ਸਿੰਗਾਪੁਰ : ਇਜ਼ਰਾਇਲੀ ਸਫ਼ਾਰਤਖਾਨੇ ਨੂੰ ‘ਕੁਰਾਨ’ ਦੇ ਹਵਾਲੇ ਵਾਲੀ ‘ਅਪਮਾਨਜਨਕ ਫ਼ੇਸਬੁਕ ਪੋਸਟ’ ਨੂੰ ਹਟਾਉਣ ਲਈ ਮਜਬੂਰ ਹੋਣਾ ਪਿਆ, ਜਾਣੋ ਕਾਰਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਹ ਪੋਸਟ ਇਤਿਹਾਸ ਨੂੰ ਮੁੜ ਲਿਖਣ ਦੀ ਹੈਰਾਨੀਜਨਕ ਕੋਸ਼ਿਸ਼ ਹੈ : ਕਾਨੂੰਨ ਅਤੇ ਗ੍ਰਹਿ ਮੰਤਰੀ ਕੇ. ਸ਼ਨਮੁਗਮ 

Offensive Post and Minister K Shanmugam.

ਸਿੰਗਾਪੁਰ: ਸਿੰਗਾਪੁਰ ਸਰਕਾਰ ਦੇ ਦਖਲ ਤੋਂ ਬਾਅਦ ਇਜ਼ਰਾਇਲੀ ਸਫ਼ਾਰਤਖ਼ਾਨੇ ਨੇ ‘ਕੁਰਾਨ’ ਦਾ ਹਵਾਲਾ ਦੇ ਕੇ ਸਿਆਸੀ ਨੁਕਤਾ ਉਠਾਉਣ ਦੀ ਕੋਸ਼ਿਸ਼ ਕਰਨ ਵਾਲੀ ਇਕ ‘ਅਪਮਾਨਜਨਕ ਫੇਸਬੁੱਕ ਪੋਸਟ’ ਹਟਾ ਦਿਤੀ ਹੈ। ਇਹ ਪੋਸਟ ਐਤਵਾਰ ਨੂੰ ਫੇਸਬੁੱਕ ਪੇਜ ’ਤੇ ਪੋਸਟ ਕੀਤੀ ਗਈ ਸੀ। 

ਕਾਨੂੰਨ ਅਤੇ ਗ੍ਰਹਿ ਮੰਤਰੀ ਕੇ. ਸ਼ਨਮੁਗਮ ਨੇ ਇਸ ਨੂੰ ਇਤਿਹਾਸ ਨੂੰ ਮੁੜ ਲਿਖਣ ਦੀ ਹੈਰਾਨੀਜਨਕ ਕੋਸ਼ਿਸ਼ ਕਰਾਰ ਦਿਤਾ ਅਤੇ ਕਿਹਾ ਕਿ ਇਹ ਪੋਸਟ ਅਸੰਵੇਦਨਸ਼ੀਲ, ਅਣਉਚਿਤ ਅਤੇ ਪੂਰੀ ਤਰ੍ਹਾਂ ਨਾਮਨਜ਼ੂਰ ਹੈ ਕਿਉਂਕਿ ਇਹ ਸਿੰਗਾਪੁਰ ਦੀ ਸੁਰੱਖਿਆ ਅਤੇ ਸਦਭਾਵਨਾ ਨੂੰ ਨੁਕਸਾਨ ਪਹੁੰਚਾ ਸਕਦੀ ਹੈ। 

‘ਟੂਡੇ’ ਅਖਬਾਰ ਨੇ ਮੰਤਰੀ ਦੇ ਹਵਾਲੇ ਨਾਲ ਕਿਹਾ, ‘‘ਗ੍ਰਹਿ ਮੰਤਰਾਲੇ ਨੇ ਕੱਲ੍ਹ (ਐਤਵਾਰ) ਵਿਦੇਸ਼ ਮੰਤਰਾਲੇ ਨਾਲ ਗੱਲ ਕੀਤੀ ਅਤੇ ਕਿਹਾ ਕਿ ਸਫ਼ਾਰਤਖ਼ਾਨੇ ਨੂੰ ਤੁਰਤ ਪੋਸਟ ਹਟਾਉਣੀ ਚਾਹੀਦੀ ਹੈ ਅਤੇ ਇਸ ਨੂੰ ਹਟਾ ਦਿਤਾ ਗਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵਿਦੇਸ਼ ਮੰਤਰੀ ਵਿਵੀਅਨ ਬਾਲਾਕ੍ਰਿਸ਼ਨਨ ਨੇ ਕਿਹਾ ਸੀ ਕਿ ਸਿਆਸੀ ਨੁਕਤਾ ਰੱਖਣ ਲਈ ਧਾਰਮਕ ਗ੍ਰੰਥ ਦਾ ਹਵਾਲਾ ਦੇਣਾ ਬਹੁਤ ਹੀ ਅਣਉਚਿਤ ਹੈ। ਉਨ੍ਹਾਂ ਕਿਹਾ, ‘‘ਅਸੀਂ ਸਫ਼ਾਰਤਖ਼ਾਨੇ ਨੂੰ ਇਹ ਸਪੱਸ਼ਟ ਕਰ ਦਿਤਾ ਹੈ ਜਿਸ ਨੇ ਪੋਸਟ ਹਟਾ ਦਿਤੀ ਹੈ।’’

