ਕਰਮਨ ਕੌਰ ਥਾਂਦੀ ਬਣੀ ਭਾਰਤ ਦੀ ਨੰ.1 ਸਿੰਗਲਜ਼ ਵੂਮੈਨ ਟੈਨਿਸ ਖਿਡਾਰਨ
ਕਰਮਨ ਕੌਰ ਦੀ ਕੈਨੇਡਾ 'ਚ ਸ਼ਾਨਦਾਰ ਜਿੱਤ, ਬਣੀ ਭਾਰਤ ਦੀ ਨੰ.1 ਸਿੰਗਲਜ਼ ਵੂਮੈਨ ਟੈਨਿਸ ਖਿਡਾਰਨ
ਸਗੁਏਨੇ (ਕੈਨੇਡਾ) - ਐਤਵਾਰ ਦੇ ਦਿਨ ਕੈਨੇਡਾ ਦੇ ਸਗੁਏਨੇ ਵਿੱਚ ਡਬਲਯੂ60 ਆਈਟੀਐਫ ਈਵੈਂਟ ਵਿੱਚ ਹਾਲ ਹੀ ਵਿੱਚ ਦਰਜ ਕੀਤੀ ਜਿੱਤ ਤੋਂ ਬਾਅਦ, ਕਰਮਨ ਕੌਰ ਥਾਂਦੀ ਹੁਣ ਭਾਰਤ ਦੀ ਨੰਬਰ 1 ਮਹਿਲਾ ਸਿੰਗਲਜ਼ ਟੈਨਿਸ ਖਿਡਾਰਨ ਬਣ ਗਈ ਹੈ।
ਉਸ ਨੇ ਅੰਕਿਤਾ ਰੈਨਾ ਦੀ ਥਾਂ ਲਈ ਹੈ। ਇਹ ਜਿੱਤ ਕਰਮਨ ਕੌਰ ਥਾਂਦੀ ਦੇ ਕਰੀਅਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸਿੰਗਲ ਖ਼ਿਤਾਬੀ ਜਿੱਤ ਹੈ। ਓਲੰਪਿਕਸ ਡਾਟ ਕਾਮ ਅਨੁਸਾਰ ਮਹਿਲਾ ਟੈਨਿਸ ਐਸੋਸੀਏਸ਼ਨ (ਡਬਲਯੂ.ਟੀ.ਏ.) ਦੀ ਤਾਜ਼ਾ ਰੈਂਕਿੰਗ ਵਿੱਚ 91 ਸਥਾਨਾਂ ਦੇ ਵਾਧੇ ਨਾਲ ਉਹ 217ਵੇਂ ਸਥਾਨ 'ਤੇ ਪਹੁੰਚ ਗਈ ਹੈ।
13 ਸਥਾਨ ਹੇਠਾਂ ਖਿਸਕਣ ਤੋਂ ਬਾਅਦ ਓਲੰਪੀਅਨ ਅੰਕਿਤਾ ਹੁਣ 297ਵੇਂ ਸਥਾਨ 'ਤੇ ਹੈ। ਰੁਤੁਜਾ ਭੋਸਲੇ ਨੌਂ ਸਥਾਨ ਹੇਠਾਂ ਆ ਕੇ 411ਵੇਂ ਸਥਾਨ 'ਤੇ, ਰੀਆ ਭਾਟੀਆ ਪੰਜ ਸਥਾਨ ਹੇਠਾਂ ਖਿਸਕ ਕੇ ਵਿਸ਼ਵ 490ਵੇਂ ਸਥਾਨ 'ਤੇ ਅਤੇ ਸਹਾਜਾ ਯਮਲਾਪੱਲੀ 20 ਸਥਾਨ ਹੇਠਾਂ 508ਵੇਂ ਸਥਾਨ 'ਤੇ ਹਨ, ਜੋ ਕਿ ਭਾਰਤ ਦੀਆਂ ਚੋਟੀ ਦੀਆਂ ਪੰਜ ਮਹਿਲਾ ਸਿੰਗਲ ਖਿਡਾਰਨਾਂ ਹਨ।
