ਜੈਸ਼ੰਕਰ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ, ਦੁਵਲੇ ਸਬੰਧਾਂ ਨੂੰ ਹੋਰ ਡੂੰਘਾ ਕਰਨ ’ਤੇ ਜ਼ੋਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਿਦੇਸ਼ ਮੰਤਰੀ ਫਿਲੀਪੀਨਜ਼ ਅਤੇ ਮਲੇਸ਼ੀਆ ਦਾ ਵੀ ਦੌਰਾ ਕਰਨਗੇ

Singapore: External Affairs Minister S. Jaishankar with Singapore's Prime Minister Lee Hsien Loong during a meeting, in Singapore. (PTI Photo)

ਸਿੰਗਾਪੁਰ: ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੋਮਵਾਰ ਨੂੰ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸਿਏਨ ਲੂੰਗ, ਵਿਦੇਸ਼ ਮੰਤਰੀ ਵਿਵੀਅਨ ਬਾਲਾਕ੍ਰਿਸ਼ਨਨ ਅਤੇ ਕੁੱਝ ਹੋਰ ਸੀਨੀਅਰ ਮੰਤਰੀਆਂ ਨਾਲ ਮੁਲਾਕਾਤ ਕੀਤੀ ਅਤੇ ਦੁਵਲੇ ਸਬੰਧਾਂ ਨੂੰ ਡੂੰਘਾ ਕਰਨ ਦੇ ਤਰੀਕਿਆਂ ਸਮੇਤ ਹਿੰਦ-ਪ੍ਰਸ਼ਾਂਤ ਅਤੇ ਮੱਧ ਪੂਰਬ ਖੇਤਰ ਦੀ ਸਥਿਤੀ ’ਤੇ ਵੀ ਚਰਚਾ ਕੀਤੀ। ਜੈਸ਼ੰਕਰ ਸਿੰਗਾਪੁਰ ਦੇ ਤਿੰਨ ਦਿਨਾਂ ਦੌਰੇ ’ਤੇ ਹਨ। ਉਹ ਸਨਿਚਰਵਾਰ ਨੂੰ ਇੱਥੇ ਪਹੁੰਚੇ। ਉਨ੍ਹਾਂ ਨੇ ਐਤਵਾਰ ਨੂੰ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕੀਤਾ ਅਤੇ ਸਨਿਚਰਵਾਰ ਨੂੰ ਨਿਵੇਸ਼ਕਾਂ ਨਾਲ ਮੁਲਾਕਾਤ ਕੀਤੀ।

ਜੈਸ਼ੰਕਰ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਦ ਇਸਤਾਨਾ (ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਦਫ਼ਤਰ) ਵਿਖੇ ਪ੍ਰਧਾਨ ਮੰਤਰੀ ਲੀ ਸਿਏਨ ਲੂੰਗ ਨਾਲ ਮੁਲਾਕਾਤ ਕਰ ਕੇ ਮਾਣ ਮਹਿਸੂਸ ਕਰ ਰਿਹਾ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿਤੀਆਂ।’’ ਦੁਵਲੇ ਸਬੰਧਾਂ ਲਈ ਪ੍ਰਧਾਨ ਮੰਤਰੀ ਲੀ ਦੇ ਸਮਰਥਨ ਬਾਰੇ ਜੈਸ਼ੰਕਰ ਨੇ ਕਿਹਾ, ‘‘ਭਾਰਤ-ਸਿੰਗਾਪੁਰ ਸਬੰਧਾਂ ’ਤੇ ਉਨ੍ਹਾਂ ਦੀਆਂ ਸਕਾਰਾਤਮਕ ਭਾਵਨਾਵਾਂ ਹਮੇਸ਼ਾ ਸਾਡੇ ਸਬੰਧਾਂ ਲਈ ਮਜ਼ਬੂਤੀ ਦਾ ਸਰੋਤ ਰਹੀਆਂ ਹਨ।’’

ਬਾਲਾਕ੍ਰਿਸ਼ਨਨ ਤੋਂ ਇਲਾਵਾ ਜੈਸ਼ੰਕਰ ਨੇ ਵਪਾਰ ਅਤੇ ਉਦਯੋਗ ਮੰਤਰੀ ਗੁਨ ਕਿਮ ਯੋਂਗ ਅਤੇ ਕੌਮੀ ਸੁਰੱਖਿਆ ਲਈ ਤਾਲਮੇਲ ਮੰਤਰੀ ਵੀ ਚੀ-ਹੇਨ ਨਾਲ ਵੱਖ-ਵੱਖ ਬੈਠਕਾਂ ਕੀਤੀਆਂ। ਉਨ੍ਹਾਂ ਨੇ ਸਿੰਗਾਪੁਰ ਦੇ ਵਿੱਤ ਮੰਤਰੀ ਲਾਰੈਂਸ ਵੋਂਗ ਨਾਲ ਵੀ ਮੁਲਾਕਾਤ ਕੀਤੀ। ਜੈਸ਼ੰਕਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ਕੀਤਾ, ‘‘ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵੀਅਨ ਬਾਲਾਕ੍ਰਿਸ਼ਨਨ ਨਾਲ ਮੁਲਾਕਾਤ ਕਰ ਕੇ ਖੁਸ਼ ਹਾਂ। ਸਾਡੇ ਦੁਵਲੇ ਸਹਿਯੋਗ ਦੀ ਤਰੱਕੀ ਦੀ ਸਮੀਖਿਆ ਕੀਤੀ। ਆਈ.ਐਸ.ਐਮ.ਆਰ. ਦੀ ਅਗਲੀ ਮੀਟਿੰਗ ਦੀਆਂ ਤਿਆਰੀਆਂ ਬਾਰੇ ਗੱਲ ਕੀਤੀ। ਸਾਡੇ ਕੂਟਨੀਤਕ ਸਬੰਧਾਂ ਦੇ 60 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ।’’

