ਅਫਗਾਨ ਤਾਲਿਬਾਨ ਕਮਾਂਡਰ ਨੇ TTP ਕਾਡਰ ਨੂੰ ਪਾਕਿਸਤਾਨ ’ਚ ਘੁਸਪੈਠ ਕਰ ਕੇ ਬਦਲਾ ਲੈਣ ਲਈ ਕਿਹਾ, ਜਾਣੋ ਕਾਰਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਸੇ ਵੀ ਜ਼ਖਮੀ ਵਿਅਕਤੀ ਨੂੰ ਪਿੱਛੇ ਨਾ ਛੱਡਣ ’ਤੇ ਜ਼ੋਰ ਦਿਤਾ

Representative Image.

ਇਸਲਾਮਾਬਾਦ: ਅਫਗਾਨ ਤਾਲਿਬਾਨ ਦੇ ਕਮਾਂਡਰ ਯਾਹੀਆ ਨੇ ਪਾਕਿਸਤਾਨ ਦੇ ਸੁਰੱਖਿਆ ਬਲਾਂ ਵਿਰੁਧ ਭੜਕਾਊ ਭਾਸ਼ਣ ਦਿੰਦਿਆਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਕੈਡਰ ਨੂੰ ਪਾਕਿਸਤਾਨ ’ਚ ਘੁਸਪੈਠ ਕਰਨ ਅਤੇ ਬਦਲਾ ਲੈਣ ਦੀ ਅਪੀਲ ਕੀਤੀ ਹੈ। 

‘ਜਿਓ ਨਿਊਜ਼’ ਦੀ ਖਬਰ ਮੁਤਾਬਕ ਲੀਕ ਹੋਏ ਇਕ ਵੀਡੀਉ ’ਚ ਯਾਹੀਆ ਅਤਿਵਾਦੀ ਸੰਗਠਨ ਹਾਫਿਜ਼ ਗੁਲ ਬਹਾਦੁਰ ਅਤਿਵਾਦੀ ਸਮੂਹ ਦੇ ਅਤਿਵਾਦੀਆਂ ਨਾਲ ਭਰੇ ਇਕੱਠ ਨੂੰ ਸੰਬੋਧਨ ਕਰਦੇ ਨਜ਼ਰ ਆ ਰਹੇ ਹਨ। ਯਾਹੀਆ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੇ ਮੁਜਾਹਿਦੀਨ ਅਮੀਰ ਅਲ-ਮੁਮਿਨਿਨ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਤਿਆਰ ਹਨ ਅਤੇ ਪਾਕਿਸਤਾਨ ਨਾਲ ਲੜਨ ਲਈ ਵਚਨਬੱਧ ਹਨ। 

‘ਐਕਸਪ੍ਰੈਸ ਟ੍ਰਿਬਿਊਨ’ ਦੀ ਖਬਰ ਮੁਤਾਬਕ ਉਹ ਇਸ ਬਾਰੇ ਹੁਕਮ ਦਿੰਦੇ ਹਨ ਕਿ ਅਤਿਵਾਦੀਆਂ ਨੂੰ ਪਾਕਿਸਤਾਨ ਵਿਚ ਕਿਵੇਂ ਘੁਸਪੈਠ ਕਰਨੀ ਚਾਹੀਦੀ ਹੈ ਅਤੇ ਕਿਸੇ ਵੀ ਜ਼ਖਮੀ ਵਿਅਕਤੀ ਨੂੰ ਪਿੱਛੇ ਨਾ ਛੱਡਣ ’ਤੇ ਜ਼ੋਰ ਦਿਤਾ। ‘ਜਿਓ ਨਿਊਜ਼’ ਦੀ ਖਬਰ ਮੁਤਾਬਕ ਲੀਕ ਹੋਏ ਵੀਡੀਉ ’ਚ ਅਤਿਵਾਦੀ ਕਮਾਂਡਰ ਦੇ ਆਲੇ-ਦੁਆਲੇ ਇਕੱਠੇ ਹੁੰਦੇ ਨਜ਼ਰ ਆ ਰਹੇ ਹਨ, ਜੋ ਪਾਕਿਸਤਾਨ-ਅਫਗਾਨਿਸਤਾਨ ਸਰਹੱਦ ’ਤੇ ਪਾਕਿਸਤਾਨ ਦੇ ਸੁਰੱਖਿਆ ਬਲਾਂ ’ਤੇ ਹਮਲੇ ਦੀ ਯੋਜਨਾ ਬਣਾਉਣ ਦੀ ਗੱਲ ਕਰ ਰਿਹਾ ਹੈ। 

ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ 18 ਮਾਰਚ ਨੂੰ ਦਾਅਵਾ ਕੀਤਾ ਸੀ ਕਿ ਉਸ ਨੇ ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ’ਚ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨਾਲ ਜੁੜੇ ਅਤਿਵਾਦੀਆਂ ’ਤੇ ਹਵਾਈ ਹਮਲੇ ਕੀਤੇ। ਅਫਗਾਨ ਤਾਲਿਬਾਨ ਨੇ ਕਾਬੁਲ ’ਚ ਪਾਕਿਸਤਾਨ ਦੇ ਦੂਤਘਰ ਦੇ ਮੁਖੀ ਨੂੰ ਬੁਲਾਉਂਦੇ ਹੋਏ ਕਿਹਾ ਸੀ ਕਿ ਪਾਕਿਸਤਾਨ ਵਲੋਂ ਕੀਤੇ ਗਏ ਹਵਾਈ ਹਮਲਿਆਂ ’ਚ ਤਿੰਨ ਅਫ਼ਗਾਨੀ ਬੱਚਿਆਂ ਸਮੇਤ ਘੱਟੋ-ਘੱਟ 8 ਨਾਗਰਿਕ ਮਾਰੇ ਗਏ। 

ਅੱਜ ਦੇ ਵੀਡੀਉ ’ਚ ਯਾਹੀਆ ਅਤਿਵਾਦੀਆਂ ਨੂੰ ਹੁਕਮ ਦਿੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਪਾਕਿਸਤਾਨ ਤੋਂ ਬਦਲਾ ਲੈਣ ਲਈ ਤਿਆਰ ਰਹਿਣ ’ਤੇ ਜ਼ੋਰ ਦੇ ਰਹੇ ਹਨ। ਵੀਡੀਉ ’ਚ ਅਤਿਵਾਦੀ ਪਾਕਿਸਤਾਨ ਵਿਰੁਧ ਲੜਨ ਲਈ ਸਹਿਮਤ ਹੁੰਦੇ ਵੀ ਨਜ਼ਰ ਆ ਰਹੇ ਹਨ। ਵੀਡੀਉ ’ਚ ਯਾਹੀਆ ਨੂੰ ਪਸ਼ਤੋ ’ਚ ਇਕ ਆਤਮਘਾਤੀ ਹਮਲਾਵਰ ਸਮੇਤ ਹਥਿਆਰਬੰਦ ਲੋਕਾਂ ਨੂੰ ਸੰਬੋਧਿਤ ਕਰਦੇ ਸੁਣਿਆ ਜਾ ਸਕਦਾ ਹੈ। ‘ਐਕਸਪ੍ਰੈਸ ਟ੍ਰਿਬਿਊਨ’ ਦੀ ਖਬਰ ਮੁਤਾਬਕ ਹਮਲੇ ਦੇ ਵੇਰਵਿਆਂ ’ਤੇ ਚਰਚਾ ਕਰਦੇ ਹੋਏ ਉਨ੍ਹਾਂ ਨੇ ਅਤਿਵਾਦੀਆਂ ਨੂੰ ਦਸਿਆ ਕਿ ਉਨ੍ਹਾਂ ਕੋਲ ਛੇ ਰਾਕੇਟ ਲਾਂਚਰ ਅਤੇ ਛੇ ਸਹਾਇਕ, ਦੋ ਲੇਜ਼ਰ ਆਪਰੇਟਰ ਅਤੇ ਉਨ੍ਹਾਂ ਦੇ ਸਹਾਇਕ ਅਤੇ ਇਕ ਸਨਾਈਪਰ ਹੋਣਗੇ।