ਕਰਮਨ ਨੇ 2018 ਵਿੱਚ ਆਪਣੇ ਕਰੀਅਰ ਦੀ ਸਰਵੋਤਮ 196 ਰੈਂਕਿੰਗ ਹਾਸਿਲ ਕੀਤੀ। ਸਗੁਏਨੇ ਵਿੱਚ ਜਿੱਤ ਕਰਮਨ ਦਾ ਤੀਜਾ ਸਿੰਗਲ ਖ਼ਿਤਾਬ ਹੈ ਅਤੇ ਇਸ ਸਾਲ ਦੂਜਾ। ਉਸ ਨੇ ਜੂਨ ਵਿੱਚ ਗੁਰੂਗ੍ਰਾਮ ਵਿੱਚ ਇੱਕ ਡਬਲਯੂ25 ਟੂਰਨਾਮੈਂਟ ਜਿੱਤਿਆ ਸੀ। ਕਰਮਨ ਨੇ ਆਪਣਾ ਪਹਿਲਾ ਸਿੰਗਲ ਖ਼ਿਤਾਬ 2018 ਵਿੱਚ ਹਾਂਗਕਾਂਗ ਵਿੱਚ ਜਿੱਤਿਆ ਸੀ।
ਕੈਨੇਡਾ ਦੀ ਕੈਥਰੀਨ ਸੇਬੋਵ ਖ਼ਿਲਾਫ਼ ਫ਼ਾਈਨਲ ਮੈਚ ਵਿੱਚ ਕਰਮਨ ਕੌਰ ਨੇ ਇੱਕ ਸੈੱਟ ਤੋਂ ਪਿੱਛੇ ਰਹਿ ਕੇ 3-6, 6-4, 6-3 ਨਾਲ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਟੂਰਨਾਮੈਂਟ ਵਿੱਚ ਕਰਮਨ ਨੇ ਪਹਿਲੇ ਦੌਰ ਵਿੱਚ ਦੂਜਾ ਦਰਜਾ ਪ੍ਰਾਪਤ ਰੌਬਿਨ ਐਂਡਰਸਨ (ਅਮਰੀਕਾ) ਅਤੇ ਦੂਜੇ ਦੌਰ ਵਿੱਚ ਫ਼ਰੈਂਚ ਓਪਨ 2022 ਮਿਕਸਡ ਡਬਲ ਚੈਂਪੀਅਨ ਜਾਪਾਨ ਦੀ ਏਨਾ ਸ਼ਿਬਾਹਾਰਾ ਨੂੰ ਹਰਾ ਕੇ ਖੇਡ ਜਗਤ 'ਚ ਹਲਚਲ ਪੈਦਾ ਕਰ ਦਿੱਤੀ ਸੀ।
ਸਾਲ 2022 ਕਰਮਨ ਲਈ ਸ਼ਾਨਦਾਰ ਰਿਹਾ, ਜਿਸ ਦਾ ਫ਼ਰਵਰੀ 'ਚ ਰੈਂਕ 400 ਦੇ ਰੈਂਕ ਤੋਂ ਅੱਗੇ ਸੀ। ਪਿਛਲੇ ਮਹੀਨੇ, ਕਰਮਨ ਨੇ ਡਬਲਯੂਟੀਏ ਚੇਨਈ ਓਪਨ 2022 ਦੇ ਸ਼ੁਰੂਆਤੀ ਦੌਰ ਵਿੱਚ ਫ਼ਰਾਂਸ ਦੀ ਕਲੋਏ ਪਾਕਟ, ਉਸ ਸਮੇਂ ਦੀ ਵਿਸ਼ਵ ਦੀ 109ਵੇਂ ਨੰਬਰ ਦੀ ਖਿਡਾਰਨ ਨੂੰ ਆਪਣੀ ਖੇਡ ਕਾਰਗ਼ੁਜ਼ਾਰੀ ਨਾਲ ਹੈਰਾਨ ਕਰ ਦਿੱਤਾ ਸੀ ਅਤੇ ਦੂਜੇ ਦੌਰ ਵਿੱਚ ਸਾਬਕਾ ਵਿੰਬਲਡਨ ਫਾਈਨਲਿਸਟ ਯੂਜੇਨੀ ਬਾਊਚਰਡ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਕੇ ਪ੍ਰਸ਼ੰਸਾ ਖੱਟੀ ਸੀ।