ਸਰਹੱਦੀ ਵਿਵਾਦ ਸੁਲਝਾ ਲੈਣਗੇ ਭਾਰਤ ਤੇ ਚੀਨ : ਡੋਨਾਲਡ ਟਰੰਪ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਰਹੱਦੀ ਵਿਵਾਦ ਸੁਲਝਾ ਲੈਣਗੇ ਭਾਰਤ ਤੇ ਚੀਨ : ਡੋਨਾਲਡ ਟਰੰਪ

image

ਵਾਸ਼ਿੰਗਟਨ, 25 ਸਤੰਬਰ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਭਾਰਤ-ਚੀਨ ਵਿਵਾਦ ਸੁਲਝਾਉਣ ਵਿਚ ਉਹ ਕੋਈ ਮਦਦ ਕਰ ਸਕਦੇ ਹਨ ਤਾਂ ਉਨ੍ਹਾਂ ਨੂੰ ਖ਼ੁਸ਼ੀ ਹੋਵੇਗੀ। ਹਾਲਾਂਕਿ, ਟਰੰਪ ਨੇ ਇਹ ਉਮੀਦ ਵੀ ਪ੍ਰਗਟਾਈ ਕਿ ਭਾਰਤ ਅਤੇ ਚੀਨ ਖ਼ੁਦ ਹੀ ਕੋਈ ਰਸਤਾ ਕੱਢ ਲੈਣਗੇ।

image


ਟਰੰਪ ਵ੍ਹਾਈਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸੇ ਦੌਰਾਨ ਇਕ ਪੱਤਰਕਾਰ ਨੇ ਨੋਬਲ ਪੁਰਸਕਾਰ ਲਈ ਟਰੰਪ ਨੂੰ ਨਾਮਜ਼ਦ ਕੀਤੇ ਜਾਣ ਦੇ ਬਾਰੇ ਵਿਚ ਇਕ ਸਵਾਲ ਪੁੱਛਿਆ। ਦਰਅਸਲ, ਨਾਰਵੇ ਦੇ ਇਕ ਸੰਸਦ ਮੈਂਬਰ ਨੇ ਸੰਯੁਕਤ ਅਰਬ ਅਮੀਰਾਤ ਅਤੇ ਇਜ਼ਰਾਈਲ ਵਿਚਾਲੇ ਇਤਿਹਾਸਕ ਸਮਝੌਤੇ ਦੇ ਸੰਦਰਭ ਵਿਚ ਨੋਬਲ ਪੁਰਸਕਾਰ ਲਈ ਟਰੰਪ ਨੂੰ ਨਾਮਜ਼ਦ ਕੀਤਾ ਹੈ। ਇਸ ਸਵਾਲ 'ਤੇ ਟਰੰਪ ਨੇ ਕਿਹਾ, 'ਨੋਬਲ ਲਈ ਨਾਮਜ਼ਦ ਹੋਣਾ ਸਨਮਾਨ ਦੀ ਗੱਲ ਹੈ। ਹੁਣ ਦੇਖਦੇ ਹਾਂ ਕਿ ਕੀ ਹੁੰਦਾ ਹੈ।' ਇਸੇ ਸੰਦਰਭ 'ਚ ਪੱਤਰਕਾਰ ਨੇ ਫਿਰ ਪੁੱਛਿਆ ਕਿ ਕੀ ਤੁਹਾਡੀ ਵਿਦੇਸ਼ ਨੀਤੀ ਚੀਨ ਨੂੰ ਰੋਕ ਪਾਏਗੀ। ਇਸ ਦਾ ਸਿੱਧਾ ਜਵਾਬ ਦੇਣ ਦੀ ਬਜਾਏ ਟਰੰਪ ਭਾਰਤ-ਚੀਨ ਵਿਵਾਦ ਵਿਚ ਮਦਦ ਦੀ ਗੱਲ ਕਰਨ ਲੱਗੇ।

ਉਨ੍ਹਾਂ ਕਿਹਾ, 'ਮੈਂ ਜਾਣਦਾ ਹਾਂ ਕਿ ਚੀਨ ਅਤੇ ਭਾਰਤ ਨੂੰ ਹੁਣ ਮੁਸ਼ਕਲ ਹੋ ਰਹੀ ਹੈ। ਹਾਲਾਂਕਿ, ਉਮੀਦ ਹੈ ਕਿ ਉਹ ਕੋਈ ਰਸਤਾ ਕੱਢ ਲੈਣਗੇ। ਜੇਕਰ ਅਸੀਂ ਕੋਈ ਮਦਦ ਕਰ ਸਕਦੇ ਹਾਂ ਤਾਂ ਅਸੀਂ ਮਦਦ ਕਰਨਾ ਪਸੰਦ ਕਰਾਂਗੇ।' ਟਰੰਪ ਨੇ ਫਲੋਰੀਡਾ ਦੀ ਚੋਣ ਰੈਲੀ ਵਿਚ ਕਿਹਾ ਸੀ ਕਿ ਅਮਰੀਕਾ ਅੰਤਹੀਣ ਵਿਦੇਸ਼ੀ ਜੰਗਾਂ ਤੋਂ ਦੂਰ ਰਹੇਗਾ। ਸਾਡੀਆਂ ਫ਼ੌਜੀ ਟੁਕੜੀਆਂ ਘਰ ਪਰਤ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਮਰੀਕੀ ਲੋਕਾਂ ਲਈ ਖ਼ਤਰਾ ਬਣ ਚੁੱਕੇ ਅਤਿਵਾਦੀਆਂ 'ਤੇ ਅਸੀਂ ਹਮਲੇ ਕਰਦੇ ਰਹਾਂਗੇ।