Pakistan News : ਪਾਕਿਸਤਾਨੀ ਰੱਖਿਆ ਮੰਤਰੀ ਨੇ ਅਤਿਵਾਦੀਆਂ ਨੂੰ ਪਨਾਹ ਦੇਣ ਦੀ ਗੱਲ ਕਬੂਲੀ
Pakistan News : ਪਾਕਿਸਤਾਨ ’ਚ ਪਿਛਲੇ 30 ਸਾਲਾਂ ਤੋਂ ਹੋ ਰਿਹਾ ਹੈ ਇਹ ਗੰਦਾ ਕੰਮ : ਖ਼ਵਾਜਾ ਆਸਿਫ਼
Pakistani Defense Minister Admits to Providing Shelter to Terrorists Latest News in Punjabi : ਇਸਲਾਮਾਬਾਦ: ਪਹਿਲਗਾਮ ਵਿਚ ਅਤਿਵਾਦੀਆਂ ਨੇ 26 ਲੋਕਾਂ ਦੀ ਹੱਤਿਆ ਕਰ ਦਿਤੀ। ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਇਸ ਦੌਰਾਨ, ਪਾਕਿਸਤਾਨੀ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਬ੍ਰਿਟਿਸ਼ ਮੀਡੀਆ ਨੂੰ ਦਿਤੇ ਇਕ ਇੰਟਰਵਿਊ ਵਿਚ ਮੰਨਿਆ ਕਿ ਪਾਕਿਸਤਾਨ ਤਿੰਨ ਦਹਾਕਿਆਂ ਤੋਂ ਅਤਿਵਾਦੀ ਸੰਗਠਨਾਂ ਦਾ ਸਮਰਥਨ ਅਤੇ ਸਿਖਲਾਈ ਦੇ ਰਿਹਾ ਹੈ। ਹਾਲਾਂਕਿ, ਉਨ੍ਹਾਂ ਨੇ ਇਸ ਲਈ ਅਮਰੀਕਾ ਅਤੇ ਪੱਛਮੀ ਦੇਸ਼ਾਂ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਇਕਬਾਲੀਆ ਬਿਆਨ ਨੇ ਭਾਰਤ ਦੇ ਉਸ ਸਟੈਂਡ ਨੂੰ ਮਜ਼ਬੂਤੀ ਦਿਤੀ ਹੈ ਜਿਸ ਵਿਚ ਉਹ ਪਾਕਿਸਤਾਨ ਨੂੰ ਅਤਿਵਾਦ ਦਾ ਸਮਰਥਕ ਕਹਿੰਦਾ ਰਿਹਾ ਹੈ।
ਜਾਣਕਾਰੀ ਅਨੁਸਾਰ ਪਾਕਿਸਤਾਨੀ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਬ੍ਰਿਟਿਸ਼ ਮੀਡੀਆ ਸਕਾਈ ਨਿਊਜ਼ ਦੀ ਪੱਤਰਕਾਰ ਯਾਲਦਾ ਹਕੀਮ ਨਾਲ ਗੱਲ ਕੀਤੀ। ਇਸ ਵਿਚ, ਉਨ੍ਹਾਂ ਨੂੰ ਪੁੱਛਿਆ ਗਿਆ ਸੀ, 'ਕੀ ਤੁਸੀਂ ਸਵੀਕਾਰ ਕਰਦੇ ਹੋ ਕਿ ਪਾਕਿਸਤਾਨ ਦਾ ਅਤਿਵਾਦੀ ਸੰਗਠਨਾਂ ਨੂੰ ਸਮਰਥਨ, ਸਿਖਲਾਈ ਅਤੇ ਫ਼ੰਡਿੰਗ ਦਾ ਇੱਕ ਲੰਮਾ ਇਤਿਹਾਸ ਹੈ?' ਜਵਾਬ ਵਿਚ, ਆਸਿਫ਼ ਨੇ ਇਕ ਸਨਸਨੀਖੇਜ਼ ਕਬੂਲਨਾਮੇ ਵਿਚ ਕਿਹਾ, 'ਹਾਂ, ਅਸੀਂ ਪਿਛਲੇ ਤਿੰਨ ਦਹਾਕਿਆਂ ਤੋਂ ਅਮਰੀਕਾ ਅਤੇ ਪੱਛਮ, ਜਿਸ ਵਿਚ ਬ੍ਰਿਟੇਨ ਵੀ ਸ਼ਾਮਲ ਹੈ, ਲਈ ਇਹ ਗੰਦਾ ਕੰਮ ਕਰ ਰਹੇ ਹਾਂ।'
