ਵਿਰੋਧ ਦੇ ਬਾਵਜੂਦ ਨਹੀਂ ਬਦਲਿਆ ਗਿਆ ਅਮਰੀਕਾ ਦੇ 'ਸਵਾਸਤਿਕ' ਪਿੰਡ ਦਾ ਨਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਿਰੋਧ ਦੇ ਬਾਵਜੂਦ ਨਹੀਂ ਬਦਲਿਆ ਗਿਆ ਅਮਰੀਕਾ ਦੇ 'ਸਵਾਸਤਿਕ' ਪਿੰਡ ਦਾ ਨਾਂ

image

ਵਾਸ਼ਿੰਗਟਨ , 25 ਸਤੰਬਰ : ਅਮਰੀਕਾ ਦੇ ਨਿਊਯਾਰਕ ਵਿਚ 'ਸਵਾਸਤਿਕ' ਨਾਂ ਦਾ ਇਕ ਪਿੰਡ ਹੈ। ਵਿਰੋਧ ਦੇ ਬਾਵਜੂਦ ਇਸ ਦੀ ਪਰੀਸ਼ਦ ਨੇ ਨਾਂ ਨਾ ਬਦਲਣ ਦੇ ਸਮਰਥਨ ਵਿਚ ਸਰਬ ਸੰਮਤੀ ਨਾਲ ਫ਼ੈਸਲਾ ਕੀਤਾ ਹੈ। 'ਸਵਸਤਿਕ' ਹਿੰਦੂ ਸੰਸਕ੍ਰਿਤੀ ਵਿਚ ਮੰਗਲ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਹਰੇਕ ਸ਼ੁੱਭ ਕੰਮ ਤੋਂ ਪਹਿਲਾਂ ਇਸ ਦੀ ਪੂਜਾ ਕੀਤੀ ਜਾਂਦੀ ਹੈ ਪਰ ਅਮਰੀਕਾ ਵਿਚ ਲੋਕ ਇਸ ਨੂੰ ਨਾਜ਼ੀ ਸ਼ਾਸਨ ਦੀ ਹਿੰਸਾ ਅਤੇ ਅਸਹਿਣਸ਼ੀਲਤਾ ਨਾਲ ਵੀ ਜੋੜ ਕੇ ਦੇਖਦੇ ਹਨ। ਇਸੇ ਕਾਰਨ ਪਿੰਡ ਦੇ ਨਾਂ ਸਬੰਧੀ ਵਿਵਾਦ ਖੜ੍ਹਾ ਹੋ ਗਿਆ ਸੀ।


'ਸਵਾਸਤਿਕ' ਚਿੰਨ੍ਹ ਵਿਚ ਇਕ-ਦੂਜੇ ਨੂੰ ਕੱਟਦੀਆਂ ਹੋਈਆਂ ਦੋ ਸਿੱਧੀਆਂ ਲਾਈਨਾਂ ਹੁੰਦੀਆਂ ਹਨ, ਜੋ ਅੱਗੇ ਚੱਲ ਕੇ ਮੁੜ ਜਾਂਦੀਆਂ ਹਨ। ਇਸ ਦੇ ਬਾਅਦ, ਇਹ ਲਾਈਨਾਂ ਅਪਣੇ ਸਿਖਰਾਂ 'ਤੇ ਥੋੜ੍ਹੀਆਂ ਹੋਰ ਅੱਗੇ ਵਲ ਮੁੜੀਆਂ ਹੁੰਦੀਆਂ ਹਨ। ਨਿਊਯਾਰਕ ਦੇ ਬਲੈਕ ਬਰੂਕ ਟਾਊਨ ਦੇ ਤਹਿਤ ਆਉਣ ਵਾਲੇ ਇਸ ਸ਼ਹਿਰ ਨੂੰ ਇਕ ਸਦੀ ਤੋਂ ਵੀ ਵੱਧ ਸਮੇਂ ਤੋਂ ਸਵਾਸਤਿਕ ਨਾਂ ਨਾਲ ਜਾਣਿਆ ਜਾਂਦਾ ਹੈ ਪਰ ਨਿਊਯਾਰਕ ਸ਼ਹਿਰ ਤੋਂ ਆਏ ਨਵੇਂ ਯਾਤਰੀ ਮਾਇਕਲ ਅਲਕਾਮੋ ਨੇ ਕਿਹਾ ਕਿ ਇਹ ਨਾਂ ਨੇੜੇ ਸਥਿਤ ਦੂਜੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੀਆਂ ਕਬਰਾਂ ਦਾ ਅਪਮਾਨ ਹੈ, ਜਿਸ ਦੇ ਬਾਅਦ ਪਿੰਡ ਦੀ ਪਰੀਸ਼ਦ ਦੇ ਮੈਂਬਰਾਂ ਨੇ ਨਾਂ ਬਦਲਣ ਸਬੰਧੀ ਵੋਟਿੰਗ ਕਰਨ 'ਤੇ ਵਿਚਾਰ ਕੀਤਾ।

