ਕੈਨੇਡਾ ਨੇ 16 ਮੌਤਾਂ ਲਈ ਜ਼ਿੰਮੇਵਾਰ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਵਾਪਸ ਭੇਜਣ ਦੇ ਹੁਕਮ ਦਿਤੇ
15 ਮਿੰਟ ਦੀ ਸੁਣਵਾਈ ਦੌਰਾਨ ਬੋਰਡ ਨੇ ਕਿਹਾ ਕਿ ਉਹ ਮਨੁੱਖਤਾਵਾਦੀ ਅਤੇ ਹਮਦਰਦੀ ਵਾਲੇ ਪਹਿਲੂਆਂ ’ਤੇ ਵਿਚਾਰ ਨਹੀਂ ਕਰ ਸਕਦੇ
ਓਟਾਵਾ: ਕੈਨੇਡਾ ’ਚ ਸਾਲ 2018 ’ਚ ਹੋਏ ਭਿਆਨਕ ਹਾਦਸੇ ’ਚ ਸ਼ਾਮਲ ਪੰਜਾਬੀ ਡਰਾਈਵਰ ਨੂੰ ਭਾਰਤ ਡਿਪੋਰਟ ਕਰ ਦਿਤਾ ਜਾਵੇਗਾ। ਇਸ ਹਾਦਸੇ ’ਚ ਜੂਨੀਅਰ ਹਾਕੀ ਟੀਮ ਦੇ 16 ਮੈਂਬਰਾਂ ਦੀ ਮੌਤ ਹੋ ਗਈ।
ਸਾਲ 2014 ’ਚ ਭਾਰਤ ਤੋਂ ਕੈਨੇਡਾ ਆਏ ਜਸਕੀਰਤ ਸਿੰਘ ਸਿੱਧੂ ਅਲਬਰਟਾ ਦੇ ਕੈਲਗਰੀ ’ਚ ਰਹਿੰਦਾ ਸੀ। ਸਸਕੈਚਵਾਨ ਸੂਬੇ ਦੇ ਟਿਸਡੇਲ ਨੇੜੇ ਇਕ ਚੁਰਸਤੇ ’ਤੇ ਸਿੱਧੂ ਨੇ ਲਾਲ ਬੱਤੀ ਨੂੰ ਪਾਰ ਕਰ ਕੇ ਹੰਬੋਲਟ ਬ੍ਰੋਨਕੋਸ ਜੂਨੀਅਰ ਹਾਕੀ ਟੀਮ ਦੀ ਬੱਸ ਨੂੰ ਟੱਕਰ ਮਾਰ ਦਿਤੀ ਸੀ। 6 ਅਪ੍ਰੈਲ, 2018 ਨੂੰ ਹੋਏ ਇਸ ਹਾਦਸੇ ’ਚ ਬੱਸ ’ਚ 16 ਲੋਕਾਂ ਦੀ ਮੌਤ ਹੋ ਗਈ ਸੀ ਅਤੇ 13 ਜ਼ਖਮੀ ਹੋ ਗਏ ਸਨ।
ਸੀ.ਬੀ.ਐਸ. ਨਿਊਜ਼ ਦੀ ਰੀਪੋਰਟ ਮੁਤਾਬਕ ਸਿੱਧੂ ਨੂੰ ਡਿਪੋਰਟ ਕਰਨ ਦਾ ਫੈਸਲਾ ਸ਼ੁਕਰਵਾਰ ਨੂੰ ਕੈਲਗਰੀ ’ਚ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਬੋਰਡ ਦੀ ਸੁਣਵਾਈ ਦੌਰਾਨ ਲਿਆ ਗਿਆ। ਉਸ ਨੂੰ 2019 ’ਚ ਟਰੱਕ ਦੀ ਖਤਰਨਾਕ ਡਰਾਈਵਿੰਗ ਨਾਲ ਜੁੜੇ 16 ਦੋਸ਼ਾਂ ’ਚ ਦੋਸ਼ੀ ਠਹਿਰਾਇਆ ਗਿਆ ਸੀ। ਇਸ ਹਾਦਸੇ ’ਚ 16 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਉਸ ਨੂੰ ਪਿਛਲੇ ਸਾਲ ਪੂਰੀ ਪੈਰੋਲ ਦਿਤੀ ਗਈ ਸੀ।
