ਅਫ਼ਗਾਨਿਸਤਾਨ ’ਚ ਤਾਲਿਬਾਨ ਨੇ ਔਰਤਾਂ ਨੂੰ ਸਾਰੇ ਸਰਕਾਰੀ ਅਹੁਦਿਆਂ ਤੋਂ ਲਾਹਿਆ : ਸੰਯੁਕਤ ਰਾਸ਼ਟਰ ਦੀ ਰੀਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਫ਼ਗਾਨਿਸਤਾਨ ਦੀਆਂ ਔਰਤਾਂ ਦੀ ਇਕ ਪੀੜ੍ਹੀ ਦੀ ਸ਼ਖ਼ਸੀਅਤ ’ਚ ਖੜੋਤ ਆ ਜਾਵੇਗੀ : ਸੂਰੀਆ ਅਜ਼ੀਜ਼ੀ

photo

 

ਕਾਬੁਲ: ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕੌਂਸਲ ਦੇ 53ਵੇਂ ਨਿਯਮਤ ਸੈਸ਼ਨ ’ਚ ਵਿਚਾਰਾਂ ਅਤੇ ਪ੍ਰਗਟਾਵੇ ਦੀ ਆਜ਼ਾਦੀ ਬਾਰੇ ਵਿਸ਼ੇਸ਼ ਰੀਪੋਰਟ ਈਰੀਨ ਖ਼ਾਨ ਨੇ ਕਿਹਾ ਹੈ ਕਿ ‘ਤਾਲਿਬਾਨ’ ਨੇ ਅਫ਼ਗਾਨਿਸਤਾਨ ’ਚ ਔਰਤਾਂ ਦੀ ਸਰਕਾਰੀ ਅਹੁਦਿਆਂ ’ਤੇ ਮੌਜੂਦਗੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿਤਾ ਹੈ। ਕਾਬੁਲ ’ਚ ਸਥਿਤ ਇਕ ਖ਼ਬਰੀ ਚੈਨਲ ‘ਟੋਲੋ ਨਿਊਜ਼’ ’ਤੇ ਨਸ਼ਰ ਖ਼ਬਰ ਅਨੁਸਾਰ ਈਰੀਨ ਖ਼ਾਨ ਨੇ ਅਪਣੀ ਰੀਪੋਰਟ ’ਚ ਕਿਹਾ ਹੈ ਕਿ ਲਿੰਗ ਸਮਾਨਤਾ ਅਤੇ ਔਰਤਾਂ ਦੀ ਏਜੰਸੀ ਨੂੰ ਹੱਲਾਸ਼ੇਰੀ ਦੇਣ ’ਚ ਔਰਤਾਂ ਦੇ ਅਧਿਕਾਰ ਗਰੁੱਪ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

 ਇਹ ਵੀ ਪੜ੍ਹੋ: ਡਿਊਟੀ ਦਾ ਸਮਾਂ ਖ਼ਤਮ ਹੁੰਦੇ ਹੀ ਪਾਇਲਟ ਨੇ ਜਹਾਜ਼ ਨੂੰ ਵਿਚਾਲੇ ਹੀ ਉਤਾਰਿਆ, ਕਿਹਾ- ਓਵਰਟਾਈਮ ਨਹੀਂ ਲਾਉਣਾ ਚਾਹੁੰਦਾ  

