ਟਰੰਪ ਸਰਕਾਰ ਵਲੋਂ ਪਰਵਾਸੀਆਂ ਨੂੰ ਝਟਕਾ-ਐਚ1ਬੀ ਵੀਜ਼ਾ ਧਾਰਕ ਦੇ ਜੀਵਨ ਸਾਥੀ ਨੂੰ ਨਹੀਂ ਮਿਲੇਗੀ ਨੌਕਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ ਮਗਰੋਂ ਜੇ ਪਤੀ-ਪਤਨੀ ਕੋਲ ਐਚ1ਬੀ ਵੀਜ਼ੇ ਹਨ ਤਾਂ ਕੰਮ ਕਰਨ ਦੀ ਮਨਜ਼ੂਰੀ ਸਿਰਫ਼ ਇਨ੍ਹਾਂ 'ਚੋਂ ਕਿਸੇ ਇਕ ਨੂੰ ਮਿਲੇਗੀ।

H1B Visa

ਅਮਰੀਕਾ 'ਚ ਐਚ1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਦਾ ਵਰਕ ਪਰਮਿਟ ਖ਼ਤਮ ਹੋ ਸਕਦਾ ਹੈ। ਇਸ ਨੂੰ ਖ਼ਤਮ ਕਰਨ ਲਈ ਡੋਨਾਲਡ ਟਰੰਪ ਸਰਕਾਰ ਯੋਜਨਾ ਬਣਾ ਰਹੀ ਹੈ। ਇਸ ਮਗਰੋਂ ਜੇ ਪਤੀ-ਪਤਨੀ ਕੋਲ ਐਚ1ਬੀ ਵੀਜ਼ੇ ਹਨ ਤਾਂ ਕੰਮ ਕਰਨ ਦੀ ਮਨਜ਼ੂਰੀ ਸਿਰਫ਼ ਇਨ੍ਹਾਂ 'ਚੋਂ ਕਿਸੇ ਇਕ ਨੂੰ ਮਿਲੇਗੀ। ਟਰੰਪ ਸਰਕਾਰ ਦੇ ਇਸ ਫ਼ੈਸਲੇ ਤੋਂ ਹਜ਼ਾਰਾਂ ਭਾਰਤੀਆਂ 'ਤੇ ਅਸਰ ਪਵੇਗਾ। ਜੀਵਨ ਸਾਥੀ ਨੂੰ ਵਰਕ ਪਰਮਿਟ ਦੇਣ ਦਾ ਇਹ ਫ਼ੈਸਲਾ ਬਰਾਕ ਉਬਾਮਾ ਦੇ ਕਾਰਜਕਾਲ 'ਚ ਲਿਆ ਗਿਆ ਸੀ। ਟਰੰਪ ਸਰਕਾਰ ਦੇ ਇਸ ਫ਼ੈਸਲੇ ਤੋਂ 70 ਹਜ਼ਾਰ ਤੋਂ ਵੱਧ ਐਚ-4 ਵੀਜ਼ਾ ਧਾਰਕ ਪ੍ਰਭਾਵਤ ਹੋਣ ਵਾਲੇ ਹਨ।ਜ਼ਿਕਰਯੋਗ ਹੈ ਕਿ ਐਚ-4 ਵੀਜ਼ਾ, ਐਚ-1ਬੀ ਵੀਜ਼ਾ ਧਾਰਕ ਦੇ ਜੀਵਨ ਸਾਥੀ ਨੂੰ ਜਾਰੀ ਕੀਤਾ ਜਾਂਦਾ ਹੈ। ਇਨ੍ਹਾਂ 'ਚੋਂ ਵੱਡੀ ਗਿਣਤੀ ਵਿਚ ਭਾਰਤੀ ਹੁਨਰਮੰਦ ਪੇਸ਼ੇਵਰ ਹਨ। ਉਨ੍ਹਾਂ ਨੂੰ ਵਰਕ ਪਰਮਿਟ ਉਬਾਮਾ ਪ੍ਰਸ਼ਾਸਨ ਦੇ ਕਾਰਜਕਾਲ ਵਿਚ ਜਾਰੀ ਵਿਸ਼ੇਸ਼ ਹੁਕਮ ਜ਼ਰੀਏ ਮਿਲਿਆ ਸੀ। ਇਸ ਵਿਵਸਥਾ ਦਾ ਸਭ ਤੋਂ ਵੱਧ ਫ਼ਾਇਦਾ ਭਾਰਤੀ-ਅਮਰੀਕੀਆਂ ਨੂੰ ਮਿਲਿਆ ਸੀ। ਇਕ ਲੱਖ ਤੋਂ ਵੱਧ ਐਚ-4 ਵੀਜ਼ਾ ਧਾਰਕਾਂ ਨੂੰ ਇਸ ਨਿਯਮ ਦਾ ਫ਼ਾਇਦਾ ਮਿਲ ਚੁੱਕਾ ਹੈ।

