ਸਰੀ 'ਚ ਸਜਾਏ ਨਗਰ ਕੀਰਤਨ ਕਰਕੇ ਸਿਖਾ ਭਾਈਚਾਰੇ ਦੀ ਹੋਈ ਭਰਭੂਰ ਸ਼ਲਾਘਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਰੀ ਦੇ ਬਾਇਲਾਅ ਮੈਨੇਜਰ ਜੈਸ ਰਾਹੇਲ ਨੇ ਸਿੱਖ ਸੰਗਤਾਂ ਦੀ ਸਿਫਤ ਕੀਤੀ

Nagar Kirtan

ਸਰੀ— 21 ਅਪ੍ਰੈਲ ਨੂੰ ਕੈਨੇਡਾ ਦੇ ਸ਼ਹਿਰ ਸਰੀ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਲਗਭਗ 5 ਲੱਖ ਤੋਂ ਵਧੇਰੇ ਸੰਗਤ ਪੁੱਜੀ। ਗੁਰੂ ਕਾ ਲੰਗਰ ਵੀ ਅਟੁੱਟ ਚੱਲਿਆ ਅਤੇ ਇੰਨੀ ਵੱਡੀ ਗਿਣਤੀ ਵਿਚ ਸੰਗਤ ਹੋਣ ਦੇ ਬਾਵਜੂਦ ਸਾਫ਼ ਸਫਾਈ ਦਾ ਖ਼ਾਸ ਧਿਆਨ ਰੱਖਿਆ ਗਿਆ। ਇਸ ਕਰਕੇ ਸਿੱਖਾਂ ਦੀ ਹਰ ਪਾਸੇ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਇੰਨੀ ਸਾਫ਼ ਸਫਾਈ ਰੱਖੀ ਕਿ ਕਿਸੇ ਨੂੰ ਪਤਾ ਵੀ ਨਹੀਂ ਲੱਗਾ ਕਿ ਇੱਥੇ ਵਿਸ਼ਾਲ ਧਾਰਮਿਕ ਸਮਾਗਮ ਹੋਇਆ। ਸਰੀ ਦੇ ਬਾਇਲਾਅ ਮੈਨੇਜਰ ਜੈਸ ਰਾਹੇਲ ਨੇ ਸਿੱਖ ਸੰਗਤਾਂ ਦੀ ਸਿਫਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਇਹ ਸਾਰਾ ਪ੍ਰਬੰਧ ਦੇਖ ਕੇ ਬਹੁਤ ਚੰਗਾ ਲੱਗਿਆ।
ਦੂਜੇ ਬੰਨੇ ਵੈਨਕੂਵਰ ਸ਼ਹਿਰ ਦੀ 'ਸਨਸੈੱਟ ਬੀਚ ਪਾਰਕ' 'ਚ ਕੀਤੀ ਗਈ ਇਕ ਪਾਰਟੀ ਕਾਰਨ ਹੋਈ ਤੋੜ-ਭੰਨ ਕਾਰਨ ਪਾਰਟੀ ਕਰਨ ਵਾਲਿਆਂ ਦੀ ਨਿੰਦਾ ਹੋ ਰਹੀ ਹੈ। ਲਗਭਗ 40,000 ਲੋਕ ਜੋ ਭੰਗ ਪੀਣ ਦੇ ਸ਼ੌਕੀਨ ਹਨ, ਨੇ ਇਕੱਠੇ ਹੋ ਕੇ ਪਾਰਕ 'ਚ ਪਾਰਟੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਜੰਮਕੇ ਕੂੜਾ ਖਿਲਾਰਿਆ ਅਤੇ ਤੋੜ-ਭੰਨ ਵੀ ਕੀਤੀ ਜਿਸ ਨੂੰ ਠੀਕ ਕਰਨ ਲਈ ਘਟੋ ਘੱਟ 10 ਹਫਤਿਆਂ ਦਾ ਸਮਾਂ ਲੱਗੇਗਾ। ਪਿਛਲੇ ਸਾਲ ਵੀ ਇਸ ਪਾਰਟੀ 'ਤੇ ਪੁਲਸ ਪ੍ਰਬੰਧ ਕਰਵਾਉਣ ਅਤੇ ਸਫਾਈ ਆਦਿ ਦੇ ਬਿੱਲ ਨੂੰ ਮਿਲਾ ਕੇ 2,50,000 ਡਾਲਰ ਦਾ ਖਰਚਾ ਆਇਆ ਸੀ।
ਹਰ ਕੋਈ ਸਰੀ 'ਚ ਸਜਾਏ ਗਏ ਨਗਰ ਕੀਰਤਨ ਦੇ ਪ੍ਰਬੰਧਕਾਂ ਦੀਆਂ ਸਿਫਤਾਂ ਕਰ ਰਿਹਾ ਹੈ, ਜਿਨ੍ਹਾਂ ਨੇ 10 ਘੰਟਿਆਂ 'ਚ ਹੀ ਸਾਰਾ ਸ਼ਹਿਰ ਸਾਫ-ਸੁਥਰਾ ਕਰ ਦਿੱਤਾ ਪਰ ਵੈਨਕੂਵਰ 'ਚ ਹੋਈ ਪਾਰਟੀ ਨੇ ਇੰਨਾ ਕੁ ਖਲਾਰਾ ਪਾ ਦਿੱਤਾ ਕਿ 10 ਹਫਤਿਆਂ ਤਕ ਇਸ ਨੂੰ ਮੁੜ ਖੋਲ੍ਹਿਆ ਨਹੀਂ ਜਾ ਸਕਦਾ। ਜ਼ਿਕਰਯੋਗ ਹੈ ਕਿ ਇਹ ਦੋਵੇਂ ਸ਼ਹਿਰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਹੀ ਪੈਂਦੇ ਹਨ।