ਰਿਸ਼ੀ ਸੁਨਕ ਬਣੇ ਬ੍ਰਿਟੇਨ ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ
28 ਅਕਤੂਬਰ ਨੂੰ ਚੁੱਕਣਗੇ ਅਹੁਦੇ ਦੀ ਸਹੁੰ
ਬ੍ਰਿਟੇਨ : ਰਿਸ਼ੀ ਸੁਨਕ ਬ੍ਰਿਟੇਨ ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਬਣ ਗਏ ਹਨ। ਬ੍ਰਿਟਿਸ਼ ਸੰਸਦ ਨੇ ਰਿਸ਼ੀ ਸੁਨਕ ਨੂੰ ਅਗਲਾ ਪ੍ਰਧਾਨ ਮੰਤਰੀ ਐਲਾਨ ਦਿੱਤਾ ਹੈ। ਦੱਸ ਦੇਈਏ ਕਿ ਰਿਸ਼ੀ ਸੁੰਕ ਹੁਣ 28 ਅਕਤੂਬਰ ਨੂੰ ਅਹੁਦੇ ਦੀ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਪੈਨੀ ਮੋਰਡੋਂਟ, ਸਾਬਕਾ ਪੀ.ਐੱਮ. ਬੋਰਿਸ ਜਾਨਸਨ ਅਤੇ ਰਿਸ਼ੀ ਸੁਨਕ ਦੇ ਨਾਂ ਸਭ ਤੋਂ ਅੱਗੇ ਸਨ ਪਰ ਬੋਰਿਸ ਜਾਨਸਨ ਦੇ ਪਿੱਛੇ ਹਟਣ ਤੋਂ ਬਾਅਦ ਇਨ੍ਹਾਂ ਦੋ ਵਿਚਾਲੇ ਮੁਕਾਬਲਾ ਸੀ
। ਅੰਤ ਵਿਚ ਪੈਨੀ ਮੋਰਡੌਂਟ ਵੀ ਪਿੱਛੇ ਹਟ ਗਿਆ ਅਤੇ ਸੁਨਕ ਦਾ ਰਸਤਾ ਸਾਫ਼ ਹੋ ਗਿਆ। ਦੱਸ ਦੇਈਏ ਕਿ ਰਿਸ਼ੀ ਸੁਨਕ ਨੂੰ 150 ਤੋਂ ਵੱਧ ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਹੋਇਆ ਜਦਕਿ ਪੈਨੀ ਮੋਰਡੌਂਟ ਨੂੰ ਸਿਰਫ਼ 25 ਸੰਸਦ ਮੈਂਬਰਾਂ ਦਾ ਸਮਰਥਨ ਸੀ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਬ੍ਰਿਟੇਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਮੁਬਾਰਕਬਾਦ ਦਿਤੀ।
ਉਨ੍ਹਾਂ ਕਿਹਾ ਕਿ ਜਿਵੇਂ ਹੀ ਤੁਸੀਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਦੇ ਹੋ, ਮੈਂ ਵਿਸ਼ਵ ਮੁੱਦਿਆਂ 'ਤੇ ਇਕੱਠੇ ਕੰਮ ਕਰਨ ਅਤੇ ਰੋਡਮੈਪ 2030 ਨੂੰ ਲਾਗੂ ਕਰਨ ਦੀ ਉਮੀਦ ਕਰ ਰਿਹਾ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਬ੍ਰਿਟੇਨ 'ਚ ਰਹਿ ਰਹੇ ਭਾਰਤੀ ਲੋਕਾਂ ਨੂੰ ਵੀ ਦਿਵਾਲੀ ਦੀ ਵਧਾਈ ਦਿੱਤੀ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਰਿਸ਼ੀ ਸੁਨਕ ਨੂੰ ਵਧਾਈਆਂ ਦਿਤੀਆਂ। ਉਨ੍ਹਾਂ ਕਿਹਾ ਕਿ ਦੀਵਾਲੀ ਦੀ ਰਾਤ ਮਿਲੀ ਇਸ ਖ਼ਬਰ ਨੇ ਦੀਵਾਲੀ ਦੀ ਖੁਸ਼ੀ ਅਤੇ ਰੌਣਕ ਨੂੰ ਹੋਰ ਵਾਧਾ ਦਿੱਤਾ ਹੈ। ਮੇਰੇ ਅਤੇ ਪੂਰੇ ਪੰਜਾਬ ਵੱਲੋਂ ਰਿਸ਼ੀ ਸੁਨਕ ਨੂੰ UK ਦੇ ਪ੍ਰਧਾਨ ਮੰਤਰੀ ਵਜੋਂ ਚੁਣੇ ਜਾਣ 'ਤੇ ਮੁਬਾਰਕਾਂ। ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਹੁਣ ਰਿਸ਼ੀ ਸੁਨਕ ਦੀ ਅਗਵਾਈ ਵਿੱਚ UK ਅਤੇ ਪੰਜਾਬ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ।