Canada News: ਟਰੂਡੋ ਨੂੰ ਉਨ੍ਹਾਂ ਦੇ ਅਪਣੇ ਐਮਪੀਜ਼ ਨੇ ਦਿਤਾ 28 ਅਕਤੂਬਰ ਤਕ ਅਸਤੀਫ਼ਾ ਦੇਣ ਦਾ ਅਲਟੀਮੇਟਮ

ਏਜੰਸੀ

ਖ਼ਬਰਾਂ, ਕੌਮਾਂਤਰੀ

Canada News:ਇੰਨਾ ਹੀ ਨਹੀਂ ਲਿਬਰਲ ਪਾਰਟੀ ਦੇ ਸੰਸਦ ਮੈਂਬਰਾਂ ਨੇ ਇਸ ਬਾਰੇ ਫ਼ੈਸਲਾ ਲੈਣ ਲਈ ਟਰੂਡੋ ਲਈ 28 ਅਕਤੂਬਰ ਦੀ ਸਮਾਂ ਸੀਮਾ ਤੈਅ ਕੀਤੀ ਹੈ

Trudeau was given an ultimatum by his own MPs to resign by October 28

 

Canada News:  ਭਾਰਤ ਨਾਲ ਚਲ ਰਹੇ ਕੂਟਨੀਤਕ ਵਿਵਾਦ ਦਰਮਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਪਣੇ ਹੀ ਘਰ ਵਿਚ ਘਿਰੇ ਹੋਏ ਹਨ। ਦਰਅਸਲ, ਟਰੂਡੋ ਦੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਚੌਥੇ ਕਾਰਜਕਾਲ ਲਈ ਚੋਣ ਨਾ ਲੜਨ ਅਤੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਕਿਹਾ ਹੈ।

ਇੰਨਾ ਹੀ ਨਹੀਂ ਲਿਬਰਲ ਪਾਰਟੀ ਦੇ ਸੰਸਦ ਮੈਂਬਰਾਂ ਨੇ ਇਸ ਬਾਰੇ ਫ਼ੈਸਲਾ ਲੈਣ ਲਈ ਟਰੂਡੋ ਲਈ 28 ਅਕਤੂਬਰ ਦੀ ਸਮਾਂ ਸੀਮਾ ਤੈਅ ਕੀਤੀ ਹੈ। ਕੁੱਝ ਸੰਸਦ ਮੈਂਬਰਾਂ ਨੇ ਇਥੋਂ ਤਕ ਕਿਹਾ ਕਿ ਜੇ ਟਰੂਡੋ ਨੇ 28 ਅਕਤੂਬਰ ਤਕ ਅਹੁਦਾ ਛੱਡਣ ਦਾ ਫ਼ੈਸਲਾ ਨਾ ਕੀਤਾ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।

ਕੈਨੇਡਾ ਵਿਚ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਪਾਰਟੀ ਦੀ ਲੋਕਪ੍ਰਿਅਤਾ ਵਿਚ ਭਾਰੀ ਗਿਰਾਵਟ ਆਈ ਹੈ। ਇਹੀ ਕਾਰਨ ਹੈ ਕਿ ਟਰੂਡੋ ’ਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ।

ਹਾਲ ਹੀ ਵਿਚ ਜਸਟਿਨ ਟਰੂਡੋ ਨੇ ਅਪਣੀ ਪਾਰਟੀ ਦੇ ਆਗੂਆਂ ਨਾਲ ਮੀਟਿੰਗ ਵੀ ਕੀਤੀ। ਇਸ ਮੁਲਾਕਾਤ ਤੋਂ ਬਾਅਦ ਟਰੂਡੋ ਨੇ ਕਿਹਾ ਸੀ ਕਿ ਲਿਬਰਲ ਪਾਰਟੀ ਮਜ਼ਬੂਤ ਅਤੇ ਇਕਜੁੱਟ ਹੈ ਪਰ ਪਾਰਟੀ ਦੇ 20 ਸੰਸਦ ਮੈਂਬਰਾਂ ਨੇ ਵਖਰੀ ਕਹਾਣੀ ਦੱਸੀ।

ਦਰਅਸਲ 20 ਸੰਸਦ ਮੈਂਬਰਾਂ ਨੇ ਇਕ ਪੱਤਰ ਲਿਖ ਕੇ ਟਰੂਡੋ ਤੋਂ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਮੰਗ ਕੀਤੀ ਹੈ। ਇਨ੍ਹਾਂ ਸੰਸਦ ਮੈਂਬਰਾਂ ਨੇ ਅਗਲੀਆਂ ਚੋਣਾਂ ਤੋਂ ਪਹਿਲਾਂ ਟਰੂਡੋ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।