ਪ੍ਰਿੰਸ ਚਾਰਲਸ ਨੇ ਭਾਰਤ, ਦਖਣੀ ਏਸ਼ੀਆ ਲਈ ਐਮਰਜੈਂਸੀ ਰਾਹਤ ਫ਼ੰਡ ਦੀ ਸ਼ੁਰੂਆਤ ਕੀਤੀ
ਬ੍ਰਿਟੇਨ ਦੇ ਪ੍ਰਿੰਸ ਚਾਰਲਸ ਨੇ ਸ਼ੁਕਰਵਾਰ ਨੂੰ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਸ੍ਰੀਲੰਕਾ ਲਈ ਕੋਵਿਡ -19 ਐਮਰਜੈਂਸੀ ਅਪੀਲ ਰਾਹਤ ਫ਼ੰਡ ਦੀ ਸ਼ੁਰੂਆਤ ਕੀਤੀ।
ਲੰਡਨ, 24 ਅਪ੍ਰੈਲ : ਬ੍ਰਿਟੇਨ ਦੇ ਪ੍ਰਿੰਸ ਚਾਰਲਸ ਨੇ ਸ਼ੁਕਰਵਾਰ ਨੂੰ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਸ੍ਰੀਲੰਕਾ ਲਈ ਕੋਵਿਡ -19 ਐਮਰਜੈਂਸੀ ਅਪੀਲ ਰਾਹਤ ਫ਼ੰਡ ਦੀ ਸ਼ੁਰੂਆਤ ਕੀਤੀ। ਉਸਨੇ ਇਸਦੀ ਸ਼ੁਰੂਆਤ ‘ਬ੍ਰਿਟਿਸ਼ ਏਸ਼ੀਅਨ ਟਰੱਸਟ’ ਦੇ ਸ਼ਾਹੀ ਸਰਪ੍ਰਸਤ ਵਜੋਂ ਕੀਤੀ। ਇਹ ਟਰੱਸਟ ਦਖਣੀ ਏਸ਼ੀਆ ਦੇ ਵਿਕਾਸ ਨਾਲ ਜੁੜੀ ਇਕ ਸੰਸਥਾ ਹੈ। ਪ੍ਰਿੰਸ ਚਾਰਲਸ ਵੀ ਪਿਛਲੇ ਮਹੀਨੇ ਦੇ ਅੰਤ ’ਚ ਖੁਦ ਕੋਰੋਨਾ ਵਾਇਰਸ ਦੀ ਲਾਗ ਤੋਂ ਠੀਕ ਹੋਏ ਸਨ।
ਬ੍ਰਿਟਿਸ਼ ਗੱਦੀ ਦੇ 71 ਸਾਲਾ ਵਾਰਸ, ਚਾਰਲਸ ਨੇ ਮਹਾਂਮਾਰੀ ਦੌਰਾਨ ਬ੍ਰਿਟੇਨ ਦੇ ਏਸ਼ੀਆਈ ਭਾਈਚਾਰੇ ਦੀ “ਮਹੱਤਵਪੂਰਣ ਭੂਮਿਕਾ’’ ਲਈ ਪ੍ਰਸੰਸਾ ਕੀਤੀ। ਉਸਨੇ ਕਮਿਊਨਿਟੀ ਨੂੰ ਅਪੀਲ ਕੀਤੀ ਕਿ ਉਹ ਅਪਣੇ ਮੂਲ ਦੇਸ਼ਾਂ ਦੀ ਸਹਾਇਤਾ ਲਈ ਖੁੱਲ੍ਹ ਕੇ ਦਾਨ ਦੇਣ। ਟਰੱਸਟ ਨੇ ਅਪਣੀ ਵੈਬਸਾਈਟ ’ਤੇ ਇਕ ਆਨਲਾਈਨ ਦਾਨ ਪ੍ਰਣਾਲੀ ਸਥਾਪਤ ਕੀਤੀ ਹੈ ਅਤੇ ਲੋਕਾਂ ਨੂੰ ਪੂਰੀ ਜਾਂ ਮਹੀਨਾਵਾਰ ਦਾਨ ਕਰਨ ਦੀ ਅਪੀਲ ਕੀਤੀ ਹੈ। ਦਾਨ ਦੀ ਰਕਮ ਘੱਟੋ ਘੱਟ ਤਿੰਨ ਪੌਂਡ ਹੋਣੀ ਚਾਹੀਦੀ ਹੈ। ਪ੍ਰਿੰਸ ਚਾਰਲਸ ਨੇ ਇਸ ਟਰੱਸਟ ਦੀ ਸਥਾਪਨਾ 2007 ’ਚ ਦਖਣੀ ਏਸ਼ੀਆ ਵਿਚ ਗਰੀਬੀ ਨਾਲ ਲੜਨ ਲਈ ਕੀਤੀ ਸੀ। (ਪੀਟੀਆਈ)