਼ਾ ਕੱਟ ਚੁੱਕਾ ਹੈ ਅਤੇ ਪਿਛਲੇ ਸਾਲ ਜੂਨ ਵਿਚ ਹੀ ਇਹ ਰਿਹਾਅ ਹੋਇਆ ਸੀ ਅਤੇ ਹੁਣ ਇਕ ਸਾਲ ਦੇ ਅੰਦਰ ਉਹ ਮੁੜ ਤੋਂ ਕਾਨੂੰਨ ਦੇ ਘੇਰੇ ਵਿਚ ਆ ਗਿਆ ਹੈ। ਸੁਗੁਮਾਰ ਇਕ ਸਕੂਲ ਵਿਚ ਸਫ਼ਾਈ ਦਾ ਕੰਮ ਕਰਦਾ ਹੈ। ਜਾਣਕਾਰੀ ਅਨੁਸਾਰ ਐਨਈਏ ਦੇ ਅਧਿਕਾਰੀ ਗੁਗਨ ਸੰਥੀਰਸਕਨ ਅਤੇ ਉਸ ਦੇ ਸਾਥੀ ਮੁਲਾਜ਼ਮ ਸਲਵਿਨ ਕੌਰ ਮਿੰਦਰ ਸਿੰਘ ਨੇ 30 ਮਈ ਨੂੰ ਇਕ ਵਿਅਕਤੀ ਨੂੰ ਉਥੇ ਸਿਗਰਟਨੋਸ਼ੀ ਕਰਦੇ ਵੇਖਿਆ ਸੀ ਜਿਥੇ ਤਿੰਨ ਕਿਲੋਮੀਟਰ ਤਕ 'ਸਿਗਰਟਨੋਸ਼ੀ ਨਾ ਕਰਨ' ਦਾ ਬੋਰਡ ਲੱਗਾ ਹੋਇਆ ਸੀ। ਅਧਿਕਾਰੀਆਂ ਨੇ ਸੁਗੁਮਾਰ ਦੀ ਪਛਾਣ ਕਰ ਕੇ ਉਸ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਸੀ।
ਇਸ ਤੋਂ ਬਾਅਦ ਉਸ ਨੇ ਤਾਮਿਲ ਭਾਸ਼ਾ ਵਿਚ ਗੁਗਨ ਨੂੰ ਅਪਸ਼ਬਦ ਕਹੇ, ਉਸ ਨੂੰ ਟੱਕਰ ਮਾਰੀ ਅਤੇ ਬਾਅਦ ਉਸ ਨੂੰ ਥੱਪੜ ਮਾਰਿਆ। ਸੁਗੁਮਾਰ ਨੇ ਤਾਮਿਲ ਵਿਚ ਗੁਗਨ ਨੂੰ ਕਿਹਾ ਕਿ ਉਹ ਉਸ ਨੂੰ ਵੇਖ ਲਵੇਗਾ ਅਤੇ ਉਹ ਉਸ ਦੇ ਹੀ ਹੱਥੋਂ ਮਰੇਗਾ। ਨਰਮੀ ਦੀ ਮੰਗ ਕਰਦੇ ਹੋਏ ਦੋਸ਼ੀ ਦੇ ਵਕੀਲ ਹਰਜੀਤ ਕੌਰ ਨੇ ਅਦਾਲਤ ਨੂੰ ਕਿਹਾ ਕਿ ਸੁਗੁਮਾਰ ਨੇ ਨਸ਼ੇ ਦੀ ਹਾਲਤ ਵਿਚ ਇਹ ਸੱਭ ਕੀਤਾ ਸੀ ਅਤੇ ਉਸ ਨੂੰ ਪਤਾ ਨਹੀਂ ਸੀ ਕਿ ਨਸ਼ੇ ਦੀ ਹਾਲਤ ਵਿਚ ਉਹ ਕੀ ਕਰ ਰਿਹਾ ਹੈ। (ਪੀ.ਟੀ.ਆਈ.)