ਟਰੰਪ ਦੀ ਬੁਲਾਰਨ ਸਾਰਾ ਸੈਂਡਰਸ ਨੂੰ ਰੈਸਟੋਰੈਂਟ 'ਚੋਂ ਬਾਹਰ ਕਢਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੂੰ ਟਰੰਪ ਪ੍ਰਸ਼ਾਸਨ 'ਚ ਕੰਮ ਕਰਨ ਦਾ ਹਵਾਲਾ ਦਿੰਦਿਆਂ ਵਰਜੀਨੀਆ ਸਥਿਤ ਇਕ ਰੈਸਟੋਰੈਂਟ ਦੀ...

Sarah Sanderous

ਵਾਸ਼ਿੰਗਟਨ: ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੂੰ ਟਰੰਪ ਪ੍ਰਸ਼ਾਸਨ 'ਚ ਕੰਮ ਕਰਨ ਦਾ ਹਵਾਲਾ ਦਿੰਦਿਆਂ ਵਰਜੀਨੀਆ ਸਥਿਤ ਇਕ ਰੈਸਟੋਰੈਂਟ ਦੀ ਮਾਲਕ ਨੇ ਅਪਣੇ ਇਥੇ ਸੇਵਾਵਾਂ ਦੇਣ ਤੋਂ ਮਨਾ ਕਰਦਿਆਂ ਬਾਹਰ ਚਲੇ ਜਾਣ ਲਈ ਕਿਹਾ।ਸ਼ੁਕਰਵਾਰ ਨੂੰ ਇਕ ਫ਼ੇਸਬੁਕ ਯੂਜ਼ਰ ਨੇ ਖ਼ੁਦ ਨੂੰ ਵਰਜੀਨੀਆ ਦੇ 'ਦੀ ਰੈੱਡ ਹੈਨ' ਰੈਸਟੋਰੈਂਟ ਦਾ ਵੇਟਰ ਦਸਦਿਆਂ ਕਿਹਾ ਕਿ ਉਨ੍ਹਾਂ ਨੇ ਸਾਰਾ ਸੈਂਡਰਸ ਨੂੰ ਸਿਰਫ਼ ਦੋ ਮਿੰਟ ਦੀ ਸੇਵਾ ਦਿਤੀ ਅਤੇ ਉਸ ਮਗਰੋਂ ਸਾਰਾ ਅਤੇ ਉਨ੍ਹਾਂ ਨਾਲ ਆਏ ਲੋਕਾਂ ਨੂੰ ਬਾਹਰ ਜਾਣ ਲਈ ਕਹਿ ਦਿਤਾ।

ਸਾਰਾ ਸੈਂਡਰਸ ਨੇ ਸਨਿਚਰਵਾਰ ਨੂੰ ਟਵੀਟ ਕਰ ਕੇ ਇਸ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ, ''ਕੱਲ ਰਾਤ ਮੈਨੂੰ ਲੈਕਿੰਸਗਟਨ ਵਿਚ ਸਥਿਤ ਰੈੱਡ ਹੈਨ ਰੈਸਟੋਰੈਂਟ ਨੇ ਉਥੋਂ ਬਾਹਰ ਕੱਢ ਦਿਤਾ, ਕਿਉਂਕਿ ਮੈਂ ਟਰੰਪ ਪ੍ਰਸ਼ਾਸਨ ਵਿਚ ਕੰਮ ਕਰਦੀ ਹਾਂ। ਮੈਂ ਨਿਮਰਤਾ ਪੂਰਵਕ ਉਥੋਂ ਨਿਕਲ ਗਈ।''ਇਸ ਰੈਸਟੋਰੈਂਟ ਦੀ ਮਾਲਕ ਸਟੈਫਨੀ ਵਿਲੀਂਕਨਸਨ ਨੇ ਕਿਹਾ, ''ਸਾਰਾ ਦਾ ਕੰਮ ਮੇਰੇ ਵਿਵਹਾਰ ਨਾਲੋਂ ਕੁਝ ਜ਼ਿਆਦਾ  ਕਹਿੰਦਾ ਹੈ। ਮੈਂ ਹਮੇਸ਼ਾ ਲੋਕਾਂ ਨਾਲ ਚੰਗਾ ਵਿਵਹਾਰ ਕਰਦੀ ਹਾਂ। ਇਥੋਂ ਤਕ ਕਿ ਉਨ੍ਹਾਂ ਲੋਕਾਂ ਨਾਲ ਵੀ, ਜਿਨ੍ਹਾਂ ਨਾਲ ਮੈਂ ਸਹਿਮਤ ਨਹੀਂ ਹਾਂ।''

ਸਟੇਫਨੀ ਨੇ 'ਵਾਸ਼ਿੰਗਟਨ ਪੋਸਟ' ਨੂੰ ਦਸਿਆ ਕਿ ਉਹ ਰਾਸ਼ਟਰਪਤੀ ਦੀਆਂ 'ਬੇਰਹਿਮ ਨੀਤੀਆਂ' ਦਾ ਬਚਾਅ ਕਰਨ ਵਾਲਿਆਂ ਨੂੰ ਸਵੀਕਾਰ ਨਹੀਂ ਕਰ ਸਕਦੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਜ਼ਿਆਦਾਤਰ ਕਰਮਚਾਰੀ ਸਮਲਿੰਗੀ ਹਨ ਅਤੇ ਸਾਰਾ ਸੈਂਡਰਸ ਨੇ ਹਥਿਆਰਬੰਦ ਫ਼ੌਜਾਂ ਤੋਂ ਸਮਲਿੰਗੀਆਂ ਨੂੰ ਵੱਖ ਕਰਨ ਦੀ ਟਰੰਪ ਦੀ ਇੱਛਾ ਦਾ ਬਚਾਅ ਕੀਤਾ ਸੀ।

ਉਨ੍ਹਾਂ ਕਿਹਾ ਕਿ ਪ੍ਰਵਾਸੀ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਵੱਖ ਕਰਨ ਦੀਆਂ ਨੀਤੀਆਂ ਦਾ ਬੁਲਾਰਨ ਵਲੋਂ ਬਚਾਅ ਕੀਤੇ ਜਾਣ ਨਾਲ ਉਹ ਹੈਰਾਨ ਰਹਿ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਰੈਸਟੋਰੈਂਟ ਦੇ ਕੁਝ ਮਾਪਦੰਡ ਹਨ, ਜਿਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਵੇਂ ਕਿ ਈਮਾਨਦਾਰੀ, ਦਇਆ, ਅਤੇ ਸਹਿਯੋਗ। (ਪੀਟੀਆਈ)