ਰੀਪੋਰਟ ’ਚ ਕਿਹਾ ਗਿਆ ਹੈ, ‘‘ਕਈ ਦੇਸ਼ਾਂ ’ਚ ਅਜਿਹੇ ਗਰੁੱਪ ਦਬਾਅ ਹੇਠ ਆ ਗਏ ਹਨ, ਜਿਸ ਦਾ ਸਭ ਤੋਂ ਵੱਡਾ ਉਦਾਹਰਣ ਅਫ਼ਗਾਨਿਸਤਾਨ ਹੈ, ਜਿੱਥੇ ਤਾਲਿਬਾਨ ਨੇ ਔਰਤਾਂ ਨੂੰ ਸਾਰੇ ਸਰਕਾਰੀ ਅਹੁਦਿਆਂ ਤੋਂ ਫ਼ਾਰਗ ਕਰ ਕਰ ਘਰ ਬਿਠਾ ਦਿਤਾ ਹੈ।’’ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ’ਚ ਅਫ਼ਗਾਨਿਸਤਾਨ ਦੇ ਪੱਕੇ ਪ੍ਰਤੀਨਿਧੀ ਸੂਰੀਆ ਅਜ਼ੀਜ਼ੀ ਨੇ ਵੀ ਅਫ਼ਗਾਨਿਸਤਾਨ ’ਚ ਔਰਤਾਂ ਅਤੇ ਬੱਚੀਆਂ ਵਿਰੁਧ ਵਧ ਰਹੀ ਹਿੰਸਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ, ‘‘ਅਫ਼ਗਾਨਿਸਤਾਨ ’ਚ ਤਾਲਿਬਾਨ ਵਲੋਂ ਗ਼ੈਰਕਾਨੂੰਨੀ ਕਬਜ਼ਾ ਕੀਤੇ ਜਾਣ ਤੋਂ ਬਾਅਦ ਔਰਤਾਂ ਅਤੇ ਬੱਚੀਆਂ ਵਿਰੁਧ ਹਿੰਸਾ ਦੇ ਮਾਮਲਿਆਂ ’ਚ ਵਾਧਾ ਹੋ ਰਿਹਾ ਹੈ। ਤਾਲਿਬਾਨ ਦੇ ਰਾਜ ਦੇ ਤਰੀਕੇ ਅਨੁਸਾਰ ਔਰਤਾਂ ਅਤੇ ਬੱਚੀਆਂ ਵਿਰੁਧ ਯੋਜਨਾਬੱਧ ਤਰੀਕੇ ਨਾਲ ਵਿਤਕਰੇਬਾਜ਼ੀ ਕੀਤੀ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਵਿਰੁਧ ਹਿੰਸਾ ਆਮ ਹੋਈ ਹੈ।’’

 ਇਹ ਵੀ ਪੜ੍ਹੋ: ਰਾਜਸਥਾਨ 'ਚ ਖੂਹ ਵਿਚ ਡਿੱਗੀ ਤੇਜ਼ ਰਫ਼ਤਾਰ ਬੋਲੈਰੋ, ਇਕ ਭਰਾ ਦੀ ਮੌਤ, ਜਦਕਿ ਦੂਜੇ ਦੀ ਹਾਲਤ ਗੰਭੀਰ 

