ਤਿੰਨ ਹਫ਼ਤਿਆਂ ’ਚ ਆਸਟਰੇਲੀਆ ਦੀ ਸਥਿਤੀ ਹੋ ਜਾਵੇਗੀ ਸਧਾਰਣ : ਸਿਹਤ ਅਧਿਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਿਛਲੇ 24 ਘੰਟਿਆਂ ’ਚ ਸਾਹਮਣੇ ਆਏ ਸਿਰਫ਼ 4 ਮਾਮਲੇ

File Photo

ਪਰਥ, 24 ਅਪ੍ਰੈਲ (ਪਿਆਰਾ ਸਿੰਘ ਨਾਭਾ) : ਆਸਟ੍ਰੇਲੀਆ ਦੇ ਉਪ ਮੁੱਖ ਮੈਡੀਕਲ ਅਧਿਕਾਰੀ ਪਾਲ ਕੈਲੀ ਦੇ ਮੁਤਾਬਕ 3 ਹਫ਼ਤਿਆਂ ’ਚ ਦੇਸ਼ ਦੀ ਸਥਿਤੀ ਸਧਾਰਨ ਹੋ ਜਾਵੇਗੀ । ਜਿਸਦਾ ਮੁੱਖ ਕਾਰਨ ਆਸਟਰੇਲੀਆ ਵਲੋਂ ਅਪਨਾਏ ਗਏ ਕਈ ਸਾਰੇ ਉਪਾਅ ਹਨ , ਜਿਸ ਕਾਰਨ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਵੀ ਲਗਾਤਾਰ ਕਮੀ ਦੇਖਣ ਨੂੰ ਮਿਲ ਰਹੀ ਹੈ। 

ਆਸਟਰੇਲੀਆ ’ਚ ਬੀਤੇ 24 ਘੰਟਿਆਂ ਵਿਚ ਕੋਵਿਡ-19 ਦੇ ਸਿਰਫ 4 ਮਾਮਲੇ ਸਾਹਮਣੇ ਆਏ ਹਨ ਅਤੇ ਇਕ ਮਰੀਜ਼ ਦੀ ਮੌਤ ਹੋਈ ਹੈ। ਕਈ ਰਾਜਾਂ ’ਚ ਕੋਵਿਡ-19 ਦੇ ਨਵੇਂ ਮਰੀਜ਼ਾਂ ਦੀ ਗਿਣਤੀ ਜ਼ੀਰੋ ਹੋ ਗਈ ਹੈ । ਵਾਇਰਸ ਵਿਰੁਧ ਲੜ ਰਹੇ ਸਿਹਤ ਅਤੇ ਸੁਰੱਖਿਆ ਕਰਮੀਆਂ ਨੂੰ 6 ਹਫ਼ਤਿਆਂ ਵਿਚ 10 ਮਿਲੀਅਨ ਮਾਸਕ ਅਤੇ ਸੁਰੱਖਿਆਂ ਕਿੱਟਾਂ ਦਿਤੀਆਂ ਗਈਆਂ। ਵਿਦੇਸ਼ ਤੋਂ ਆਉਣ ਵਾਲੇ ਹਰੇਕ ਵਿਅਕਤੀ ਲਈ 2 ਹਫ਼ਤੇ ਦਾ ਕੁਆਰੰਟੀਨ ਲਾਜ਼ਮੀ ਕੀਤਾ । ਉਂਝ ਮਾਰਚ ਦੇ ਅਖੀਰ ਤਕ ਇੱਥੇ ਰੋਜ਼ਾਨਾ 450-460 ਇਨਫੈਕਟਿਡ ਮਾਮਲੇ ਸਾਹਮਣੇ ਆਉਂਦੇ ਰਹੇ ਸਨ।

