ਸਾਊਦੀ ਅਰਬ 'ਚ ਔਰਤਾਂ ਨੇ ਫੜਿਆ ਸਟੇਰਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਾਊਦੀ ਅਰਬ 'ਚ ਔਰਤਾਂ ਨੂੰ ਹੁਣ ਸੜਕਾਂ 'ਤੇ ਗੱਡੀ ਚਲਾਉਣ ਦੀ ਆਜ਼ਾਦੀ ਮਿਲ ਗਈ ਹੈ। ਇਸ ਦੇ ਨਾਲ ਹੀ ਇਹ ਦੇਸ਼ ਔਰਤਾਂ ਦੇ ਗੱਡੀ ਚਲਾਉਣ 'ਤੇ ਪਾਬੰਦੀ ਹਟਾਉਣ....

Women Driving in Saudi Arabia

ਰਿਆਦ, ਸਾਊਦੀ ਅਰਬ 'ਚ ਔਰਤਾਂ ਨੂੰ ਹੁਣ ਸੜਕਾਂ 'ਤੇ ਗੱਡੀ ਚਲਾਉਣ ਦੀ ਆਜ਼ਾਦੀ ਮਿਲ ਗਈ ਹੈ। ਇਸ ਦੇ ਨਾਲ ਹੀ ਇਹ ਦੇਸ਼ ਔਰਤਾਂ ਦੇ ਗੱਡੀ ਚਲਾਉਣ 'ਤੇ ਪਾਬੰਦੀ ਹਟਾਉਣ ਵਾਲਾ ਦੁਨੀਆਂ ਦਾ ਅੰਤਮ ਦੇਸ਼ ਬਣ ਗਿਆ ਹੈ। ਰਾਜਧਾਨੀ ਜੇਦਾਹ 'ਚ ਅੱਧੀ ਰਾਤ ਤੋਂ ਹੀ ਸੜਕਾਂ 'ਤੇ ਇਸ ਆਜ਼ਾਦੀ ਦਾ ਜਸ਼ਨ ਵੇਖਣ ਨੂੰ ਮਿਲਿਆ। ਜਿਥੇ ਕਈ ਔਰਤਾਂ ਗੱਡੀਆਂ ਚਲਾਉਂਦਿਆਂ ਵੇਖੀਆਂ ਗਈਆਂ ਅਤੇ ਸੜਕਾਂ ਦੇ ਆਲੇ-ਦੁਆਲੇ ਖੜੇ ਲੋਕ ਉਨ੍ਹਾਂ ਨੂੰ ਵਧਾਈ ਦੇ ਰਹੇ ਸਨ।

ਜ਼ਿਕਰਯੋਗ ਹੈ ਕਿ ਸਤੰਬਰ 2017 'ਚ ਔਰਤਾਂ ਨੂੰ ਗੱਡੀ ਚਲਾਉਣ 'ਤੇ ਦਹਾਕਿਆਂ ਪੁਰਾਣੀ ਪਾਬੰਦੀ ਨੂੰ 24 ਜੂਨ 2018 ਨੂੰ ਹਟਾਉਣ ਦਾ ਐਲਾਨ ਕੀਤਾ ਗਿਆ ਸੀ। ਇਹ ਵੱਡਾ ਫ਼ੈਸਲਾ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਦੇ 'ਵਿਜ਼ਨ 2030' ਪ੍ਰੋਗਰਾਮ ਦਾ ਹਿੱਸਾ ਹੈ। ਸ਼ਹਿਜ਼ਾਦੇ ਸਲਮਾਨ 2030 ਤਕ ਸਾਊਦੀ ਅਰਬ ਦੀ ਅਰਥ ਵਿਵਸਥਾ ਨੂੰ ਤੇਲ ਤੋਂ ਵੱਖ ਕਰਨਾ ਚਾਹੁੰਦੇ ਹਨ ਅਤੇ ਇਸ ਲਈ ਕਈ ਸੁਧਾਰ ਕੀਤੇ ਜਾ ਰਹੇ ਹਨ। ਇਨ੍ਹਾਂ ਸੁਧਾਰਾਂ ਕਾਰਨ ਔਰਤਾਂ ਨੂੰ ਇਹ ਆਜ਼ਾਦੀ ਮਿਲੀ ਹੈ।