ਪਾਕਿਸਤਾਨੀ ਰੱਖਿਆ ਮੰਤਰੀ ਨੇ ਕਿਹਾ ਕਿ ਇਸ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾਉਣਾ ਗ਼ਲਤ ਹੈ ਕਿਉਂਕਿ ਉਹ ਪੱਛਮੀ ਦੇਸ਼ਾਂ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਸੀ। ਹਾਲਾਂਕਿ, ਉਨ੍ਹਾਂ ਨੇ ਇਹ ਖ਼ੁਲਾਸਾ ਨਹੀਂ ਕੀਤਾ ਕਿ ਇਸ ਦੇ ਲਈ ਉਹ ਅਮਰੀਕਾ ਤੋਂ ਅਰਬਾਂ ਡਾਲਰ ਲੈਂਦਾ ਸੀ, ਜਿਸ ਦੇ ਆਧਾਰ 'ਤੇ ਪਾਕਿਸਤਾਨ ਦੇ ਸਿਆਸਤਦਾਨਾਂ ਅਤੇ ਜਰਨੈਲਾਂ ਨੇ ਬਹੁਤ ਪੈਸਾ ਕਮਾਇਆ ਹੈ। ਹਾਲਾਂਕਿ, ਉਨ੍ਹਾਂ ਦੇ ਇਸ ਬਿਆਨ ਤੋਂ ਪਾਕਿਸਤਾਨੀ ਵੀ ਨਾਰਾਜ਼ ਨਜ਼ਰ ਆਏ।
ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜਿਆ ਰੇਜ਼ਿਸਟੈਂਸ ਫ਼ਰੰਟ ਨੇ ਪਹਿਲਗਾਮ ਵਿਚ ਹੋਏ ਅਤਿਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ। 26/11 ਦੇ ਮੁੰਬਈ ਅਤਿਵਾਦੀ ਹਮਲੇ ਦਾ ਮਾਸਟਰਮਾਈਂਡ ਹਾਫਿਜ਼ ਸਈਦ ਲਸ਼ਕਰ ਦਾ ਮੁਖੀ ਹੈ ਅਤੇ ਅਜੇ ਵੀ ਪਾਕਿਸਤਾਨ ਵਿਚ ਰਹਿ ਰਿਹਾ ਹੈ ਪਰ ਖ਼ਵਾਜਾ ਆਸਿਫ਼ ਨੇ ਬੇਸ਼ਰਮੀ ਨਾਲ ਕਿਹਾ ਕਿ ਲਸ਼ਕਰ ਪਾਕਿਸਤਾਨ ਵਿਚ ਨਹੀਂ ਹੈ। ਖ਼ਵਾਜਾ ਆਸਿਫ਼ ਨੇ ਦਾਅਵਾ ਕੀਤਾ ਕਿ ਦ ਰੇਜ਼ਿਸਟੈਂਸ ਫ਼ਰੰਟ ਇਕ ਅਜਿਹਾ ਸੰਗਠਨ ਹੈ ਜਿਸ ਬਾਰੇ ਕਦੇ ਨਹੀਂ ਸੁਣਿਆ ਗਿਆ। ਐਂਕਰ ਨੇ ਉਸ ਨੂੰ ਯਾਦ ਦਿਵਾਇਆ ਕਿ ਫ਼ਰੰਟ ਲਸ਼ਕਰ ਦਾ ਇਕ ਹਿੱਸਾ ਸੀ, ਜਿਸ 'ਤੇ ਪਾਕਿਸਤਾਨੀ ਮੰਤਰੀ ਨੇ ਇਸ ਨੂੰ ਝੂਠ ਦਸਦਿਆਂ ਕਿਹਾ, 'ਲਸ਼ਕਰ ਇਕ ਪੁਰਾਣਾ ਨਾਮ ਹੈ। ਇਹ ਪਾਕਿਸਤਾਨ ’ਚ ਬਿਲਕੁਲ ਵੀ ਮੌਜੂਦ ਨਹੀਂ ਹੈ।’