ਉਨ੍ਹਾਂ ਲਿਖਿਆ, ‘‘ਹਿੰਦ-ਪ੍ਰਸ਼ਾਂਤ ਅਤੇ ਪਛਮੀ ਏਸ਼ੀਆ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ।’’ ਵਪਾਰ ਅਤੇ ਉਦਯੋਗ ਮੰਤਰੀ ਗੁਨ ਕਿਮ ਯੋਂਗ ਨਾਲ ਮੁਲਾਕਾਤ ਤੋਂ ਬਾਅਦ ਜੈਸ਼ੰਕਰ ਨੇ ਐਕਸ ’ਤੇ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘‘ਵਪਾਰ, ਪੁਲਾੜ, ਹਰਿਤ ਊਰਜਾ, ਸਪਲਾਈ ਚੇਨ ਅਤੇ ਰੱਖਿਆ ’ਤੇ ਚਰਚਾ ਹੋਈ। ਇਨ੍ਹਾਂ ਨੂੰ ਭਾਰਤ-ਸਿੰਗਾਪੁਰ ਮੰਤਰੀ ਪੱਧਰੀ ਮੀਟਿੰਗ ’ਚ ਅੱਗੇ ਲਿਜਾਣ ਦੀ ਉਮੀਦ ਹੈ।’’

ਇਸ ਤੋਂ ਬਾਅਦ ਉਨ੍ਹਾਂ ਦੀ ਮੁਲਾਕਾਤ ਟੀਓ ਚੀ ਹੇਨ ਨਾਲ ਹੋਈ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘‘ਸਿੰਗਾਪੁਰ ਦੇ ਸੀਨੀਅਰ ਮੰਤਰੀ ਅਤੇ ਕੌਮੀ ਸੁਰੱਖਿਆ ਤਾਲਮੇਲ ਮੰਤਰੀ ਟੀਓ ਚੀ ਹੇਨ ਨਾਲ ਮੁਲਾਕਾਤ ਕਰ ਕੇ ਚੰਗਾ ਲੱਗਾ। ਭਾਰਤ ’ਚ ਵਿਆਪਕ ਤਬਦੀਲੀਆਂ ਅਤੇ ਸਾਡੀ ਭਾਈਵਾਲੀ ਲਈ ਉਨ੍ਹਾਂ ਵਲੋਂ ਪੇਸ਼ ਕੀਤੇ ਜਾਣ ਵਾਲੇ ਮੌਕਿਆਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ। ਖੇਤਰੀ ਅਤੇ ਗਲੋਬਲ ਮੁੱਦਿਆਂ ’ਤੇ ਦ੍ਰਿਸ਼ਟੀਕੋਣਾਂ ਦਾ ਵੀ ਆਦਾਨ-ਪ੍ਰਦਾਨ ਕੀਤਾ।’’

ਜੈਸ਼ੰਕਰ ਨੇ ਸਿੰਗਾਪੁਰ ਦੇ ਵਿੱਤ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਟਵੀਟ ਕੀਤਾ, ‘‘ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਲਾਰੈਂਸ ਵੋਂਗ ਨਾਲ ਮੁਲਾਕਾਤ ਕਰ ਕੇ ਖੁਸ਼ੀ ਹੋਈ। ਸਾਡੇ ਸਬੰਧਾਂ ਨੂੰ ਅੱਗੇ ਵਧਾਉਣ ਬਾਰੇ ਸਾਂਝੇ ਦ੍ਰਿਸ਼ਟੀਕੋਣ, ਖਾਸ ਕਰ ਕੇ ਨਵੇਂ ਯੁੱਗ ਦੀਆਂ ਤਕਨਾਲੋਜੀਆਂ ’ਤੇ। ਉੱਭਰ ਰਹੀ ਗਲੋਬਲ ਆਰਥਕ ਸਥਿਤੀ ’ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।’’ ਵਿਦੇਸ਼ ਮੰਤਰੀ ਫਿਲੀਪੀਨਜ਼ ਅਤੇ ਮਲੇਸ਼ੀਆ ਦਾ ਵੀ ਦੌਰਾ ਕਰਨਗੇ।