ਜੇਕਰ ਜੀ-20 ਦੇਸ਼ਾਂ ਅਮਰੀਕਾ, ਬ੍ਰਿਟੇਨ, ਇਟਲੀ ਅਤੇਸਪੇਨ ਦੇ ਕੋਰੋਨਾ ਮਾਮਲਿਆਂ ਦੀ ਤੁਲਨਾ ਆਸਟ੍ਰੇਲੀਆ ਨਾਲ ਕੀਤੀ ਜਾਵੇ ਤਾਂ ਇਥੋ ਦੇ ਅੰਕੜੇ ਪੂਰੀ ਤਰ੍ਹਾਂ ਉਲਟ ਹਨ। ਇਥੇ ਵਾਇਰਸ ਦੀ ਚਪੇਟ ਵਿਚ ਤਕਰੀਬਨ 6667 ਲੋਕ ਹਨ ਜਦਕਿ 5097 ਹਜ਼ਾਰ ਤੋਂ ਵਧੇਰੇ ਮਰੀਜ਼ ਠੀਕ ਹੋ ਚੁੱਕੇ ਹਨ ਅਤੇ 76 ਲੋਕਾਂ ਦੀ ਮੌਤ ਹੋ ਚੁੱਕੀ ਹੈ । ਪੂਰੇ ਮੁਲਕ ਵਿਚ ਲਾਕਡਾਊਨ ਲਾਗੂ ਹੋਣ ਦੇ ਬਾਅਦ 23 ਮਾਰਚ ਨੂੰ ਡ੍ਰਾਈਵ ਥਰੂ ਟੈਸਟ ਸ਼ੁਰੂ ਕੀਤਾ ਗਿਆ ਸੀ , ਜਿਸ ਦੇ ਤਹਿਤ ਮਹੱਤਵਪੂਰਣ ਸਥਾਨਾਂ ’ਤੇ ਛੋਟੇ ਬੂਥ ਦੁਆਰਾ ਮੁਫ਼ਤ ਟੈਸਟਿੰਗ ਹੁੰਦੀ ਹੈ।

ਦੇਸ਼ ਵਿਚ ਹਰੇਕ 10 ਲੱਖ ਲੋਕਾਂ ’ਤੇ 20 ਹਜ਼ਾਰ ਦੀ ਜਾਂਚ ਕੀਤੀ ਗਈ। ਹੁਣ ਤਕ 4,74,400 ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਸਰਕਾਰ ਨੇ ਇਕ ਮੋਬਾਈਲ ਐਪ ਸ਼ੁਰੂ ਕੀਤੀ, ਜਿਸ ਨਾਲ ਇਹ ਪਤਾ ਲਗਾਇਆ ਜਾਂਦਾ ਹੈ ਕਿ ਕਿਹੜਾ ਵਿਅਕਤੀ ਕਿਸ ਸਮੇਂ ਤੇ ਕਿੱਥੇ ਕੋਰੋਨਾ ਪ੍ਰਭਾਵਤ ਵਿਅਕਤੀ ਨੂੰ ਮਿਲਿਆਂ। ਪ੍ਰਭਾਵ ਫੈਲਣ ਦੇ ਬਾਅਦ ਇਥੇ ‘ਮਹਾਮਾਰੀ ਡਰੋਨ’ ਨਾਲ ਭੀੜ , ਹਵਾਈ ਅੱਡਿਆਂ, ਸਟੇਸ਼ਨ, ਕਰੂਜ਼ ਸ਼ਿਪ ਅਤੇ ਦਫਤਰ ਵਿਚ ਛਿੱਕਣ-ਖੰਘਣ ਵਾਲੇ ਲੋਕਾਂ ਦੀ ਪਛਾਣ ਤੇ ਨਜ਼ਰ ਰੱਖੀ ਜਾ ਰਹੀ ਹੈ ।

ਇਥੇ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਗਿਆ। ਜਿਸ ਤਹਿਤ ਲਾਕਡਾਊਨ ਦੇ ਪਹਿਲੇ ਦਿਨ 23 ਮਾਰਚ ਨੂੰ ਪਾਰਕ ਵਿਚ ਬੈਠ ਕੇ ਖਾਣਾ ਖਾਣ ਵਾਲੇ ਵਿਅਕਤੀ ਨੂੰ 50 ਹਜ਼ਾਰ ਰੁਪਏ ਦਾ ਜ਼ੁਰਮਾਨਾ ਦੇਣਾ ਪਿਆ। ਉੱਥੇ ਹੀ ਪਿਛਲੇ ਹਫ਼ਤੇ ਵਿਕਟੋਰੀਆ ਦੇ ਮੇਅਰ ਟੋਨੀ ਹਰਬਰਟ ’ਤੇ 78 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਕਿਉਂਕਿ ਉਹ ਸਮਾਜਿਕ ਦੂਰੀ ਨੂੰ ਉਲੰਘਣਾ ਕਰ ਕੇ ਸੜਕ ਕਿਨਾਰੇ ਬੀਅਰ ਪੀ ਰਹੇ ਸਨ ।