ਉਬਾਮਾ ਪ੍ਰਸ਼ਾਸਨ ਦੇ 2015 ਦੇ ਨਿਯਮ ਮੁਤਾਬਕ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਵਰਕ ਪਰਮਿਟ ਦੇਣ ਦੀ ਆਗਿਆ ਦਿਤੀ ਸੀ, ਨਹੀਂ ਤਾਂ ਉਹ ਕੋਈ ਨੌਕਰੀ ਨਹੀਂ ਕਰ ਸਕਦੇ। ਉਥੇ ਹੀ ਇਸ ਦਾ ਦੂਜਾ ਰਸਤਾ ਇਹ ਹੈ ਕਿ ਐਚ-1ਬੀ ਵੀਜ਼ਾ ਧਾਰਕ ਸਥਾਈ ਨਿਵਾਸ ਦਾ ਦਰਜਾ ਹਾਸਲ ਕਰੇ। ਇਸ ਪ੍ਰਕਿਰਿਆ 'ਚ ਇਕ ਦਹਾਕੇ ਜਾਂ ਵੱਧ ਦਾ ਸਮਾਂ ਲੱਗਦਾ ਹੈ। ਅਜਿਹੇ 'ਚ ਉਬਾਮਾ ਪ੍ਰਸ਼ਾਸਨ ਦੇ ਇਸ ਨਿਯਮ ਨਾਲ ਉਨ੍ਹਾਂ ਐਚ-1ਬੀ ਵੀਜ਼ਾ ਧਾਰਕਾਂ ਨੂੰ ਫ਼ਾਇਦਾ ਹੋਇਆ ਸੀ, ਜਿਨ੍ਹਾਂ ਦੇ ਜੀਵਨ ਸਾਥੀ ਵੀ ਅਮਰੀਕਾ 'ਚ ਨੌਕਰੀ ਕਰਨਾ ਚਾਹੁੰਦੇ ਹਨ। ਟਰੰਪ ਪ੍ਰਸ਼ਾਸਨ ਇਸ ਵਿਵਸਥਾ ਨੂੰ ਹੁਣ ਖ਼ਤਮ ਕਰਨ ਦੀ ਯੋਜਨਾ ਬਣਾ ਰਿਹਾ ਹੈ। ਆਉਣ ਵਾਲੇ ਮਹੀਨਿਆਂ 'ਚ ਇਸ ਬਾਰੇ ਰਸਮੀ ਤੌਰ 'ਤੇ ਐਲਾਨ ਹੋ ਸਕਦਾ ਹੈ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਦੇ ਡਾਇਰੈਕਟਰ ਫ਼ਰਾਂਸਿਸ ਸਿਸਨਾ ਨੇ ਸੈਨੇਟਰ ਚੱਕ ਗ੍ਰਾਸਲੇ ਨੂੰ ਚਿੱਠੀ ਲਿਖ ਕੇ ਇਹ ਜਾਣਕਾਰੀ ਦਿਤੀ ਹੈ। (ਪੀਟੀਆਈ)