ਸਿੰਗਾਪੁਰ ’ਚ ਇਜ਼ਰਾਈਲੀ ਸਫ਼ਾਰਤਖ਼ਾਨੇ ਦੇ ਫੇਸਬੁੱਕ ਪੇਜ ’ਤੇ ਪੋਸਟ ’ਚ ਕਿਹਾ ਗਿਆ ਸੀ ਕਿ ਕੁਰਾਨ ’ਚ ਇਜ਼ਰਾਈਲ ਦਾ 43 ਵਾਰ ਜ਼ਿਕਰ ਕੀਤਾ ਗਿਆ ਹੈ। ਦੂਜੇ ਪਾਸੇ, ਫਲਸਤੀਨ ਦਾ ਇਕ ਵਾਰ ਵੀ ਜ਼ਿਕਰ ਨਹੀਂ ਕੀਤਾ ਗਿਆ ਹੈ। ਪੋਸਟ ਵਿਚ ਕਿਹਾ ਗਿਆ ਹੈ ਕਿ ਨਕਸ਼ੇ, ਦਸਤਾਵੇਜ਼ ਅਤੇ ਸਿੱਕੇ ਵਰਗੇ ਪੁਰਾਤੱਤਵ ਸਬੂਤ ਦਰਸਾਉਂਦੇ ਹਨ ਕਿ ਯਹੂਦੀ ਲੋਕ ਇਜ਼ਰਾਈਲ ਦੇ ਮੂਲ ਨਿਵਾਸੀ ਹਨ। 

ਸ਼ਾਨਮੁਗਮ ਨੇ ਕਿਹਾ, ‘‘ਇਹ ਪੋਸਟ ਇਤਿਹਾਸ ਨੂੰ ਮੁੜ ਲਿਖਣ ਦੀ ਹੈਰਾਨੀਜਨਕ ਕੋਸ਼ਿਸ਼ ਹੈ। ਪੋਸਟ ਦੇ ਲੇਖਕ ਨੂੰ ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ ਨੂੰ ਵੇਖਣਾ ਚਾਹੀਦਾ ਹੈ ਅਤੇ ਇਤਿਹਾਸ ਨੂੰ ਦੁਬਾਰਾ ਲਿਖਣ ਤੋਂ ਪਹਿਲਾਂ, ਇਹ ਵੇਖਣਾ ਚਾਹੀਦਾ ਹੈ ਕਿ ਕੀ ਪਿਛਲੇ ਕੁੱਝ ਦਹਾਕਿਆਂ ’ਚ ਇਜ਼ਰਾਈਲ ਦੀਆਂ ਕਾਰਵਾਈਆਂ ਕੌਮਾਂਤਰੀ ਕਾਨੂੰਨ ਦੇ ਅਨੁਕੂਲ ਰਹੀਆਂ ਹਨ।’’ ਸਮਾਜਕ ਅਤੇ ਪਰਵਾਰ ਵਿਕਾਸ ਮੰਤਰੀ ਅਤੇ ਮੁਸਲਿਮ ਮਾਮਲਿਆਂ ਦੇ ਇੰਚਾਰਜ ਮੰਤਰੀ ਮਸਗੋਸ ਜ਼ੁਲਕਿਫਲੀ ਨੇ ਇਕ ਫੇਸਬੁੱਕ ਪੋਸਟ ਵਿਚ ਕਿਹਾ ਕਿ ਉਹ ਵੀ ਇਸ ਪੋਸਟ ਤੋਂ ਬਹੁਤ ਦੁਖੀ ਹਨ।