ਅਮਰੀਕੀ ਸਾਂਸਦ ਵਲੋਂ ਭਾਰਤ ਵਾਂਗ, ਅਫ਼ਗ਼ਾਨ ਸਿੱਖਾਂ ਅਤੇ ਹਿੰਦੂਆਂ ਨੂੰ ਸ਼ਰਨਾਰਥੀ ਦਰਜਾ ਦੇਣ ਦੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਇਕ ਪ੍ਰਭਾਵਸ਼ਾਲੀ ਸਾਂਸਦ ਨੇ ਅਫ਼ਗ਼ਾਨਿਸਤਾਨ ਦੇ ਸਿੱਖਾਂ ਤੇ ਹਿੰਦੂਆਂ ਨੂੰ ਸ਼ਰਨਾਰਥੀ ਦਾ ਦਰਜਾ ਦੇਣ ਦੇ ਲਈ ਭਾਰਤ ਦੀ

American congressman seeks refugee status for Afghan Sikhs, Hindus

ਵਾਸ਼ਿੰਗਟਨ, 24 ਜੁਲਾਈ: ਅਮਰੀਕਾ ਦੇ ਇਕ ਪ੍ਰਭਾਵਸ਼ਾਲੀ ਸਾਂਸਦ ਨੇ ਅਫ਼ਗ਼ਾਨਿਸਤਾਨ ਦੇ ਸਿੱਖਾਂ ਤੇ ਹਿੰਦੂਆਂ ਨੂੰ ਸ਼ਰਨਾਰਥੀ ਦਾ ਦਰਜਾ ਦੇਣ ਦੇ ਲਈ ਭਾਰਤ ਦੀ ਤਾਰੀਫ਼ ਕੀਤੀ ਅਤੇ ਟਰੰਪ ਪ੍ਰਸ਼ਾਸਨ ਨੂੰ ਇਸ ਯੁੱਧ ਪੀੜਤ ਦੇਸ਼ ਦੇ ਸਤਾਏ ਧਾਰਮਕ ਘੱਟ ਗਿਣਤੀਆਂ ਦੇ ਲਈ ਭਾਰਤ ਜਿਹੀ ਹੀ ਵਿਵਸਥਾ ਕਰਨ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਸੀ ਕਿ ਅਫ਼ਗ਼ਾਨਿਸਤਾਨ ਵਿਚ ਬਾਹਰੀ ਸਮਰਥਕਾਂ ਦੇ ਇਸ਼ਾਰੇ ਉਤੇ ਅਤਿਵਾਦੀਆਂ ਵਲੋਂ ਹਾਲ ਹੀ ਵਿਚ ਹਿੰਦੂਆਂ ਤੇ ਸਿੱਖਾਂ ਦੇ ਵਿਰੁਧ ਹਮਲੇ ਵੱਧ ਗਏ ਹਨ ਅਤੇ ਭਾਰਤ ਇਨ੍ਹਾਂ ਭਾਈਚਾਰੀਆਂ ਦੇ ਉਨ੍ਹਾਂ ਮੈਂਬਰਾਂ ਨੂੰ ਜ਼ਰੂਰੀ ਵੀਜ਼ਾ ਉਪਲੱਬਧ ਕਰਵਾ ਰਿਹਾ ਹੈ ਜੋ ਉੱਥੋਂ ਆਉਣਾ ਚਾਹੁੰਦੇ ਹਨ।

ਵਿਦੇਸ਼ ਦਫ਼ਤਰ ਨੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਕਿ ਸਾਨੂੰ ਇਨ੍ਹਾਂ ਭਾਈਚਾਰੀਆਂ ਦੇ ਮੈਂਬਰਾਂ ਤੋਂ ਬੇਨਤੀਆਂ ਪ੍ਰਾਪਤ ਹੋ ਰਹੀਆਂ ਹਨ। ਉਹ ਭਾਰਤ ਆਉਣਾ ਚਾਹੁੰਦੇ ਹਨ, ਇੱਥੇ ਰਹਿਣਾ ਚਾਹੁੰਦੇ ਹਨ ਅਤੇ ਕੋਵਿਡ ਦੀ ਮੌਜੂਦਾ ਸਥਿਤੀ ਦੇ ਬਾਵਜੂਦ ਅਸੀ ਉਨ੍ਹਾਂ ਦੀਆਂ ਬੇਨਤੀਆਂ ਨੂੰ ਪੂਰਾ ਕਰ ਰਹੇ ਹਾਂ।  ਜਿਹੜੇ ਲੋਕ ਭਾਰਤ ਆ ਕੇ ਵਸਣਾ ਚਾਹੁੰਦੇ ਹਨ, ਉਨ੍ਹਾਂ ਦੇ ਦੇਸ਼ ਪਹੁੰਚਣ ਦੇ ਬਾਅਦ ਉਨ੍ਹਾਂ ਦੀਆਂ ਬੇਨਤੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਮੌਜੂਦਾ ਨਿਯਮਾਂ ਅਤੇ ਨੀਤੀਆਂ ਦੇ ਆਧਾਰ ਉਤੇ ਉਨ੍ਹਾਂ ਉਤੇ ਕੰਮ ਕੀਤਾ ਜਾਵੇਗਾ।