15 ਮਿੰਟ ਦੀ ਸੁਣਵਾਈ ਦੌਰਾਨ ਬੋਰਡ ਦੇ ਇਮੀਗ੍ਰੇਸ਼ਨ ਵਿਭਾਗ ਵਲੋਂ ਪੇਸ਼ ਹੋਏ ਟ੍ਰੈਂਟ ਕੁੱਕ ਨੇ ਸਿੱਧੂ ਨੂੰ ਕਿਹਾ ਕਿ ਉਹ ਮਨੁੱਖਤਾਵਾਦੀ ਅਤੇ ਹਮਦਰਦੀ ਵਾਲੇ ਪਹਿਲੂਆਂ ’ਤੇ ਵਿਚਾਰ ਨਹੀਂ ਕਰ ਸਕਦੇ। ਸਿੱਧੂ ਦੇ ਵਕੀਲ ਮਾਈਕਲ ਗ੍ਰੀਨ ਨੇ ਕਿਹਾ ਸੀ ਕਿ ਇਹ ਫੈਸਲਾ ਪਹਿਲਾਂ ਤੋਂ ਤੈਅ ਸੀ। ਗ੍ਰੀਨ ਨੇ ਕਿਹਾ ਕਿ ਸਿੱਧੂ ਨੂੰ ਡਿਪੋਰਟ ਕਰਨ ਲਈ ਸਿਰਫ਼ ਇਸ ਗੱਲ ਦਾ ਸਬੂਤ ਚਾਹੀਦਾ ਹੈ ਕਿ ਉਹ ਕੈਨੇਡੀਅਨ ਨਾਗਰਿਕ ਨਹੀਂ ਹੈ ਅਤੇ ਉਸ ਨੇ ਗੰਭੀਰ ਅਪਰਾਧ ਕੀਤਾ ਹੈ।
ਵਕੀਲ ਨੇ ਕਿਹਾ ਕਿ ਹੋਰ ਕਾਨੂੰਨੀ ਅਤੇ ਪ੍ਰਕਿਰਿਆਤਮਕ ਕਦਮ ਚੁਕੇ ਜਾਣੇ ਚਾਹੀਦੇ ਹਨ ਅਤੇ ਸਿੱਧੂ ਨੂੰ ਮਹੀਨਿਆਂ ਜਾਂ ਸਾਲਾਂ ਤਕ ਡਿਪੋਰਟ ਨਹੀਂ ਕੀਤਾ ਜਾ ਸਕਦਾ। ਗ੍ਰੀਨ ਨੇ ਕਿਹਾ ਕਿ ਉਹ ਜਲਦੀ ਹੀ ਇਕ ਪਟੀਸ਼ਨ ਦਾਇਰ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿਸ ਵਿਚ ਸਰਕਾਰ ਨੂੰ ਮਨੁੱਖੀ ਆਧਾਰ ’ਤੇ ਸਿੱਧੂ ਦਾ ਸਥਾਈ ਨਿਵਾਸੀ ਦਾ ਦਰਜਾ ਵਾਪਸ ਕਰਨ ਦੀ ਮੰਗ ਕੀਤੀ ਜਾਵੇਗੀ।
ਵਕੀਲ ਨੇ ਕਿਹਾ ਕਿ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਦਾ ਹੁਣ ਇਕ ਬੱਚਾ ਹੈ, ਜੋ ਕੈਨੇਡਾ ਵਿਚ ਪੈਦਾ ਹੋਇਆ ਹੈ ਅਤੇ ਬੱਚੇ ਨੂੰ ਦਿਲ ਅਤੇ ਫੇਫੜਿਆਂ ਦੀਆਂ ਗੰਭੀਰ ਬਿਮਾਰੀਆਂ ਹਨ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਕਈ ਪਰਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਉਹ ਸਿੱਧੂ ਨੂੰ ਡਿਪੋਰਟ ਕਰਨਾ ਚਾਹੁੰਦੇ ਹਨ।
ਹਾਲਾਂਕਿ, ਸੀ.ਬੀ.ਸੀ. ਨਿਊਜ਼ ਨੇ ਕਿਹਾ ਕਿ ਹਾਦਸੇ ’ਚ ਅਪਣੇ 18 ਸਾਲਾ ਬੇਟੇ ਇਵਾਨ ਨੂੰ ਗੁਆਉਣ ਵਾਲੇ ਸਕਾਟ ਥਾਮਸ ਨੇ ਕਿਹਾ ਹੈ ਕਿ ਉਸ ਨੇ ਸਿੱਧੂ ਨੂੰ ਮਾਫ਼ ਕਰ ਦਿਤਾ ਹੈ ਅਤੇ ਇੱਥੋਂ ਤਕ ਕਿ ਉਸ ਨੂੰ ਕੈਨੇਡਾ ’ਚ ਰਹਿਣ ਦੀ ਵਕਾਲਤ ਵੀ ਕੀਤੀ ਹੈ।