ਆਂਧਰਾ, ਤੇਲੰਗਾਨਾ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ 'ਚ ਭਿਆਨਕ ਸੜਕ ਹਾਦਸਿਆਂ ਦੌਰਾਨ 36 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਂਧਰਾ ਪ੍ਰਦੇਸ਼ ਕੇ ਕੁਰਨੂਲ ਜ਼ਿਲ੍ਹੇ ਵਿਚ ਐਤਵਾਰ ਤੜਕੇ ਇਕ ਬੱਸ ਨੇ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿਤੀ,

36 deaths in accident

ਨਵੀਂ ਦਿੱਲੀ : ਆਂਧਰਾ ਪ੍ਰਦੇਸ਼ ਕੇ ਕੁਰਨੂਲ ਜ਼ਿਲ੍ਹੇ ਵਿਚ ਐਤਵਾਰ ਤੜਕੇ ਇਕ ਬੱਸ ਨੇ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿਤੀ, ਜਿਸ ਨਾਲ ਨੌਂ ਲੋਕਾਂ ਦੀ ਮੌਤ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਹਾਦਸਾ ਕੁਰਨੂਲ-ਨਾਂਦਯਾਲ ਰਾਜਮਾਰਗ ਦੇ ਸੋਮਯਾਜੁਲਾਪੱਲੇ ਵਿਚ ਵਾਪਰੀ ਹੈ। ਸੜਕ ਟਰਾਂਸਪੋਰਟ Îਿਨਗਮ ਦੀ ਬੱਸ ਨੇ 13 ਲੋਕਾਂ ਨੂੰ ਲਿਜਾ ਰਹੇ ਆਟੋ ਨੂੰ ਟੱਕਰ ਮਾਰ ਦਿਤੀ। ਹਾਦਸੇ ਵਿਚ ਮੌਕੇ 'ਤੇ ਹੀ 7 ਲੋਕਾਂ ਦੀ ਮੌਤ ਹੋ ਗਈ, ਜਦ ਕਿ ਦੋ ਲੋਕਾਂ ਨੇ ਹਸਪਤਾਲ ਵਿਚ ਜਾ ਕੇ ਦਮ ਤੋੜ ਦਿਤਾ।
ਜ਼ਖ਼ਮੀਆਂ ਨੂੰ ਕੁਰਨੂਲ ਦੇ ਇਕ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਪੁਲਿਸ ਮੁਤਾਬਕ ਤਿੰਨ ਆਟੋ ਰਿਕਸ਼ਾ ਗ਼ਲਤ ਦਿਸ਼ਾ ਤੋਂ ਆ ਰਹੇ ਸਨ, ਜਿਨ੍ਹਾਂ ਵਿਚ ਦੋ ਸੁਰੱਖਿਅਤ ਨਿਕਲ ਗਏ ਜਦਕਿ ਤੀਜੇ ਨੂੰ ਬੱਸ ਦੀ ਟੱਕਰ ਲੱਗ ਗਈ। ਪੇਨੂਗੋਂਡਲਾ ਅਤੇ ਕਲਾਪਾਰੀ ਪਿੰਡਾਂ ਦੇ ਲੋਕਾਂ ਦੇ ਇਕੱਠ ਨੇ ਨਾਂਦਿਯਾਲ ਕਸਬੇ ਦੇ ਕੋਲ ਮਹਾਨਦੀ ਪਿੰਡ ਜਾਣ ਲਈ ਤਿੰਨ ਆਟੋ ਰਿਕਸ਼ਾ ਬੁਲਾਏ ਸਨ। ਮ੍ਰਿਤਕਾਂ ਵਿਚੋਂ ਜ਼ਿਆਦਾਤਰ ਬਜ਼ੁਰਗ ਅਤੇ ਬਿਮਾਰ ਲੋਕ ਸਨ। ਇਸੇ ਤਰ੍ਹਾਂ ਇਕ ਵੱਡਾ ਹਾਦਸਾ ਤੇਲੰਗਾਨਾ ਵਿਚ ਵੀ ਵਾਪਰਿਆ ਹੈ, ਜਿੱਥੇ ਤੇਲੰਗਾਨਾ ਦੇ ਯਦਾਦਰੀ ਜ਼ਿਲ੍ਹੇ ਵਿਚ ਇਕ ਟਰੈਕਟਰ ਟਰਾਲੀ ਦੇ ਨਹਿਰ ਵਿਚ ਡਿੱਗਣ ਨਾਲ 14 ਔਰਤਾਂ ਅਤੇ ਇਕ ਬੱਚੇ ਦੀ ਮੌਤ ਹੋ ਗਈ।