image


ਪਰੀਸ਼ਦ ਦੇ ਮੈਂਬਰਾਂ ਨੇ 14 ਸਤੰਬਰ ਨੂੰ ਬੈਠਕ ਕੀਤੀ ਅਤੇ ਨਾਂ ਨਾ ਬਦਲਣ ਦਾ ਸਰਬ ਸੰਮਤੀ ਨਾਲ ਫ਼ੈਸਲਾ ਲਿਆ। ਬਲੈਕ ਬਰੂਕ ਨੇ ਸੁਪਰਵਾਈਜ਼ਰ ਜੌਨ ਡਗਲਸ ਨੇ ਵੀਰਵਾਰ ਨੂੰ ਇਕ ਈ-ਮੇਲ ਲਿਖੀ,''ਸਾਨੂੰ ਅਫਸੋਸ ਹੈ ਕਿ ਸਾਡੇ ਭਾਈਚਾਰੇ ਦੇ ਇਤਿਹਾਸ ਬਾਰੇ ਨਾ ਜਾਣਨ ਵਾਲੇ ਇਲਾਕੇ ਦੇ ਬਾਹਰ ਦੇ ਲੋਕਾਂ ਨੂੰ ਸ਼ਹਿਰ ਦਾ ਨਾਂ ਦੇਖ ਕੇ ਅਪਮਾਨਜਕ ਮਹਿਸੂਸ ਹੋਇਆ।'' ਉਹਨਾਂ ਕਿਹਾ,''ਇਹ ਨਾਂ ਸਾਡੇ ਵਡੇਰਿਆਂ ਨੇ ਰਖਿਆ ਸੀ।'' ਕਈ ਲੋਕ ਇਸ ਚਿੰਨ੍ਹ ਨੂੰ 1930 ਦੇ ਦਹਾਕੇ ਦੇ ਬਾਅਦ ਤੋਂ ਤਾਨਾਸ਼ਾਹ ਅਡੋਲਫ ਹਿਟਲਰ ਅਤੇ ਉਸ ਦੀ ਨਾਜ਼ੀ ਪਾਰਟੀ ਨਾਲ ਜੋੜ ਕੇ ਦੇਖਦੇ ਹਨ ਪਰ ਇਸ ਦਾ ਇਤਿਹਾਸ ਇਸ ਨਾਲੋਂ ਕਿਤੇ ਜ਼ਿਆਦਾ ਪੁਰਾਣਾ ਹੈ।  (ਪੀਟੀਆਈ)


ਇਸ ਸ਼ਹਿਰ ਦਾ ਨਾਂ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਸਵਸਤਿਕ 'ਤੇ ਰਖਿਆ ਗਿਆ ਹੈ, ਜਿਸ ਦਾ ਮਤਲਬ ਕਲਿਆਣ ਹੁੰਦਾ ਹੈ। ਡਗਲਸ ਨੇ ਕਿਹਾ,''ਇਲਾਕੇ ਵਿਚ ਕੁਝ ਅਜਿਹੇ ਵੀ ਵਸਨੀਕ ਹਨ ਜੋ ਦੂਜੇ ਵਿਸ਼ਵ ਯੁੱਧ ਵਿਚ ਲੜੇ ਸਨ ਪਰ ਉਹਨਾਂ ਨੇ ਸਿਰਫ਼ ਇਸ ਲਈ ਨਾਂ ਬਦਲਣ ਤੋਂ ਇਨਕਾਰ ਕਰ ਦਿਤਾ ਕਿਉਂਕਿ ਹਿਟਲਰ ਨੇ ਸਵਸਤਿਕ ਦੇ ਅਰਥ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ।'' (ਪੀਟੀਆਈ)