ਪਾਕਿਸਤਾਨ : ਖ਼ੈਬਰ ਪਖ਼ਤੁਨਖ਼ਵਾ ਥਾਣੇ 'ਤੇ ਆਤਮਘਾਤੀ ਹਮਲਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਪੁਲਿਸ ਮੁਲਾਜ਼ਮਾਂ ਸਮੇਤ ਕਰੀਬ 20 ਦੀ ਮੌਤ ਤੇ 28 ਜ਼ਖ਼ਮੀ

Representational Image

ਪਾਕਿਸਤਾਨ: ਖ਼ੈਬਰ ਪਖ਼ਤੁਨਖ਼ਵਾ ਥਾਣੇ 'ਤੇ ਵੱਡਾ ਆਤਮਘਾਤੀ ਹਮਲਾ ਹੋਇਆ ਹੈ ਜਿਸ ਵਿਚ ਪੁਲਿਸ ਮੁਲਾਜ਼ਮਾਂ ਸਮੇਤ ਕਰੀਬ 20 ਦੀ ਮੌਤ ਅਤੇ 28 ਜ਼ਖ਼ਮੀ ਦੱਸੇ ਜਾ ਰਹੇ ਹਨ। ਇਸ ਹਮਲੇ ਦੌਰਾਨ ਕਈ ਇਮਾਰਤਾਂ ਨੁਕਸਾਨੀਆਂ ਗਈਆਂ ਹਨ ਅਤੇ ਮਲਬੇ ਹੇਠਾਂ ਦਬੇ ਲੋਕ ਮਦਦ ਦੀ ਗੁਹਾਰ ਲਗਾ ਰਹੇ ਹਨ। 

ਇਹ ਵੀ ਪੜ੍ਹੋ: ਜੈਮਿਨੀ ਸਰਕਸ ਦੇ ਸੰਸਥਾਪਕ ਦਾ ਦਿਹਾਂਤ, ਪਿਛਲੇ ਕੁਝ ਦਿਨਾਂ ਤੋਂ ਸਨ ਬਿਮਾਰ 

ਦੱਸਿਆ ਜਾ ਰਿਹਾ ਹੈ ਕਿ ਇਹ ਆਤਮਘਾਤੀ ਹਮਲਾ ਦੇਰ ਰਾਤ ਹੋਇਆ ਹੈ। ਥਾਣੇ ਅੰਦਰ ਦੋ ਹਮਲੇ ਹੋਏ ਜਿਸ ਤੋਂ ਬਾਅਦ ਥਾਣੇ ਵਿਚ ਅੱਗ ਲੱਗ ਗਈ। ਜਿਸ ਕਾਰਨ ਅੱਗ ਵਿਚ ਝੁਲਸ ਜਾਣ ਕਾਰਨ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। ਹਮਲੇ ਤੋਂ ਬਾਅਦ ਖ਼ੈਬਰ ਪਖ਼ਤੁਨਖ਼ਵਾ ਇਲਾਕੇ ਵਿਚ ਹਾਈ ਅਲਰਟ ਕਰ ਦਿਤਾ ਗਿਆ ਹੈ। ਨਜ਼ਦੀਕੀ ਹਸਪਤਾਲਾਂ ਵਿਚ ਐਮਰਜੈਂਸੀ ਐਲਾਨ ਦਿਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਇਹ ਹਮਲਾ ਹੋਇਆ ਤਾਂ ਕਈ ਪੁਲਿਸ ਮੁਲਾਜ਼ਮ ਥਾਣੇ ਵਿਚ ਮੌਜੂਦ ਸਨ। ਭਿਆਨਕ ਹਮਲੇ ਵਿਚ ਤਿੰਨ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ। ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਕਈ ਲੋਕ ਵੀ ਗੰਭੀਰ ਜ਼ਖ਼ਮੀ ਹੋਏ ਹਨ। 

ਵਾਰਦਾਤ ਤੋਂ ਤੁਰੰਤ ਬਚਾਅ ਟੀਮਾਂ ਮੌਕੇ 'ਤੇ ਪਹੁੰਚੀਆਂ ਜਿਨ੍ਹਾਂ ਵਲੋਂ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ। ਇਸ ਤੋਂ ਇਲਾਵਾ ਮਲਬੇ ਨੂੰ ਹਟਾਇਆ ਜਾ ਰਿਹਾ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਫਿਲਹਾਲ ਇਸ ਹਮਲੇ ਬਾਰੇ ਕਿਸੇ ਵੀ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ ਹੈ।