ਔਰਤਾਂ ਨੂੰ ਡਰਾਈਵਿੰਗ ਸਿਖਾਉਣ ਲਈ ਸਿਖਲਾਈ ਸਕੂਲ ਖੋਲ੍ਹੇ ਗਏ ਅਤੇ ਔਰਤਾਂ ਦੇ ਲਾਈਸੈਂਸ ਬਣਨੇ ਸ਼ੁਰੂ ਹੋਏ ਹਨ। ਫਿਲਹਾਲ ਸਾਊਦੀ ਸਰਕਾਰ ਨੇ 10 ਔਰਤਾਂ ਨੂੰ ਡਰਾਈਵਿੰਗ ਲਾਈਸੈਂਸ ਜਾਰੀ ਕੀਤੇ ਹਨ। ਛੇਤੀ ਹੀ ਗਿਣਤੀ 2000 ਤਕ ਪਹੁੰਚ ਜਾਵੇਗੀ।ਅੱਜ ਤੋਂ ਪਹਿਲਾਂ ਸਾਊਦੀ ਅਰਬ ਦੁਨੀਆਂ ਦਾ ਇਕਲੌਤਾ ਅਜਿਹਾ ਦੇਸ਼ ਸੀ, ਜਿਥੇ ਔਰਤਾਂ ਦੇ ਗੱਡੀ ਚਲਾਉਣ 'ਤੇ ਪਾਬੰਦੀ ਸੀ। ਪਰ ਇਸ ਮੁਕਾਮ ਤਕ ਪਹੁੰਚਣ ਲਈ ਔਰਤਾਂ ਨੂੰ ਸੰਘਰਸ਼ ਦੇ ਵੱਡੇ ਰਸਤੇ ਤੋਂ ਗੁਜ਼ਰਨਾ ਪਿਆ। ਔਰਤਾਂ ਨੂੰ ਡਰਾਈਵਿੰਗ ਲਾਈਸੈਂਸ  ਦਾ ਅਧਿਕਾਰ ਦਿਵਾਉਣ ਲਈ ਲੰਮੇ ਸਮੇਂ ਤੋਂ ਮੁਹਿੰਮ ਚਲਾਈ ਜਾ ਰਹੀ ਸੀ।

ਜ਼ਿਕਰਯੋਗ ਹੈ ਕਿ 90 ਦੇ ਦਹਾਕੇ 'ਚ ਕਈ ਔਰਤਾਂ ਨੂੰ ਨਿਯਮ ਤੋੜ ਕੇ ਸ਼ਹਿਰ 'ਚ ਗੱਡੀ ਚਲਾਉਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਕਈ ਔਰਤਾਂ ਬ੍ਰਿਟੇਨ, ਕੈਨੇਡਾ ਜਾਂ ਲਿਬਨਾਨ ਜਿਹੇ ਦੇਸ਼ਾਂ 'ਚ ਜਾ ਕੇ ਅਪਣੇ ਲਈ ਕੌਮਾਂਤਰੀ ਡਰਾਈਵਿੰਗ ਲਾਈਸੈਂਸ ਬਣਵਾ ਲੈਂਦੀਆਂ ਸਨ। ਦੱਸਣਯੋਗ ਹੈ ਕਿ ਸਾਊਦੀ ਅਰਬ 'ਚ ਹੁਣ ਵੀ ਔਰਤਾਂ ਇਕੱਲੇ ਅਪਣੇ ਨਾਂ 'ਤੇ ਜਾਇਦਾਦ ਨਹੀਂ ਖ਼ਰੀਦ ਸਕਦੀਆਂ। 2015 ਤਕ ਸਾਊਦੀ ਅਰਬ 'ਚ ਔਰਤਾਂ ਨੂੰ ਵੋਟ ਪਾਉਣ ਤਕ ਦਾ ਅਧਿਕਾਰ ਨਹੀਂ ਸੀ। (ਪੀਟੀਆਈ)