ਵਿਦੇਸ਼ਾਂ ਤਕ ਵਧਿਆ ਕੰਗਨਾ ਰਨੌਤ ਦੀ ਫ਼ਿਲਮ ਦਾ ਵਿਰੋਧ, ਇਸ ਦੇਸ਼ ’ਚ ਵੀ ਉੱਠੀ ਪਾਬੰਦੀ ਲਾਉਣ ਦੀ ਮੰਗ
ਆਸਟਰੇਲੀਆ ਸਥਿਤ ਸਿੱਖ ਕੌਂਸਲ ਨੇ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ
ਕੈਨਬਰਾ: ਆਸਟਰੇਲੀਆ ਸਥਿਤ ਸਿੱਖ ਕੌਂਸਲ ਨੇ ਅਦਾਕਾਰਾ ਅਤੇ ਲੋਕ ਸਭਾ ਮੈਂਬਰ ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ ‘ਐਮਰਜੈਂਸੀ’ ਦੀ ਦੇਸ਼ ’ਚ ਰਿਲੀਜ਼ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
‘ਐਮਰਜੈਂਸੀ’ ਨੂੰ ਇਕ ‘ਪਰਾਪੇਗੰਡਾ’ ਫਿਲਮ ਕਰਾਰ ਦਿੰਦਿਆਂ ਕੌਂਸਲ ਨੇ ਦੋਸ਼ ਲਾਇਆ ਕਿ ਇਹ ਇਤਿਹਾਸਕ ਘਟਨਾਵਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਦੀ ਹੈ ਅਤੇ ਸਿੱਖ ਸ਼ਹੀਦਾਂ ਦਾ ਅਪਮਾਨ ਕਰਦੀ ਹੈ ਅਤੇ ਇਸ ਨਾਲ ਸਿੱਖ ਪੰਜਾਬੀ ਭਾਈਚਾਰੇ ਵਿਚ ਬੇਚੈਨੀ ਪੈਦਾ ਹੋਵੇਗੀ।
ਆਸਟਰੇਲੀਆ ਸਥਿਤ ਮਲਟੀਨੈਸ਼ਨਲ ਫਿਲਮ ਐਗਜ਼ੀਬਿਸ਼ਨ ਬ੍ਰਾਂਡ ਵਿਲੇਜ ਸਿਨੇਮਾ ਨੂੰ ਲਿਖੀ ਚਿੱਠੀ ’ਚ ਸਿੱਖ ਕੌਂਸਲ ਨੇ ਲਿਖਿਆ, ‘‘ਅਸੀਂ ਇਸ ਪ੍ਰਚਾਰ ਫਿਲਮ ਨੂੰ ਤੁਹਾਡੇ ਸਿਨੇਮਾਘਰਾਂ ’ਚ ਪ੍ਰਦਰਸ਼ਿਤ ਕਰਨ ਨੂੰ ਲੈ ਕੇ ਬਹੁਤ ਚਿੰਤਤ ਹਾਂ। ਇਹ ਫਿਲਮ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਸਿੱਖ ਸ਼ਹੀਦਾਂ ਦੀ ਭੂਮਿਕਾ ਨੂੰ ਇਸ ਤਰੀਕੇ ਨਾਲ ਦਰਸਾਉਂਦੀ ਹੈ ਜੋ ਬਹੁਤ ਹੀ ਅਪਮਾਨਜਨਕ ਹੈ ਅਤੇ ਇਤਿਹਾਸਕ ਘਟਨਾਵਾਂ ਨੂੰ ਗਲਤ ਢੰਗ ਨਾਲ ਪੇਸ਼ ਕਰਦੀ ਹੈ ਜੋ ਸਿੱਖ ਭਾਈਚਾਰੇ ਲਈ ਮਹੱਤਵਪੂਰਨ ਅਤੇ ਦੁਖਦਾਈ ਹਨ।’’
ਇਸ ਵਿਚ ਕਿਹਾ ਗਿਆ ਹੈ ਕਿ ਇਸ ਫਿਲਮ ਨਾਲ ਆਸਟ੍ਰੇਲੀਆ ਵਿਚ ਹਿੰਦੂ ਸਮਰਥਕ (ਭਾਜਪਾ-ਮੋਦੀ) ਸਮਰਥਕਾਂ ਵਿਚ ਸਿੱਖ ਪੰਜਾਬੀ ਭਾਈਚਾਰੇ ਅਤੇ ਗੈਰ-ਹਿੰਦੂਤਵ ਸਮਰਥਕਾਂ ਵਿਚ ਬੇਚੈਨੀ ਪੈਦਾ ਹੋਣ ਦੀ ਉਮੀਦ ਹੈ। ਕੌਂਸਲ ਨੇ ਇਹ ਵੀ ਕਿਹਾ ਕਿ ਫਿਲਮ ਦੀ ਰਿਲੀਜ਼ ਨਾਲ ਦੇਸ਼ ’ਚ ਸ਼ਾਂਤੀ ਅਤੇ ਸਦਭਾਵਨਾ ’ਚ ਵਿਘਨ ਪੈ ਸਕਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਫਿਲਮ ਵਿਚ ਸਿੱਖ ਭਾਈਚਾਰੇ ਦੇ ਸਤਿਕਾਰਯੋਗ ਨੇਤਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਨਕਾਰਾਤਮਕ ਤਸਵੀਰ ਨੇ ਚਿੰਤਾਵਾਂ ਪੈਦਾ ਕਰ ਦਿਤੀ ਆਂ ਹਨ।
ਕੌਂਸਲ ਨੇ ਅੱਗੇ ਕਿਹਾ ਕਿ ਇਸ ਫਿਲਮ ਦੀ ਸਕ੍ਰੀਨਿੰਗ ਨਾਲ ਆਸਟ੍ਰੇਲੀਆ ਦੇ ਸਿੱਖ ਅਤੇ ਹਿੰਦੂ ਭਾਈਚਾਰਿਆਂ ਵਿਚਾਲੇ ਸਿਆਸੀ ਤਣਾਅ ਵਧੇਗਾ ਅਤੇ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚੇਗੀ। ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਫਿਲਮ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ। ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਕ ਬਿਆਨ ਜਾਰੀ ਕਰ ਕੇ ਸੈਂਸਰ ਬੋਰਡ ਨੂੰ ਫਿਲਮ ਰਿਲੀਜ਼ ਨਾ ਕਰਨ ਦੀ ਚੇਤਾਵਨੀ ਦਿਤੀ ਸੀ।