ਉਨ੍ਹਾਂ ਅੱਗੇ ਕਿਹਾ, ‘‘ਔਰਤਾਂ ਕੋਲੋਂ ਸਰਕਾਰ ਚਲਾਉਣ ਦੀ ਸਮਰਥਾ ਖੋਹਣ ਅਤੇ ਉਨ੍ਹਾਂ ਨੂੰ ਸਮਾਜਕ, ਸਿਆਸੀ ਤੇ ਸਰਕਾਰੀ ਅਹੁਦਿਆਂ ਤੋਂ ਹਟਾਉਣ ਨਾਲ ਦੇਸ਼ ਸਾਹਮਣੇ ਹੋਰ ਜ਼ਿਆਦਾ ਆਰਥਕ ਤੇ ਸਮਾਜਕ ਸਮੱਸਿਆਵਾਂ ਪੈਦਾ ਹੋਣਗੀਆਂ ਅਤੇ ਇਕ ਪੀੜ੍ਹੀ ਦੀ ਸ਼ਖ਼ਸੀਅਤ ’ਚ ਖੜੋਤ ਆ ਜਾਵੇਗੀ।’’
ਹਾਲਾਂਕਿ ਕਤਰ ’ਚ ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਮੁਖੀ ਸੁਹੈਲ ਸ਼ਾਹੀਨ ਨੇ ਅਫ਼ਗਾਨਿਸਤਾਨ ’ਚੋਂ ਔਰਤਾਂ ਨੂੰ ਸਾਰੇ ਅਹੁਦਿਆਂ ਤੋਂ ਹਟਾਉਣ ਦੇ ਦੋਸ਼ਾਂ ਨੂੰ ਗ਼ਲਤ ਕਰਾਰ ਦਿਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਅਫ਼ਗਾਨਿਸਤਾਨ ਸਰਕਾਰ ਦੇ ਕੁਝ ਸੰਸਥਾਵਨਾਂ ਵਲੋਂ ਔਰਤਾਂ ਨੂੰ ਭਰਤੀ ਕੀਤਾ ਗਿਆ ਹੈ ਅਤੇ ਭਵਿੱਖ ’ਚ ਜ਼ਰੂਰਤ ਪੈਣ ’ਤੇ ਔਰਤਾਂ ਨੂੰ ਹੋਰ ਸੰਸਥਾਨਾਂ ’ਚ ਵੀ ਭਰਤੀ ਕੀਤਾ ਜਾਵੇਗਾ।

ਤਾਲਿਬਾਨ ਲੀਡਰ ਨੇ ਔਰਤਾਂ ਨੂੰ ਸਹੂਲਤਜਨਕ, ਖ਼ੁਸ਼ਹਾਲ ਜ਼ਿੰਦਗੀ ਦੇਣ ਦਾ ਦਾਅਵਾ ਕੀਤਾ
ਤਾਲਿਬਾਨ ਦੇ ਸੁਪਰੀਮ ਲੀਡਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਅਫ਼ਗਾਨਿਸਤਾਨ ’ਚ ਰਹਿਣ ਵਾਲੀਆਂ ਔਰਤਾਂ ਦੀ ਭਲਾਈ ਲਈ ਜ਼ਰੂਰੀ ਕਦਮ ਚੁੱਕੇ ਹਨ। ਅਫ਼ਗਾਨਿਸਤਾਨ ਅਤੇ ਹੋਰ ਇਸਲਾਮਿਕ ਦੇਸ਼ਾਂ ’ਚ ਇਸ ਹਫ਼ਤੇ ਮਨਾਈ ਜਾ ਰਹੀ ਈਦ ਅਲ-ਅੱਦ੍ਹਾ ਦੀ ਛੁੱਟੀ ਤੋਂ ਪਹਿਲਾਂ ਜਨਤਕ ਕੀਤੇ ਗਏ ਹੈਬਤੁੱਲਾ ਅਖੂਨਜ਼ਾਦਾ ਦੇ ਬਿਆਨ ਅਨੁਸਾਰ ਔਰਤਾਂ ਅਫ਼ਗਾਨਿਸਤਾਨ ’ਚ ਸਹੂਲਤਜਨਕ ਤੇ ਖ਼ੁਸ਼ਹਾਲ ਜੀਵਨ ਬਤੀਤ ਕਰ ਰਹੀਆਂ ਹਨ। ਕਦੇ-ਕਦਾਈਂ ਲੋਕਾਂ ਨੂੰ ਝਲਕ ਵਿਖਾਉਣ ਵਾਲੇ ਅਖੂਨਜ਼ਾਦਾ ਨੇ ਕਿਹਾ ਕਿ ਔਰਤਾਂ ਨੂੰ ਕਈ ਰਵਾਇਤੀ ਦਬਾਵਾਂ ਅਤੇ ਜਬਰੀ ਵਿਆਹਾਂ ਤੋਂ ਬਚਾਉਣ ਲਈ ਕਈ ਕਦਮ ਚੁੱਕੇ ਗਏ ਹਨ।