ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਸਿੱਖ ਮੈਰਿਜ ਐਕਟ 2024 ਨੂੰ ਪ੍ਰਵਾਨਗੀ ਦਿਤੀ, ਜਾਣੋ ਕੀ ਹੋਣਗੀਆਂ ਸ਼ਰਤਾਂ
ਦੂਜੇ ਸੂਬਿਆਂ ਅਤੇ ਦੇਸ਼ਾਂ ਤੋਂ ਸਿੱਖ ਅਪਣੇ ਵਿਆਹਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਪੰਜਾਬ ਆ ਸਕਦੇ ਹਨ : ਘੱਟ ਗਿਣਤੀ ਮੰਤਰੀ ਰਮੇਸ਼ ਸਿੰਘ ਅਰੋੜਾ
ਲਾਹੌਰ: ਪਾਕਿਸਤਾਨ ਦੀ ਪੰਜਾਬ ਸੂਬਾ ਸਰਕਾਰ ਨੇ ਮੰਗਲਵਾਰ ਨੂੰ ਸਿੱਖ ਮੈਰਿਜ ਐਕਟ 2024 ਨੂੰ ਮਨਜ਼ੂਰੀ ਦੇ ਦਿਤੀ ਹੈ, ਜਿਸ ਨਾਲ ਸਿੱਖਾਂ ਦੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਜੋੜੇ ਅਪਣੇ ਵਿਆਹ ਅਤੇ ਤਲਾਕ ਨੂੰ ਰਜਿਸਟਰ ਕਰ ਸਕਣਗੇ।
ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸੂਬਾਈ ਕੈਬਨਿਟ ਨੇ ਪੰਜਾਬ ਸਿੱਖ ਆਨੰਦ ਕਾਰਜ ਮੈਰਿਜ ਰਜਿਸਟਰਾਰ ਅਤੇ ਮੈਰਿਜ ਰੂਲਜ਼ 2024 ਨੂੰ ਪ੍ਰਵਾਨਗੀ ਦੇ ਦਿਤੀ ਹੈ।
ਪੰਜਾਬ ਦੇ ਪਹਿਲੇ ਘੱਟ ਗਿਣਤੀ ਅਤੇ ਮਨੁੱਖੀ ਅਧਿਕਾਰ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਇਸ ਦਿਨ ਨੂੰ ਸਿੱਖਾਂ ਲਈ ਇਤਿਹਾਸਕ ਦਿਨ ਦਸਿਆ। ਅਰੋੜਾ ਨੇ ਕਿਹਾ ਕਿ ਅੱਜ ਪੰਜਾਬ ਸਿੱਖ ਮੈਰਿਜ ਐਕਟ ਲਾਗੂ ਕਰਨ ਵਾਲਾ ਦੁਨੀਆਂ ਦਾ ਪਹਿਲਾ ਸੂਬਾ ਬਣ ਗਿਆ ਹੈ।
ਉਨ੍ਹਾਂ ਕਿਹਾ ਕਿ ਦੂਜੇ ਸੂਬਿਆਂ ਅਤੇ ਦੇਸ਼ਾਂ ਤੋਂ ਸਿੱਖ ਅਪਣੇ ਵਿਆਹਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਪੰਜਾਬ ਆ ਸਕਦੇ ਹਨ। ਅਰੋੜਾ ਨੇ ਕਿਹਾ ਕਿ ਕੁੱਝ ਮਹੀਨਿਆਂ ’ਚ ਹਿੰਦੂ ਮੈਰਿਜ ਐਕਟ ਨੂੰ ਵੀ ਕੈਬਨਿਟ ਦੀ ਮਨਜ਼ੂਰੀ ਲਈ ਪੇਸ਼ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਉਹ 2017 ਤੋਂ ਸਿੱਖ ਐਕਟ ਨੂੰ ਮਨਜ਼ੂਰੀ ਦਿਵਾਉਣ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਕੂਲੀ ਸਿਲੇਬਸ ਨੂੰ ਨਫ਼ਰਤ ਭਰੀ ਸਮੱਗਰੀ ਤੋਂ ਮੁਕਤ ਕਰਨ ਲਈ ਵੀ ਕੰਮ ਕਰ ਰਹੀ ਹੈ ਅਤੇ ਇਸ ਦੀ ਥਾਂ ਅੰਤਰ-ਧਰਮ ਸਦਭਾਵਨਾ ਅਤੇ ਵਿਭਿੰਨ ਸਮੱਗਰੀ ਸ਼ਾਮਲ ਕਰ ਰਹੀ ਹੈ।
ਸਿੱਖ ਮੈਰਿਜ ਐਕਟ ਤਹਿਤ ਸਿੱਖ ਲੜਕੇ ਅਤੇ ਲੜਕੀ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ, ਜਦਕਿ ਪੰਜ ਮੈਂਬਰੀ ਸੰਗਤ ਲਾੜੇ ਅਤੇ ਲਾੜੇ ਵਿਚਾਲੇ ਕਿਸੇ ਵੀ ਝਗੜੇ ’ਤੇ ਸਿਫਾਰਸ਼ਾਂ ਕਰੇਗੀ। ਯੂਨੀਅਨ ਕੌਂਸਲ ਦੇ ਚੇਅਰਮੈਨ ਦੀ ਚੋਣ ਲਾੜੀ ਦੀ ਕੌਂਸਲ ’ਚੋਂ ਕੀਤੀ ਜਾਵੇਗੀ।
ਤਲਾਕ ਦੀ ਮੰਗ ਕਰਨ ਵਾਲਾ ਜੋੜਾ ਚੇਅਰਮੈਨ ਨੂੰ ਲਿਖਤੀ ਨੋਟਿਸ ਭੇਜਣ ਲਈ ਪਾਬੰਦ ਹੋਵੇਗਾ। ਦੋਹਾਂ ਧਿਰਾਂ ਨੂੰ ਇਕ ਕਾਪੀ ਪ੍ਰਦਾਨ ਕਰਨ ਦੀ ਲੋੜ ਹੋਵੇਗੀ ਅਤੇ ਨੋਟਿਸ ਪ੍ਰਾਪਤ ਕਰਨ ਦੇ 30 ਦਿਨਾਂ ਦੇ ਅੰਦਰ, ਚੇਅਰਮੈਨ ਇਕ ਸੁਲ੍ਹਾ ਕਮੇਟੀ ਦਾ ਗਠਨ ਕਰੇਗਾ, ਜੇ ਜੋੜਾ 90 ਦਿਨਾਂ ਦੇ ਅੰਦਰ ਇਕੱਠਾ ਰਹਿਣ ’ਚ ਅਸਫਲ ਰਹਿੰਦਾ ਹੈ ਜਾਂ ਜੇ ਉਹ ਅਜੇ ਵੀ ਸੁਲ੍ਹਾ ਕਰਨ ’ਚ ਅਸਫਲ ਰਹਿੰਦੇ ਹਨ, ਤਾਂ ਇਕ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।
ਵਿਆਹਾਂ ਦੀ ਰਜਿਸਟ੍ਰੇਸ਼ਨ ਨਾ ਹੋਣ ਕਾਰਨ, ਵਿਰਾਸਤ ’ਚ ਮਿਲੀ ਜਾਇਦਾਦ ਦੀ ਵੰਡ ਸਮੇਤ ਕਈ ਕਾਨੂੰਨੀ ਮੁੱਦੇ ਪੈਦਾ ਹੁੰਦੇ ਹਨ।