ਪੁਲਿਸ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਲਟ ਦਿਸ਼ਾ ਤੋਂ ਆ ਰਹੇ ਇਕ ਦੁਪਹੀਆ ਵਾਹਨ ਨੂੰ ਬਚਾਉਣ ਦੇ ਯਤਨ ਵਿਚ ਟਰੈਕਟਰ ਡਰਾਈਵਰ ਨੇ ਵਾਹਨ ਤੋਂ ਕਾਬੂ ਖੋ ਦਿਤਾ। ਸਵੇਰੇ ਲਗਭਗ 10 ਵਜੇ ਲਕਸ਼ਮਾਪੁਰਮ ਪਿੰਡ ਦੇ ਨੇੜੇ ਮੂਸੀ ਨਦੀ ਵਿਚ ਟਰੈਕਟਰ ਟਰਾਲੀ ਡਿਗ ਗਈ। ਉਨ੍ਹਾਂ ਦਸਿਆ ਕਿ ਟਰਾਲੀ ਵਿਚ 20 ਤੋਂ ਜ਼ਿਆਦਾ ਲੋਕ ਸਵਾਰ ਸਨ। ਰਾਹਤ ਅਤੇ ਬਚਾਅ ਮੁਹਿੰਮ ਦੀ ਨਿਗਰਾਨੀ ਕਰ ਰਹੇ ਸਹਾਇਕ ਪੁਲਿਸ ਕਮਿਸ਼ਨਰ ਐਸ ਰਮੇਸ਼ ਨੇ ਦਸਿਆ ਕਿ ਮ੍ਰਿਤਕਾਂ ਵਿਚ 14 ਔਰਤਾਂ ਅਤੇ ਇਕ ਬੱਚਾ ਸ਼ਾਮਲ ਹਨ। ਹਾਦਸੇ ਵਿਚ ਘੱਟ ਤੋਂ ਘੱਟ ਸੱਤ ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਨੇੜੇ ਦੇ ਇਕ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਭੋਪਾਲ-ਇੰਦੌਰ ਹਾਈਵੇਅ 'ਤੇ ਦੇਰ ਰਾਤੀ ਤੇਜ਼ ਰਫਤਾਰ ਇਕ ਕਾਰ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਦਰਦਨਾਕ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ ਜਦਕਿ 2 ਹੋਰ ਕਾਰ ਸਵਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।

ਮਰਨ ਵਾਲਿਆਂ ਵਿਚੋਂ 2 ਬੱਚੇ ਸ਼ਾਮਲ ਹਨ। ਇਨ੍ਹਾਂ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਪੇਸ਼ੇ ਤੋਂ ਵਪਾਰੀ ਰਾਜਗੜ੍ਹ ਦੇ ਰਹਿਣ ਵਾਲੇ ਪਾਨਵ ਸਿੰਗੀ ਪਰਿਵਾਰ ਨਾਲ ਵਿਆਹ ਪ੍ਰੋਗਰਾਮ 'ਚ ਸ਼ਾਮਲ ਹੋਣ ਇੰਦੌਰ ਗਏ ਸਨ। ਉਥੋਂ ਤੋਂ ਦੇਰ ਰਾਤੀ ਕੁਰਾਵਰ ਵਾਪਸ ਆ ਰਹੇ ਸਨ। ਕਾਰ ਦੀ ਰਫਤਾਰ ਤੇਜ਼ ਸੀ, ਜਿਸ ਕਰਕੇ ਕਾਰ ਖੜ੍ਹੇ ਟਰੱਕ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉਡ ਗਏ ਅਤੇ ਉਹ ਟਰੱਕ ਦੇ ਹੇਠਾਂ ਫਸ ਗਈ। ਤੇਜ਼ ਆਵਾਜ਼ ਸੁਣ ਕੇ ਕੁਝ ਲੋਕ ਘਟਨਾ ਸਥਾਨ 'ਤੇ ਪੁੱਜੇ। ਪੁਲਿਸ ਨੂੰ ਤੁਰੰਤ ਸੂਚਨਾ ਦਿੱਤੀ ਗਈ। ਮੌਕੇ 'ਤੇ ਪੁੱਜੀ ਪੁਲਿਸ ਨੇ ਕਿਸੇ ਤਰ੍ਹਾਂ ਟਰੱਕ ਹਟਵਾ ਕੇ ਕਾਰ ਸਵਾਰਾਂ ਨੂੰ ਬਾਹਰ ਕੱਢਿਆ।