ਭਾਰਤ ਦੇ ਇਸ ਕਦਮ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਅਮਰੀਕੀ ਸਾਂਸਦ ਜਿਸ ਕੋਸਟਾ ਨੇ ਇਕ ਟਵੀਟ ਵਿਚ ਕਿਹਾ ਕਿ ਇਹ ਅਤਿਵਾਦੀਆਂ ਦੇ ਹੱਥੋਂ ਹੋ ਰਹੀ ਬਰਬਾਦੀ ਤੋਂ ਅਫਗਾਨਿਸਤਾਨ ਦੇ ਹਿੰਦੂਆਂ ਅਤੇ ਸਿੱਖਾਂ ਨੂੰ ਬਚਾਉਣ ਦੀ ਦਿਸ਼ਾ ਵਿਚ ਮਹੱਤਵਪੂਰਨ ਕਦਮ ਹੈ। ਕੋਸਟਾ ਨੇ ਨਿਊਯਾਰਕ ਟਾਈਮਜ਼ ਤੋਂ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਭਾਰਤ ਨੇ ਉਨ੍ਹਾਂ ਨੂੰ ਸ਼ਰਨ ਦਿਤੀ ਪਰ ਲੰਬੇ ਸਮੇਂ ਤਕ ਉਨ੍ਹਾਂ ਦੀ ਸੁਰੱਖਿਆ ਯਕੀਨੀ ਕਰਨ ਦੇ ਲਈ ਹੋਰ ਕੰਮ ਕੀਤੇ ਜਾਣ ਦੀ ਲੋੜ ਹੈ। ਮੈਂ ਜ਼ਿਆਦਾ ਸਥਾਈ ਹੱਲਾਂ ਦੀ ਵਕਾਲਤ ਕਰਨਾ ਜਾਰੀ ਰੱਖਾਂਗਾ ਜੋ ਇਨ੍ਹਾਂ ਪਰਵਾਰਾਂ ਨੂੰ ਸੁਰੱਖਿਆ, ਆਰਥਕ ਸਥਿਰਤਾ ਅਤੇ ਉੱਜਵਲ ਭਵਿੱਖ ਦੇਵੇ।

ਅਪ੍ਰੈਲ ਵਿਚ ਸਾਂਸਦ ਨੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੂੰ ਚਿੱਠੀ ਲਿਖ ਕੇ ਅਫ਼ਗ਼ਾਨਿਸਤਾਨ ਦੇ ਹਿੰਦੂਆਂ ਅਤੇ ਸਿੱਖਾਂ ਦੇ ਲਈ ਇਸੇ ਤਰ੍ਹਾਂ ਦਾ ਸ਼ਰਨਾਰਥੀ ਦਰਜਾ ਮੰਗਿਆ ਸੀ। ਨਿਊਯਾਰਕ ਟਾਈਮਜ਼ ਨੇ ਅਪਣੀ ਖ਼ਬਰ ਵਿਚ ਵਿਦੇਸ਼ ਮੰਤਰਾਲੇ ਦਾ ਬਿਆਨ ਪ੍ਰਕਾਸ਼ਿਤ ਕੀਤਾ ਹੈ ਕਿ ਭਾਰਤ ਨੇ ਅਫ਼ਗ਼ਾਨਸਿਤਾਨ ਵਿਚ ਸੁਰੱਖਿਆ ਖਤਰਿਆਂ ਦਾ ਸਾਹਮਣਾ ਕਰ ਰਹੇ ਅਫ਼ਗ਼ਾਨ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਭਾਰਤ ਪਰਤਣ ਨੂੰ ਸੌਖਾ ਬਣਾਉਣ ਦਾ ਫ਼ੈਸਲਾ ਲਿਆ ਹੈ। ਅਖ਼ਬਾਰ ਦੇ ਮੁਤਾਬਕ, ਅਫ਼ਗ਼ਾਨਿਸਤਾਨ ਵਿਚ ਹਿੰਦੂ ਅਤੇ ਸਿੱਖਾਂ ਦੀ ਗਿਣਤੀ ਜੇਕਰ ਲੱਖਾਂ ਵਿਚ ਨਾ ਸਹੀ, ਕਦੇ ਹਜ਼ਾਰਾਂ ਵਿਚ ਸੀ। ਉਨ੍ਹਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਸਥਾਪਤ ਸਨ ਅਤੇ ਉਨ੍ਹਾਂ ਨੂੰ ਸਰਕਾਰ ਵਿਚ ਉੱਚੇ ਅਹੁਦੇ ਮਿਲੇ ਹੋਏ ਸਨ ਪਰ ਦਹਾਕਿਆਂ ਤੋਂ ਚੱਲੇ ਆ ਰਹੇ ਯੁੱਧ ਅਤੇ ਅਤਿਆਚਾਰ ਦੇ ਕਾਰਨ ਲਗਭਗ ਸਾਰੇ ਭੱਜ ਕੇ ਭਾਰਤ, ਯੂਰਪ ਜਾਂ ਉੱਤਰੀ ਅਮਰੀਕਾ ਚਲੇ ਗਏ।