ਇਸ ਦੌਰਾਨ ਸਭ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 2 ਬੱਚਿਆਂ ਸਮੇਤ 4 ਲੋਕਾਂ ਨੂੰ ਮ੍ਰਿਤ ਐਲਾਨ ਦਿਤਾ। ਪੁਲਸ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਪਵਨ ਸਿੰਘ, ਉਨ੍ਹਾਂ ਦੀ ਪਤਨੀ ਮਾਧੁਰੀ, ਬੇਟੀਆਂ ਪਲਕ ਅਤੇ ਛੋਟੀ ਦੀ ਮੌਤ ਹੋ ਗਈ। ਪਵਨ ਦੇ ਪਿਤਾ ਕੈਲਾਸ਼ ਅਤੇ ਰਿਸ਼ਤੇਦਾਰ ਮਧੂਬਾਲਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਦੇਸ਼ ਵਿਚ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ਨਾਸਿਕ ਨੇੜੇ ਮੁੰਬਈ-ਆਗਰਾ ਰੋਡ 'ਤੇ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਦੀ ਇਕ ਬੱਸ ਤੇ ਐਮਯੂਵੀ ਗੱਡੀ ਨਾਲ ਟਕਰਾ ਗਈ, ਜਿਸ ਕਾਰਨ ਉਸ 'ਚ ਸਵਾਰ 7 ਔਰਤਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋਏ।

ਪੁਲਿਸ ਸੁਪਰਡੰਟ ਸੰਜੇ ਦਰਾਡੇ ਨੇ ਦਸਿਆ ਕਿ ਹਾਦਸਾ  ਸ਼ਿਵਦਾ ਫਾਟਾ 'ਤੇ ਉਸ ਸਮੇਂ ਵਾਪਰਿਆ ਜਦੋਂ ਐਮਯੂਵੀ ਦਾ ਟਾਇਰ ਫਟ ਗਿਆ ਅਤੇ ਉਹ ਉਲਟ ਦਿਸ਼ਾ ਤੋਂ ਆ ਰਹੀ ਇਕ ਐੱਸਟੀ ਬੱਸ ਨਾਲ ਜਾ ਟਕਰਾਈ। ਐੱਸ.ਪੀ. ਨੇ ਦੱਸਿਆ ਕਿ ਐੱਮਯੂਵੀ ਵਿਚ ਸਵਾਰ ਲੋਕ ਇਕ ਵਿਆਹ ਦੀ ਪਾਰਟੀ 'ਤੇ ਜਾ ਰਹੇ ਸਨ। ਦਰਾਡੇ ਨੇ ਦੱਸਿਆ ਕਿ ਐੱਸਯੂਵੀ ਦਾ ਟਾਇਰ ਫਟਣ ਤੋਂ ਬਾਅਦ ਚਾਲਕ ਦਾ ਉਸ ਤੋਂ ਸੰਤੁਲਨ ਵਿਗੜ ਗਿਆ ਅਤੇ ਉਸ ਦੀ ਟੱਕਰ ਬੱਸ ਨਾਲ ਹੋ ਗਈ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।